ਕੋਵਿਡ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਨੇ ਪਿਛਲੇ 14 ਦਿਨਾਂ ਦੌਰਾਨ ਦੱਖਣੀ ਅਫਰੀਕਾ ਦੇ ਸੱਤ ਦੇਸ਼ਾਂ ਤੋਂ ਹੋ ਕੇ ਆਉਣ ਵਾਲੇ ਲੋਕਾਂ ਦੀ ਐਂਟਰੀ ‘ਤੇ ਰੋਕ ਲਾ ਦਿੱਤੀ ਹੈ।
ਉਨ੍ਹਾਂ ਲੋਕਾਂ ਨੂੰ ਕਈ ਨਵੇਂ ਟੈਸਟਾਂ ਅਤੇ ਕੁਆਰੰਟੀਨ ਦੇ ਦੌਰ ‘ਚੋਂ ਲੰਘਣਾ ਪਏਗਾ, ਜੋ ਪਿਛਲੇ ਦੋ ਹਫ਼ਤਿਆਂ ਵਿੱਚ ਦੱਖਣੀ ਅਫ਼ਰੀਕਾ, ਮੋਜ਼ਾਮਬੀਕ, ਨਾਮੀਬੀਆ, ਜ਼ਿੰਬਾਬਵੇ, ਬੋਤਸਵਾਨਾ, ਲੇਸੋਥੋ ਅਤੇ ਈਸਵਾਤੀਨੀ ਗਏ ਸਨ।
ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਕੈਨੇਡੀਅਨਾਂ ਨੂੰ ਵਾਪਸੀ ਦੀ ਯਾਤਰਾ ਦੇ ਆਖਰੀ ਪੜਾਅ ਤੋਂ ਪਹਿਲਾਂ ਇੱਕ ਨੈਗੇਟਿਵ ਪੀਸੀਆਰ ਕੋਵਿਡ-19 ਟੈਸਟ ਕਰਵਾਉਣਾ ਪਏਗਾ।
ਦੱਸ ਦੇਈਏ ਕਿ ਇਨ੍ਹਾਂ ਦੇਸ਼ਾਂ ਵਿੱਚ ਕੈਨੇਡਾ ਲਈ ਕੋਈ ਸਿੱਧੀਆਂ ਉਡਾਣਾਂ ਨਹੀਂ ਹਨ, ਫਿਰ ਕੈਨੇਡਾ ਪਹੁੰਚਣ ‘ਤੇ ਟੈਸਟ ਕੀਤਾ ਜਾਵੇਗਾ ਅਤੇ ਜਦੋਂ ਤੱਕ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ ਉਨ੍ਹਾਂ ਨੂੰ ਹੋਟਲ ਵਿੱਚ ਕੁਆਰੰਟੀਨ ਲਈ ਭੇਜਿਆ ਜਾਵੇਗਾ।