ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਵਿੱਚ ਲੋਕ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਹਨ l ਇਸ ਦਾ ਵੱਡਾ ਕਾਰਨ ਘਰਾਂ ਦਾ ਮਹਿੰਗਾ ਹੋਣਾ ਹੈ ਜਿਨ੍ਹਾਂ ਨੂੰ ਖਰੀਦਣਾ ਨਵੀਂ ਪੀੜ੍ਹੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ l
ਸਰਕਾਰ ਦਾ ਆਪਣਾ ਮਹਿਕਮਾ ਵੀ ਕਿਰਾਏ ਦੇ ਘਰ ਲੋਕਾਂ ਨੂੰ ਕਿਰਾਏ ਤੇ ਦਿੰਦਾ ਹੈ ਜੋ ਕਿ ਰਹਿਣ ਵਾਲੇ ਲਈ ਪ੍ਰਾਈਵੇਟ ਘਰਾਂ ਨਾਲੋਂ ਕਾਫੀ ਸਸਤੇ ਕਿਰਾਏ ਤੇ ਮਿਲਦੇ ਹਨ ਪਰ ਸਰਕਾਰ ਕੋਲ ਇਸ ਵਾਸਤੇ ਕਾਫੀ ਲੰਬੀ ਸੂਚੀ ਹੁੰਦੀ ਹੈ l ਲੋਕਾਂ ਨੂੰ ਕਈ ਕਈ ਸਾਲ ਉਹ ਘਰ ਕਿਰਾਏ ਤੇ ਨਹੀਂ ਮਿਲਦੇ l ਸਰਕਾਰ ਦੀਆਂ ਬਹੁਤ ਸਾਰੀਆਂ ਸ਼ਰਤਾਂ ਹਨ ਜੋ ਕਿਰਾਏ ਤੇ ਘਰ ਲੈਣ ਵਾਲੇ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਹਨ l ਉਸ ਵਿੱਚੋਂ ਇੱਕ ਦੋ ਸ਼ਰਤਾਂ ਵੀ ਪੂਰੀਆਂ ਨਾ ਹੋਣ ਤਾਂ ਘਰ ਕਿਰਾਏ ਤੇ ਨਹੀਂ ਮਿਲਦਾ l ਜਿਸ ਦੇ ਸਿੱਟੇ ਵਜੋਂ ਲੋਕ ਪ੍ਰਾਈਵੇਟ ਇਨਵੈਸਟਰਾਂ ਦੇ ਘਰਾਂ ਵਿੱਚ ਕਿਰਾਏ ਤੇ ਰਹਿੰਦੇ ਹਨ l
ਪ੍ਰਾਈਵੇਟ ਘਰ ਕਿਰਾਏ ਤੇ ਦੇਣਾ ਨਿਊਜ਼ੀਲੈਂਡ ਵਿੱਚ ਇੱਕ ਕਾਰੋਬਾਰ ਹੈ l ਕਿਸੇ ਵੀ ਕਾਰੋਬਾਰ ਦਾ ਮਕਸਦ ਪੈਸੇ ਬਣਾਉਣਾ ਹੁੰਦਾ ਹੈ l ਜਦੋਂ ਵੀ ਉਸ ਕਾਰੋਬਾਰ ਵਿੱਚ ਪੈਸੇ ਬਚਣਾ ਬੰਦ ਹੋ ਜਾਣ ਤਾਂ ਕਾਰੋਬਾਰੀ ਉਹ ਕਾਰੋਬਾਰ ਛੱਡ ਕੇ ਕੋਈ ਹੋਰ ਕਾਰੋਬਾਰ ਖੋਲ੍ਹ ਲੈਂਦੇ ਹਨ l
ਪਿਛਲੇ ਕੁੱਝ ਸਾਲਾਂ ਦੌਰਾਨ ਨਿਊਜ਼ੀਲੈਂਡ ਸਰਕਾਰ ਦੁਆਰਾ ਕਿਰਾਏ ਦੇ ਘਰਾਂ ਦੀਆਂ ਪਾਲਸੀਆਂ ਵਿੱਚ ਕਾਫੀ ਬਦਲਾਅ ਕੀਤੇ ਗਏ ਜਿਨ੍ਹਾਂ ਦੀ ਮੁੱਖ ਵਜ੍ਹਾ ਇਹ ਦੱਸੀ ਗਈ ਕਿ ਘਰਾਂ ਦੇ ਇਨਵੈਸਟਰਾਂ ਵਲੋਂ ਘਰ ਵੱਡੀ ਗਿਣਤੀ ਵਿੱਚ ਖਰੀਦਣ ਕਾਰਨ ਪਹਿਲਾ ਘਰ ਖਰੀਦਣ ਵਾਲਿਆਂ ਨੂੰ ਘਰ ਖਰੀਦਣਾ ਮਹਿੰਗਾ ਪੈਂਦਾ ਹੈ l ਸਰਕਾਰ ਦਾ ਮੰਨਣਾ ਹੈ ਕਿ ਜੇਕਰ ਇਨਵੈਸਟਰ ਘਰ ਨਹੀਂ ਖਰੀਦਣਗੇ ਜਾਂ ਘੱਟ ਖਰੀਦਣਗੇ ਤਾਂ ਉਨ੍ਹਾਂ ਦੀਆਂ ਕੀਮਤਾਂ ਘਟਣਗੀਆਂ ਅਤੇ ਜਿਸ ਨਾਲ ਕਿਰਾਇਆ ਵੀ ਸਸਤਾ ਹੋਵੇਗਾ ਪਰ ਹੋ ਇਸ ਦੇ ਉਲਟ ਰਿਹਾ ਹੈ l ਘਰਾਂ ਦੀਆਂ ਕੀਮਤਾਂ ਵੀ ਲਗਾਤਾਰ ਵਧਦੀਆਂ ਰਹੀਆਂ ਹਨ ਅਤੇ ਕਿਰਾਏ ਵੀ ਲਗਾਤਾਰ ਵਧੇ ਹਨ l
ਔਕਲੈਂਡ ਦੇ ਸਸਤੇ ਕਸਬਿਆਂ ਵਿੱਚ ਵੀ $500 ਪ੍ਰਤੀ ਹਫਤਾ ਤੋਂ ਵੱਧ ਘਰ ਕਿਰਾਏ ਤੇ ਮਿਲਦੇ ਹਨ l ਮੈਨੂੰ ਲਗਦਾ ਹੈ ਕਿ ਸਰਕਾਰ ਦੀਆਂ ਬਦਲੀਆਂ ਹੋਈਆਂ ਪਾਲਸੀਆਂ ਕਾਰਨ ਆਉਣ ਵਾਲੇ ਦੋ ਸਾਲਾਂ ਵਿੱਚ ਘਰਾਂ ਦਾ ਕਿਰਾਇਆ ਘੱਟੋ ਘੱਟ $100 ਪ੍ਰਤੀ ਹਫਤਾ ਵਧ ਜਾਵੇਗਾ l ਇਸ ਤਰਾਂ ਜੇਕਰ ਪਤੀ ਪਤਨੀ ਦੋਵੇਂ ਕੰਮ ਕਰਦੇ ਹਨ ਤਾਂ ਇੱਕ ਜਣੇ ਦੀ ਤਨਖਾਹ ਸਿਰਫ ਕਿਰਾਇਆ ਦੇਣ ਵਿੱਚ ਹੀ ਖਤਮ ਹੋ ਜਾਂਦੀ ਹੈ l ਬਾਕੀ ਇੱਕ ਜਣੇ ਦੀ ਤਨਖਾਹ ਵਿੱਚੋਂ ਘਰ ਦਾ ਖਰਚਾ, ਬੱਚਿਆਂ ਦਾ ਖਰਚਾ ਜਾਂ ਹੋਰ ਖਰਚੇ ਚਲਾਉਣੇ ਔਖੇ ਹੋ ਜਾਂਦੇ ਹਨ l ਜੇਕਰ ਉਸ ਪਰਿਵਾਰ ਦਾ ਘਰ ਖਰੀਦਣ ਦਾ ਸੁਪਨਾ ਹੋਵੇ ਤਾਂ ਉਸ ਦੀ ਕਿਰਾਇਆ ਦੇਣ ਤੋਂ ਬਾਦ ਪ੍ਰਤੀ ਹਫਤਾ ਬੱਚਤ ਬਹੁਤ ਘੱਟ ਰਹਿ ਜਾਂਦੀ ਹੈ ਭਾਵ ਉਨ੍ਹਾਂ ਨੂੰ ਲੰਬਾ ਸਮਾਂ ਕਿਰਾਏ ਤੇ ਹੀ ਰਹਿਣਾ ਪਵੇਗਾ l
ਇਸ ਵਧੇ ਹੋਏ ਕਿਰਾਏ ਕਾਰਨ ਉਨ੍ਹਾਂ ਲੋਕਾਂ ਦਾ ਰਹਿਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਜੋ ਵਿਦੇਸ਼ਾਂ ਵਿੱਚੋਂ ਆਏ ਹੁੰਦੇ ਹਨ l ਉਨ੍ਹਾਂ ਇਥੇ ਪੱਕੇ ਹੋਣ ਲਈ ਵੀ ਉਪਰਾਲੇ ਕਰਨੇ ਹੁੰਦੇ ਹਨ ਜਿਨ੍ਹਾਂ ਤੇ ਕਾਫੀ ਖਰਚਾ ਹੁੰਦਾ ਹੈ ਜਿਸ ਵਿੱਚ ਵਕੀਲ ਦੀ ਫੀਸ ਅਤੇ ਇਮੀਗ੍ਰੇਸ਼ਨ ਮਹਿਕਮੇ ਦੀਆਂ ਫੀਸਾਂ ਸ਼ਾਮਲ ਹੁੰਦੀਆਂ ਹਨ l ਇਸ ਦੇ ਨਾਲ ਨਾਲ ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਆਪਣੀ ਅਤੇ ਉਨ੍ਹਾਂ ਦੀ ਚੰਗੀ ਜਿੰਦਗੀ ਲਈ ਭੇਜਿਆ ਹੁੰਦਾ ਹੈ l ਉਨ੍ਹਾਂ ਨੂੰ ਵੀ ਆਸਾਂ ਹੁੰਦੀਆਂ ਹਨ ਕਿ ਸਾਡੇ ਬੱਚੇ ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਜਾ ਕੇ ਸਾਡੇ ਬਾਰੇ ਵੀ ਸੋਚਣ ਕਿਉਂਕਿ ਉਹ ਭਾਰਤ ਬੈਠੇ ਤਾਂ ਨਿਊਜ਼ੀਲੈਂਡ ਨੂੰ ਸਵਰਗ ਹੀ ਸਮਝਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਸਵਰਗ ਵਿੱਚ ਰਹਿਣ ਦਾ ਤਾਂ ਕਿਰਾਇਆ ਹੀ ਬਹੁਤ ਹੈ l ਜਦੋਂ ਕਿਰਾਇਆ ਨਾ ਦੇ ਹੋਵੇ ਤਾਂ ਸਵਰਗ ਵਿੱਚ ਸਿਰ ਤੇ ਛੱਤ ਵੀ ਨਹੀਂ ਰਹੇਗੀ l
ਇਹ ਦਰਦ ਦੂਸਰੇ ਦੇਸ਼ ਵਿੱਚ ਹੁੰਦਿਆਂ ਦਿਖਾਈ ਨਹੀਂ ਦਿੰਦਾ ਜਾਂ ਬਹੁਤ ਘੱਟ ਦਿਖਾਈ ਦਿੰਦਾ ਹੈ ਪਰ ਜਦੋਂ ਹਕੀਕਤ ਨਾਲ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਵਰਗ ਦੀ ਅਸਲੀਅਤ ਸਾਹਮਣੇ ਆਉਂਦੀ ਹੈ l
ਇਸ ਨੂੰ ਲੈ ਕੇ ਲੋਕ ਮਾਨਸਿਕ ਰੋਗਾਂ ਦਾ ਸ਼ਿਕਾਰ ਹੁੰਦੇ ਹਨ ਅਤੇ ਘਰਾਂ ਵਿੱਚ ਲੜਾਈਆਂ ਹੁੰਦੀਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ l ਲੜਾਈ ਤਾਂ ਹੋਵੇਗੀ ਹੀ ਜਦੋਂ ਦੋਨੋਂ ਸਰੀਰ ਸਾਰਾ ਹਫਤਾ ਕੰਮ ਵਿੱਚ ਨੱਠੇ ਭੱਜੇ ਰਹਿੰਦੇ ਹਨ ਅਤੇ ਅਖੀਰ ਵਿੱਚ ਖਰਚੇ ਕੱਢ ਕੇ ਪੱਲੇ ਬਹੁਤ ਘੱਟ ਪੈਂਦਾ ਹੈ lਜਦੋਂ ਇਸ ਜੋੜੇ ਦੇ ਘਰ ਕੋਈ ਬੱਚਾ ਹੁੰਦਾ ਹੈ ਤਾਂ ਉਸ ਨੂੰ ਸਾਂਭਣ ਵਾਸਤੇ ਜਾਂ ਇੱਕ ਜਣੇ ਨੂੰ ਘਰ ਰਹਿਣਾ ਪਵੇਗਾ ਅਤੇ ਜਾਂ ਬੱਚਾ ਪੈਸੇ ਦੇ ਕੇ ਦੇਖ ਭਾਲ ਲਈ ਕਿਸੇ ਹੋਰ ਕੋਲ ਛੱਡਣਾ ਪਵੇਗਾ l ਦੂਸਰੀ ਧਿਰ ਸਾਰਾ ਦਿਨ ਬੱਚੇ ਨੂੰ ਕਿਵੇਂ ਦੇਖਦੀ ਹੈ? ਇਸ ਦਾ ਵੀ ਪਤਾ ਨਹੀਂ ਚੱਲਦਾ l ਬੱਚਾ ਆਪ ਬੋਲ ਕੇ ਦੱਸਣਯੋਗ ਨਹੀਂ ਹੁੰਦਾ l
ਇਸ ਤੋਂ ਅੱਗੇ ਉਨ੍ਹਾਂ ਲੋਕਾਂ ਦਾ ਪੱਖ ਆਉਂਦਾ ਹੈ ਜੋ ਘਰਾਂ ਨੂੰ ਕਿਰਾਏ ਤੇ ਦਿੰਦੇ ਹਨ l ਉਹ ਕਹਿੰਦੇ ਹਨ ਕਿ ਸਰਕਾਰ ਦੀਆਂ ਪਾਲਸੀਆਂ ਬਦਲਣ ਕਾਰਨ ਸਾਡਾ ਟੈਕਸ ਵਧ ਗਿਆ ਹੈ, ਘਰਾਂ ਦੀ ਮੁਰੰਮਤ ਦਾ ਖਰਚਾ ਵਧ ਗਿਆ ਹੈ ਅਤੇ ਕਰੋਨਾ ਦੀ ਵਜ੍ਹਾ ਕਰਕੇ ਲੌਕ ਡੌਨ ਦੀ ਵਜ੍ਹਾ ਨਾਲ ਘਰਾਂ ਵਿੱਚ ਵਰਤਣ ਵਾਲਾ ਬਿਲਡਿੰਗ ਦਾ ਸਮਾਨ ਮਹਿੰਗਾ ਮਿਲਦਾ ਹੈ ਜਿਸ ਨਾਲ ਸਾਡੇ ਖਰਚੇ ਵਧੇ ਹਨ l ਉਨ੍ਹਾਂ ਦਾ ਕਹਿਣਾ ਹੈ ਕਿ ਇਕੱਲਾ ਕਿਰਾਏ ਦਾ ਖਰਚਾ ਨਹੀਂ ਵਧਿਆ ਬਾਕੀ ਸਭ ਚੀਜ਼ਾਂ ਦੀ ਕੀਮਤ ਮਾਰਕੀਟ ਵਿੱਚ ਮਹਿੰਗਾਈ ਵਧਣ ਨਾਲ ਵਧੀ ਹੈ l ਇਸ ਕਰਕੇ ਕਿਰਾਇਆ ਵੀ ਉਸ ਦੇ ਨਾਲ ਹੀ ਵਧਣਾ ਹੈ l ਉਦਾਹਰਣ ਦੇ ਤੌਰ ਤੇ ਭਾਰਤ ਤੋਂ ਇੱਕ ਕੰਟੇਨਰ ਮੰਗਵਾਉਣ ਦਾ ਖਰਚਾ ਪਹਿਲਾਂ ਦੋ ਹਜ਼ਾਰ ਡਾਲਰ ਦੇ ਕਰੀਬ ਹੁੰਦਾ ਸੀ ਅਤੇ ਹੁਣ ਅੱਠ ਹਜ਼ਾਰ ਤੋਂ ਵੀ ਵਧ ਗਿਆ ਹੈ l ਇਸ ਦਾ ਭਾਵ ਕੰਟੇਨਰ ਵਿੱਚ ਆਉਣ ਵਾਲੀਆਂ ਸਭ ਚੀਜ਼ਾਂ ਵੀ ਮਹਿੰਗੀਆਂ ਮਿਲਣਗੀਆਂ l ਇਸੇ ਤਰਾਂ ਬਾਕੀ ਦੇਸ਼ਾਂ ਵਿੱਚੋਂ ਆਉਣ ਵਾਲਾ ਸਮਾਨ ਲੌਕ ਡੌਨ ਦੀ ਵਜ੍ਹਾ ਕਾਰਨ ਮਹਿੰਗਾ ਮਿਲਦਾ ਹੈ ਜਾਂ ਦੇਰ ਨਾਲ ਮਿਲਦਾ ਹੈ l
ਇਸ ਵਧੀ ਹੋਈ ਮਹਿੰਗਾਈ ਦੀ ਵਜ੍ਹਾ ਜਾਂ ਕਾਰਨ ਕੁੱਝ ਵੀ ਹੋਣ ਇਨ੍ਹਾਂ ਦਾ ਹੱਲ ਕਰਨਾ ਸਰਕਾਰ ਦਾ ਫਰਜ਼ ਬਣਦਾ ਹੈ l ਸਰਕਾਰ ਕੋਈ ਵੀ ਪਾਲਿਸੀ ਬਣਾ ਸਕਦੀ ਹੈ ਜਾਂ ਬਦਲ ਸਕਦੀ ਹੈ ਜਿਸ ਨਾਲ ਲੋਕਾਂ ਦਾ ਜੀਵਨ ਬੇਹਤਰ ਬਣ ਸਕੇ l ਇਸ ਵਾਸਤੇ ਸਰਕਾਰ ਨੂੰ ਯੋਗ ਉਪਰਾਲੇ ਕਰਨ ਦੀ ਲੋੜ ਹੈ l
-ਆਪਣੇ ਤਜਰਬੇ ਦੇ ਅਧਾਰ ਤੇ -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ)