ਤਾਜ਼ਾ ਰਿਪੋਰਟ ਨੇ ਨੈੱਟਵਰਕ ਵਿੱਚ 80 ਸੋਸ਼ਲ ਮੀਡੀਆ ਖਾਤਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਹੁਣ ਬੰਦ ਕਰਵਾ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਜਾਅਲੀ ਸਨ।
ਲੋਕਾਂ ‘ਤੇ ਪ੍ਰਭਾਵ ਪਾਉਣ ਲਈ ਹਿੰਦੂ ਰਾਸ਼ਟਰਵਾਦ ਅਤੇ ਭਾਰਤ-ਪੱਖੀ ਸਰਕਾਰ ਦੇ ਬਿਰਤਾਂਤ ਨੂੰ ਉਤਸ਼ਾਹਿਤ ਕਰਨ ਲਈ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਖਾਤਿਆਂ ਦੀ ਵਰਤੋਂ ਕੀਤੀ ਗਈ ਹੈ।
ਰਿਪੋਰਟ ਦੇ ਲੇਖਕ ਬੈਂਜਾਮਿਨ ਸਟ੍ਰਿਕ ਅਨੁਸਾਰ ਨੈੱਟਵਰਕ ਦਾ ਉਦੇਸ਼ “ਸਿੱਖ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਕਦਰਾਂ-ਕੀਮਤਾਂ ਦੇ ਆਲੇ ਦੁਆਲੇ ਮਹੱਤਵਪੂਰਨ ਮੁੱਦਿਆਂ ‘ਤੇ ਧਾਰਨਾਵਾਂ ਨੂੰ ਬਦਲਣਾ” ਪ੍ਰਤੀਤ ਹੁੰਦਾ ਹੈ।
ਇਸ ਨੈੱਟਵਰਕ ਨੂੰ ਸਿੱਧੇ ਤੌਰ ‘ਤੇ ਭਾਰਤ ਸਰਕਾਰ ਨਾਲ ਜੋੜਨ ਦਾ ਕੋਈ ਸਬੂਤ ਮੌਜੂਦ ਨਹੀਂ ਹੈ।
“ਸੌਕ ਪਪੇਟ”
ਨੈੱਟਵਰਕ ਨੇ ਇਨ੍ਹਾਂ ਲਈ ਅਖੌਤੀ “ਸੌਕ ਪਪੇਟ” (ਆਪਣੇ ਨਿੱਜੀ ਉਦੇਸ਼ਾਂ ਦੀ ਪੂਰਤੀ ਕਰਨ ਲਈ ਸੋਸ਼ਲ ਮੀਡੀਆ ‘ਤੇ ਬਣਾਏ ਜਾਅਲੀ ਖਾਤੇ) ਖਾਤਿਆਂ ਦੀ ਵਰਤੋਂ ਕੀਤੀ, ਜੋ ਕਿ ਆਟੋਮੇਟਿਡ “ਬੋਟਸ” ਦੀ ਬਜਾਏ ਵਿਅਕਤੀਆਂ ਦੇ ਰੂਪ ਵਿੱਚ ਅਸਲ ਲੋਕਾਂ ਵੱਲੋਂ ਕੰਟਰੋਲ ਕੀਤੇ ਗਏ ਜਾਅਲੀ ਖਾਤੇ ਹਨ।
ਜਾਅਲੀ ਪ੍ਰੋਫਾਈਲਾਂ ਵਿੱਚ ਸਿੱਖ ਨਾਮ ਦੀ ਵਰਤੋਂ ਕੀਤੀ ਗਈ ਅਤੇ “ਅਸਲੀ ਸਿੱਖ” ਹੋਣ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਨੇ ਹੈਸ਼ਟੈਗ’ਸ #RealSikh ਨੂੰ ਸਮਰਥਨ ਦੇਣ ਲਈ ਅਤੇ #FakeSikh ਨੂੰ ਬਦਨਾਮ ਕਰਨ ਲਈ ਵੱਖੋ-ਵੱਖਰੇ ਸਿਆਸੀ ਦ੍ਰਿਸ਼ਟੀਕੋਣਾਂ ਨੂੰ ਅਪਣਾਇਆ ਹੈ।
ਗੈਰ-ਲਾਭਕਾਰੀ ਸੰਸਥਾ ਸੈਂਟਰ ਫਾਰ ਇਨਫਰਮੇਸ਼ਨ ਰੈਜ਼ੀਲੈਂਸ (ਸੀਆਈਆਰ) ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਨੈੱਟਵਰਕ ਦੇ ਕਈ ਖਾਤਿਆਂ ਨੇ ਕਈ ਪਲੈਟਫਾਰਮਾਂ ਵਿੱਚ ਇੱਕੋ ਜਿਹੇ ਫਰਜ਼ੀ ਪ੍ਰੋਫਾਈਲਾਂ ਦੀ ਵਰਤੋਂ ਕੀਤੀ ਹੈ। ਇਨ੍ਹਾਂ ਖਾਤਿਆਂ ਨੇ ਇੱਕੋ ਜਿਹੇ ਨਾਂ, ਪ੍ਰੋਫਾਈਲ ਫੋਟੋਆਂ ਅਤੇ ਕਵਰ ਫੋਟੋਆਂ ਸਾਂਝੀਆਂ ਕੀਤੀਆਂ ਅਤੇ ਇੱਕੋ ਜਿਹੀਆਂ ਪੋਸਟਾਂ ਸ਼ੇਅਰ ਕੀਤੀਆਂ ਹਨ।
ਜ਼ਿਆਦਾਤਰ ਖਾਤਿਆਂ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੀਆਂ ਅਭਿਨੇਤਰੀਆਂ ਸਮੇਤ ਮਸ਼ਹੂਰ ਹਸਤੀਆਂ ਦੀਆਂ ਪ੍ਰੋਫਾਈਲ ਫੋਟੋਆਂ ਦੀ ਵਰਤੋਂ ਕੀਤੀ ਗਈ ਹੈ।
ਮਸ਼ਹੂਰ ਹਸਤੀਆਂ ਦੀ ਤਸਵੀਰਾਂ ਦੀ ਦੁਰਵਰਤੋਂ
ਕਿਸੇ ਮਸ਼ਹੂਰ ਹਸਤੀ ਦੀ ਪ੍ਰੋਫਾਈਲ ਫੋਟੋ ਦੀ ਵਰਤੋਂ ਕਰਨਾ ਆਪਣੇ ਆਪ ਵਿੱਚ ਇਹ ਸਾਬਤ ਨਹੀਂ ਕਰਦਾ ਕਿ ਇਹ ਖਾਤਾ ਜਾਅਲੀ ਹੈ।
ਹਾਲਾਂਕਿ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਿਲਦੇ-ਜੁਲਦੇ ਮੈਸੇਜ, ਅਕਸਰ ਵਰਤੇ ਜਾਂਦੇ ਹੈਸ਼ਟੈਗ, ਸਮਾਨ ਬਿਰਤਾਂਤ ਅਤੇ ਫਾਲੋਅਰ ਪੈਟਰਨ ਨਾਲ ਮਿਲ ਕੇ ਤਸਵੀਰਾਂ ਇਸ ਗੱਲ ਦੇ ਸਬੂਤ ਹਨ ਕਿ ਇਹ ਖਾਤੇ ਅਸਲੀ ਨਹੀਂ ਹਨ।
ਉਨ੍ਹਾਂ ਅੱਠ ਮਸ਼ਹੂਰ ਹਸਤੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਨੂੰ ਇਸ ਸਬੰਧੀ ਆਪਣੀ ਟਿੱਪਣੀ ਕਰਨ ਦੀ ਬੇਨਤੀ ਕੀਤੀ ਗਈ।
ਇਨ੍ਹਾਂ ਵਿੱਚੋਂ ਇੱਕ ਨੇ ਇਹ ਪੁਸ਼ਟੀ ਕਰਨ ਲਈ ਆਪਣੇ ਪ੍ਰਬੰਧਕ ਸਟਾਫ਼ ਰਾਹੀਂ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਤਸਵੀਰ ਨੂੰ ਇਸ ਤਰੀਕੇ ਨਾਲ ਵਰਤਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਇਸ ਸਬੰਧੀ ਕਾਰਵਾਈ ਕਰਨਗੇ।
ਇੱਕ ਹੋਰ ਸੈਲੀਬ੍ਰਿਟੀ ਦੇ ਪ੍ਰਬੰਧਕੀ ਸਟਾਫ਼ ਨੇ ਕਿਹਾ ਕਿ ਉਨ੍ਹਾਂ ਦੇ ਅਜਿਹੇ ਹਜ਼ਾਰਾਂ ਫਰਜ਼ੀ ਖਾਤੇ ਬਣਾਏ ਹੋਏ ਹਨ ਅਤੇ ਉਹ ਇਸ ਬਾਰੇ ਬਹੁਤਾ ਕੁਝ ਕਰ ਨਹੀਂ ਸਕਦੇ।
ਸਿਆਸੀ ਮਕਸਦ
ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਇੱਕ ਸਾਲ ਬਾਅਦ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।
ਇਸ ਹਫ਼ਤੇ ਇੱਕ ਸਾਲ ਪਹਿਲਾਂ ਸ਼ੁਰੂ ਹੋਏ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਦਹਾਕਿਆਂ ਪੁਰਾਣੀ ਖਾਲਿਸਤਾਨ ਦੀ ਆਜ਼ਾਦੀ ਦੀ ਲਹਿਰ, ਦੋ ਅਜਿਹੇ ਵਿਸ਼ੇ ਹਨ ਜਿਨ੍ਹਾਂ ਨੂੰ ਨੈੱਟਵਰਕ ਵੱਲੋਂ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ।
ਰਿਪੋਰਟ ਅਨੁਸਾਰ, ਇਨ੍ਹਾਂ ਜਾਅਲੀ ਖਾਤਿਆਂ ਨੇ ਸਿੱਖ ਆਜ਼ਾਦੀ ਦੀ ਕਿਸੇ ਵੀ ਧਾਰਨਾ ‘ਤੇ ਕੱਟੜਪੰਥ ਦਾ ਲੇਬਲ ਲਾਉਣ ਲਈ ਜ਼ੋਰ ਲਗਾਇਆ ਅਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਜਾਇਜ਼ ਠਹਿਰਾਉਣ ਦਾ ਦਾਅਵਾ ਕੀਤਾ।
ਉਨ੍ਹਾਂ ਰਾਹੀਂ ਇਹ ਵੀ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੂੰ “ਖਾਲਿਸਤਾਨੀ ਅੱਤਵਾਦੀਆਂ” ਨੇ ਹਾਈਜੈਕ ਕਰ ਲਿਆ ਸੀ।
ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਵੀ ਇਹ ਦਾਅਵਾ ਕੀਤਾ ਸੀ ਕਿ ਕਿਸਾਨਾਂ ਦੇ ਵਿਰੋਧ ਵਿੱਚ “ਖਾਲਿਸਤਾਨੀਆਂ ਨੇ ਘੁਸਪੈਠ” ਕਰ ਲਈ ਹੈ।
ਕੁਝ ਖਾਤਿਆਂ ਨੇ ਯੂਕੇ ਅਤੇ ਕੈਨੇਡਾ ਵਿੱਚ ਪਰਵਾਸੀ ਭਾਈਚਾਰਿਆਂ ਨੂੰ ਖਾਲਿਸਤਾਨੀ ਲਹਿਰ ਦੀ ਪੁਸ਼ਤਪਨਾਹੀ ਕਰਦੇ ਦਰਸਾਇਆ ਹੈ।
ਇਨ੍ਹਾਂ ਖਾਤਿਆਂ ਦੇ ਹਜ਼ਾਰਾਂ ਪੈਰੋਕਾਰ ਹਨ। ਨੈੱਟਵਰਕ ਦੀਆਂ ਪੋਸਟਾਂ ਨੂੰ ਇਨ੍ਹਾਂ ਦੇ ਅਸਲ ਪ੍ਰਭਾਵ ਵਿੱਚ ਆਏ ਵਿਅਕਤੀਆਂ ਵੱਲੋਂ ਲਾਈਕ ਅਤੇ ਰੀਟਵੀਟ ਕੀਤਾ ਗਿਆ ਹੈ ਅਤੇ ਇਨ੍ਹਾਂ ਦਾ ਨਿਊਜ਼ ਸਾਈਟਾਂ ‘ਤੇ ਹਵਾਲਾ ਦਿੱਤਾ ਗਿਆ ਹੈ।
ਅਜਿਹੇ ਬਹੁਤ ਸਾਰੇ ਪ੍ਰਭਾਵੀ ਸੰਚਾਲਨ ਅਸਲ ਲੋਕਾਂ ਨੂੰ ਉਨ੍ਹਾਂ ਵੱਲੋਂ ਬਣਾਏ ਗਏ ਜਾਅਲੀ ਖਾਤਿਆਂ ਨਾਲ ਇੰਟਰੈਕਟ ਕਰਨ ਵਿੱਚ ਅਸਫਲ ਰਹਿੰਦੇ ਹਨ।
ਰੂਬਲ ਨਾਗੀ ਜੋ ਟਵਿੱਟਰ ‘ਤੇ ਆਪਣੇ ਆਪ ਨੂੰ ਮਨੁੱਖਤਵਾਦੀ ਅਤੇ ਸਮਾਜ ਸੇਵਕ ਦੱਸਦੀ ਹੈ, ਨੇ ਤਾੜੀਆਂ ਵਜਾਉਂਦੇ ਹੱਥਾਂ ਦੀ ਇਮੋਜੀ ਨਾਲ ਫਰਜ਼ੀ ਅਕਾਊਂਟ ਦੇ ਟਵੀਟਾਂ ਵਿੱਚੋਂ ਇੱਕ ਦਾ ਜਵਾਬ ਦਿੱਤਾ ਸੀ।
ਉਸ ਨੇ ਕਿਹਾ ਕਿ ਉਹ “ਦੁਖੀ ਹੈ ਕਿ ਇਹ ਇੱਕ ਜਾਅਲੀ ਖਾਤਾ ਸੀ।’
ਕਰਨਲ ਰੋਹਿਤ ਦੇਵ ਜੋ ਖ਼ੁਦ ਨੂੰ ਇੱਕ ਭੂ-ਰਾਜਨੀਤਿਕ ਫੌਜੀ ਵਿਸ਼ਲੇਸ਼ਕ ਕਹਿੰਦੇ ਹਨ, ਨੇ ਇਨ੍ਹਾਂ ਖਾਤਿਆਂ ਦੀਆਂ ਪੋਸਟਾਂ ਵਿੱਚੋਂ ਇੱਕ ਦਾ ਜਵਾਬ ਥੰਮਜ਼-ਅੱਪ ਇਮੋਜੀ ਨਾਲ ਦਿੱਤਾ ਸੀ, ਪਰ ਉਨ੍ਹਾਂ ਨੇ ਦੱਸਿਆ ਕਿ ਉਹ ਹੈਂਡਲ ਦੇ ਪਿੱਛੇ ਵਾਲੇ ਵਿਅਕਤੀ ਨੂੰ ਨਹੀਂ ਜਾਣਦੇ ਸਨ।
ਨਿਖਿਲ ਪਾਹਵਾ ਜੋ ਡਿਜੀਟਲ ਅਧਿਕਾਰ ਕਾਰਕੁਨ ਅਤੇ ਤਕਨਾਲੋਜੀ ਨੀਤੀ ਵੈੱਬਸਾਈਟ ‘ਮੀਡੀਆਨਾਮਾ’ ਦੇ ਸੰਪਾਦਕ ਹਨ, ਦਾ ਕਹਿਣਾ ਹੈ ਕਿ ਇਹ ਪ੍ਰਭਾਵ ਪਾਉਣ ਵਾਲੇ ਨੈੱਟਵਰਕ ਇੱਕ ਖਾਸ ਦ੍ਰਿਸ਼ਟੀਕੋਣ ਵਾਲੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਸੋਸ਼ਲ ਮੀਡੀਆ ਪਲੇਟਫਾਰਮਜ਼ ਦਾ ਪ੍ਰਤੀਕਰਮ
ਉਸ ਨੇ ਕਿਹਾ, ‘ਇਹ 80 ਖਾਤੇ ਜ਼ਰੂਰੀ ਤੌਰ ‘ਤੇ ਕੁਝ ਰੁਝਾਨ ਨਹੀਂ ਬਣਾਉਣਗੇ, ਪਰ ਇਕਸਾਰ ਪੋਸਟਿੰਗ ਨਾਲ, ਇਹ ਕਿਸੇ ਦ੍ਰਿਸ਼ਟੀਕੋਣ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ।’
“ਇਹ ਇੱਕ ਸੋਚੀ ਸਮਝੀ ਪਹੁੰਚ ਅਤੇ ਇੱਕ ਵੱਡੇ ਓਪਰੇਸ਼ਨ ਦਾ ਹਿੱਸਾ ਜਾਪਦੀ ਹੈ।”
ਇਨ੍ਹਾਂ ਜਾਅਲੀ ਖਾਤਿਆਂ ‘ਤੇ ਬਹੁਤ ਘੱਟ ਸਮੱਗਰੀ ਪੰਜਾਬੀ ਵਿੱਚ ਹੁੰਦੀ ਹੈ ਜਦੋਂਕਿ ਭਾਰਤ ਵਿੱਚ ਸਿੱਖਾਂ ਦੀ ਸਭ ਤੋਂ ਵੱਡੀ ਭਾਸ਼ਾ ਪੰਜਾਬੀ ਹੈ। ਬਾਕੀ ਲਗਭਗ ਸਾਰੀ ਸਮੱਗਰੀ ਅੰਗਰੇਜ਼ੀ ਵਿੱਚ ਹੀ ਹੁੰਦੀ ਹੈ।
ਪਾਹਵਾ ਦੱਸਦੇ ਹਨ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਇਰਦ-ਗਿਰਦ ਹਰ ਪਾਸਿਓਂ ਸਿਆਸੀ ਸਰਗਰਮੀ ਹੋ ਰਹੀ ਸੀ, ਲੋਕ ਉਨ੍ਹਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
“ਰਾਜਨੀਤਿਕ ਬਿਰਤਾਂਤ ਦੀ ਜੰਗ ਜਿੱਤਣ ਲਈ ਇਹ ਸਭ ਖੇਡ ਦਾ ਹਿੱਸਾ ਹੈ।”
ਇਸ ਰਿਪੋਰਟ ‘ਤੇ ਟਿੱਪਣੀ ਕਰਨ ਦੀ ਬੇਨਤੀ ਕਰਦਿਆਂ ਇਸ ਨੂੰ ਟਵਿੱਟਰ ਅਤੇ ਮੈਟਾ ਨਾਲ ਸਾਂਝਾ ਕੀਤਾ – ਜੋ ਕੰਪਨੀ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਹੈ।
ਟਵਿੱਟਰ ਨੇ “ਪਲੈਟਫਾਰਮ ਹੇਰਾਫੇਰੀ” ਅਤੇ ਜਾਅਲੀ ਖਾਤਿਆਂ ਨੂੰ ਰੋਕਣ ਵਾਲੇ ਆਪਣੇ ਨਿਯਮਾਂ ਦੀ ਉਲੰਘਣਾ ਕਰਨ ਲਈ ਇਨ੍ਹਾਂ ਖਾਤਿਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਟਵਿੱਟਰ ਦੇ ਇੱਕ ਬੁਲਾਰੇ ਨੇ ਕਿਹਾ: “ਇਸ ਸਮੇਂ ਵਿਆਪਕ ਤਾਲਮੇਲ, ਇੱਕ ਵਿਅਕਤੀ ਵੱਲੋਂ ਇੱਕ ਤੋਂ ਵੱਧ ਖਾਤਿਆਂ ਦੀ ਵਰਤੋਂ, ਜਾਂ ਹੋਰ ਪਲੈਟਫਾਰਮ ਹੇਰਾਫੇਰੀ ਦੀਆਂ ਸਾਜ਼ਿਸ਼ਾਂ ਦਾ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੈ।”
ਮੈਟਾ ਨੇ ਆਪਣੀਆਂ “ਅਪ੍ਰਮਾਣਿਕ ਵਿਵਹਾਰ” ਨੀਤੀਆਂ ਦੀ ਉਲੰਘਣਾ ਕਰਨ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਇਨ੍ਹਾਂ ਖਾਤਿਆਂ ਨੂੰ ਹਟਾ ਦਿੱਤਾ ਹੈ।
ਇੱਕ ਮੈਟਾ ਬੁਲਾਰੇ ਨੇ ਕਿਹਾ ਕਿ ਖਾਤਿਆਂ ਨੇ “ਲੋਕਾਂ ਨੂੰ ਉਨ੍ਹਾਂ ਦੀ ਸਮੱਗਰੀ ਦੇ ਮੂਲ ਅਤੇ ਹਰਮਨਪਿਆਰਤਾ ਬਾਰੇ ਗੁੰਮਰਾਹ ਕੀਤਾ ਹੈ ਅਤੇ ਜਾਅਲੀ ਖਾਤਿਆਂ ਦੀ ਵਰਤੋਂ ਲੋਕਾਂ ਨੂੰ ਸਪੈਮ ਕਰਨ ਅਤੇ ਸਾਡੇ ਲਾਗੂ ਕਰਨ ਦੇ ਨਿਯਮਾਂ ਤੋਂ ਬਚਣ ਲਈ ਜਾਅਲੀ ਖਾਤਿਆਂ ਦੀ ਵਰਤੋਂ ਕੀਤੀ ਹੈ।’
ਬੀਬੀਸੀ ਰਿਐਲਿਟੀ ਚੈੱਕ ਅਤੇ ਬੀਬੀਸੀ ਮੌਨੀਟਰਿੰਗ