ਆਪਣੀ ਇੱਛਾ ਮੁਤਾਬਿਕ ਮੌਤ ਕਬੂਲਣ ਦਾ ਕਾਨੂੰਨ ਬੀਤੀ ਕੱਲ੍ਹ ਤੋੰ ਨਿਊਜ਼ੀਲੈਂਡ ਭਰ ‘ਚ ਲਾਗੂ ਹੋਣ ਤੋੰ ਬਾਅਦ Kapiti Coast ਨਾਲ ਸੰਬੰਧਿਤ ਸਟੀਵ ਸਮਿਥ ਇਸ ਕਾਨੂੰਨ ਦੀ ਵਰਤੋੰ ਕਰਕੇ ਮੌਤ ਨੂੰ ਚੁਨਣ ਵਾਲਾ ਨਿਊਜ਼ੀਲੈਂਡ ਦਾ ਪਹਿਲਾ ਵਿਅਕਤੀ ਬਣੇਗਾ ।Kapiti Coast ਇਲਾਕੇ ‘ਚ ਰਹਿਣ ਵਾਲਾ 66 ਸਾਲਾ ਸਟੀਵ ਸਮਿਥ ਪਿਛਲੇ ਲੰਬੇ ਸਮੇੰ ਤੋੰ ਇਕ ਲਾਇਲਾਜ ਬਿਮਾਰੀ ਤੋੰ ਪੀੜਤ ਹੈ ।ਸਟੀਵ ਸਮਿਥ ਵੱਲੋੰ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਮਿਲ ਕੇ ਲਏ ਗਏ ਫੈਸਲੇ ਦੇ ਤਹਿਤ ਉਹ ਜਲਦੀ ਹੀ ਇੱਛਾ ਮੁਤਾਬਿਕ ਮੌਤ ਕਬੂਲ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਆਖੇਗਾ।ਇਸ ਸੰਬੰਧ ਦੇ ਵਿੱਚ ਫਿਲਹਾਲ ਪਰਿਵਾਰ ਵੱਲੋੰ ਸੰਬੰਧਿਤ ਮਹਿਕਮੇ ਨਾਲ ਸੰਪਰਕ ਕਰਕੇ ਕਾਗਜ਼ੀ ਕਾਰਾਵਾਈ ਆਰੰਭ ਕਰ ਦਿੱਤੀ ਗਈ ਹੈ ।
ਜਿਕਰਯੋਗ ਹੈ ਕਿ ਸਾਲ 2019 ‘ਚ ਪਾਰਲੀਮੈੰਟ ‘ਚ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਹਰੀ ਝੰਡੀ ਦਿੱਤੀ ਗਈ ਸੀ ।ਉਸ ਤੋੰ ਬਾਅਦ ਰੈਫਰੈੰਡਮ ਰਾਹੀੰ ਪਿਛਲੇ ਸਾਲ ਦੇਸ਼ ਦੇ 65 ਫੀਸਦੀ ਲੋਕਾਂ ਨੇ ਵੀ ਵੋਟ ਕਰਕੇ ਇਸ ਕਾਨੂੰਨ ਨੂੰ ਲਾਗੂ ਕਰਨ ਸੰਬੰਧੀ ਹਾਮੀ ਭਰੀ ਸੀ ।
ਜਾਣਕਾਰੀ ਮੁਤਾਬਿਕ ਨਿਊਜ਼ੀਲੈਂਡ ਭਰ ‘ਚ ਸੈੰਕੜੇ ਅਜਿਹੇ ਲੋਕ ਹਨ ਜੋਕਿ ਪਿਛਲੇ ਲੰਬੇ ਸਮੇੰ ਤੋੰ ਲਾਇਲਾਜ ਬਿਮਾਰੀਆਂ ਤੋੰ ਪੀੜਤ ਹਨ ਤੇ ਇੱਛਾ ਮੁਤਾਬਿਕ ਮੌਤ ਚੁਣਨ ਵਰਗੇ ਕਾਨੂੰਨ ਨੂੰ ਨਿਊਜ਼ੀਲੈਂਡ ‘ਚ ਲਾਗੂ ਕਰਨ ਦੀ ਮੰਗ ਕਰ ਰਹੇ ਸਨ।ਜਾਣਕਾਰੀ ਮੁਤਾਬਿਕ ਸਟੀਵ ਸਮਿਥ ਤੋੰ ਬਾਅਦ ਜਲਦੀ ਹੀ ਹੋਰ ਲੋਕ ਵੀ ਆਪਣੀ ਇੱਛਾ ਮੁਤਾਬਿਕ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਲਈ ਸਾਹਮਣੇ ਆ ਸਕਦੇ ਹਨ ।