ਟੀ-20 ਵਿਸ਼ਵ ਕੱਪ ਦੇ 28ਵੇਂ ਮੈਚ ‘ਚ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਬੁਰੀ ਤਰ੍ਹਾਂ ਨਾਲ ਹਰਾਇਆ। ਦੱਸਣਯੋਗ ਹੈ ਕਿ ਟੀਮ ਇੰਡੀਆ ਵਰਲਡ ਕੱਪ ਵਿੱਚ ਲਗਾਤਾਰ ਦੂਸਰਾ ਮੈਚ ਹਾਰ ਗਈ ਹੈ, ਇਸ ਹਿਸਾਬ ਨਾਲ ਉਸ ਦਾ ਸੈਮੀਫਾਈਨਲ ਵਿੱਚ ਪਹੁੰਚਣਾ ਮੁਸ਼ਕਲ ਲੱਗ ਰਿਹਾ ਹੈ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਅਤੇ 20 ਓਵਰਾਂ ਵਿੱਚ 110/7 ਦਾ ਸਕੋਰ ਹੀ ਬਣਾ ਸਕੀ।
ਰਵਿੰਦਰ ਜਡੇਜਾ ਨੇ ਨਾਬਾਦ 26 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕੀਵੀ ਟੀਮ ਲਈ ਟ੍ਰੇਂਟ ਬੋਲਟ ਦੇ ਖਾਤੇ ‘ਚ 3 ਵਿਕਟਾਂ ਆਈਆਂ। ਨਿਊਜ਼ੀਲੈਂਡ ਨੇ 111 ਦੌੜਾਂ ਦੇ ਟੀਚੇ ਨੂੰ 14.3 ਓਵਰਾਂ ਦੀ ਖੇਡ ‘ਚ 2 ਵਿਕਟਾਂ ਦੇ ਨੁਕਸਾਨ ‘ਤੇ ਆਸਾਨੀ ਨਾਲ ਹਾਸਲ ਕਰ ਲਿਆ।
ਟਾਰਗੇਟ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਚੌਥੇ ਓਵਰ ‘ਚ ਜਸਪ੍ਰੀਤ ਬੁਮਰਾਹ ਨੇ ਮਾਰਟਿਨ ਗੁਪਟਿਲ ਨੂੰ 20 ਦੌੜਾਂ ‘ਤੇ ਆਊਟ ਕਰਕੇ ਟੀਮ ਨੂੰ ਪਹਿਲੀ ਸਫਲਤਾ ਦਿਵਾਈ। ਹਾਲਾਂਕਿ ਇਸ ਤੋਂ ਬਾਅਦ ਡੈਰੇਲ ਮਿਸ਼ੇਲ ਅਤੇ ਕੇਨ ਵਿਲੀਅਮਸਨ ਨੇ ਭਾਰਤ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ ਅਤੇ ਦੂਜੇ ਵਿਕਟ ਲਈ 54 ਗੇਂਦਾਂ ਵਿੱਚ 72 ਦੌੜਾਂ ਜੋੜੀਆਂ। ਮਿਚੇਲ 49 ਦਾ ਵਿਕਟ ਵੀ ਬੁਮਰਾਹ ਨੇ ਲਿਆ।
ਹੁਣ ਟੀਮ ਇੰਡੀਆ ਨੂੰ ਆਉਣ ਵਾਲੇ ਤਿੰਨ ਮੈਚ ਜਿੱਤਣੇ ਹੋਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਦੇ 6 ਅੰਕ ਹੋ ਜਾਣਗੇ। ਇਸ ਸਥਿਤੀ ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਲਈ ਭਾਰਤ ਨੂੰ ਦੂਜੀਆਂ ਟੀਮਾਂ ਦੇ ਮੈਚਾਂ, ਖਾਸ ਕਰਕੇ ਨਿਊਜ਼ੀਲੈਂਡ-ਅਫਗਾਨਿਸਤਾਨ ਮੈਚ ਦੇ ਨਤੀਜਿਆਂ ‘ਤੇ ਨਿਰਭਰ ਕਰਨਾ ਹੋਵੇਗਾ।
ਭਾਰਤ ਨੂੰ ਦੁਆ ਕਰਨੀ ਪਵੇਗੀ ਕਿ ਅਫਗਾਨਿਸਤਾਨ ਦੀ ਟੀਮ ਵੀ ਨਿਊਜ਼ੀਲੈਂਡ ਨੂੰ ਹਰਾਏ ਪਰ ਭਾਰਤ ਤੋਂ ਹਾਰ ਜਾਵੇ। ਭਾਰਤ ਫਿਰ ਨਾਮੀਬੀਆ ਅਤੇ ਸਕਾਟਲੈਂਡ ਦੇ ਖਿਲਾਫ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਆਪਣਾ ਨੇਟ ਰਨ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਦੋਵਾਂ ਨਾਲੋਂ ਬਿਹਤਰ ਬਣਾ ਲਏ। ਇਸ ਸਥਿਤੀ ਵਿੱਚ ਭਾਰਤੀ ਟੀਮ ਨਿਊਜ਼ੀਲੈਂਡ ਤੋਂ ਹਾਰ ਕੇ ਵੀ ਸੈਮੀਫਾਈਨਲ ਵਿੱਚ ਪਹੁੰਚ ਸਕਦੀ ਹੈ।
ਭਾਰਤ ਲਈ ਚੰਗੀ ਗੱਲ ਇਹ ਹੈ ਕਿ ਉਸ ਦੇ ਆਖਰੀ ਦੋ ਮੈਚ ਸਕਾਟਲੈਂਡ (5 ਨਵੰਬਰ) ਅਤੇ ਨਾਮੀਬੀਆ (8 ਨਵੰਬਰ) ਨਾਲ ਹਨ। ਦੋਵਾਂ ਟੀਮਾਂ ਨੂੰ ਕਮਜ਼ੋਰ ਮੰਨਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਖਿਲਾਫ ਵੱਡੀ ਜਿੱਤ ਨਾਲ ਭਾਰਤ ਨੈੱਟ ਰਨ ਰੇਟ ਦੇ ਮਾਮਲੇ ‘ਚ ਅੱਗੇ ਵਧ ਸਕਦਾ ਹੈ।