ਧਾਨ ਮੰਤਰੀ ਸਕਾਟ ਮੌਰੀਸਨ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਰਾਸ਼ਟਰੀ ਸੁਰੱਖਿਆ ਕਮੇਟੀ (ਐੱਨ. ਐੱਸ. ਸੀ.) ਦੀ ਸਲਾਹ ‘ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਆਰਜ਼ੀ ਪਰਿਵਾਰਕ ਵੀਜ਼ਾਧਾਰਕਾਂ ਲਈ 1 ਦਸੰਬਰ ਤੋਂ 15 ਦਸੰਬਰ ਤੱਕ ਸਰਹੱਦੀ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਯੋਜਨਾ ਫਿਲਹਾਲ ਟਾਲ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਜਨਾ ਅਨੁਸਾਰ 1 ਦਸੰਬਰ ਨੂੰ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਨਹੀਂ ਖੋਲ੍ਹੀਆਂ ਜਾਣਗੀਆਂ। ਉਨ੍ਹਾਂ ਇਸ ਫੈਸਲੇ ਨੂੰ ਜ਼ਰੂਰੀ ਅਤੇ ਅਸਥਾਈ ਕਰਾਰ ਦਿੱਤਾ ਹੈ।
ਆਸਟ੍ਰੇਲੀਆ ਸਰਕਾਰ ਨੇ ਕੋਵਿਡ -19 ਦੇ ਓਮਿਕਰੋਨ ਵੇਰੀਐਂਟ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਦੇਸ਼ ਦੀਆਂ ਸਰਹੱਦਾਂ ਨੂੰ ਮੁੜ ਖੋਲ੍ਹਣ ਵਿੱਚ ਦੇਰੀ ਕੀਤੀ ਹੈ। ਇਸ ਵੇਰੀਐਂਟ ਦਾ ਪਤਾ ਲੱਗਣ ਤੋਂ ਬਾਅਦ ਕਈ ਦੇਸ਼ਾਂ ਨੇ ਐਮਰਜੈਂਸੀ ਦੇ ਤੌਰ ‘ਤੇ ਅਫਰੀਕੀ ਦੇਸ਼ਾਂ ਦੀਆਂ ਫਲਾਈਟਾਂ ‘ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਕਾਰਨ ਦੁਨੀਆ ਭਰ ‘ਚ ਯਾਤਰਾ ‘ਤੇ ਰੋਕ ਲੱਗ ਗਈ ਹੈ। ਇਸ ਵਾਇਰਸ ਦੀ ਖੋਜ ਸਿਰਫ਼ ਦੱਖਣੀ ਅਫ਼ਰੀਕਾ ਵਿੱਚ ਹੋਈ ਹੈ।
ਦੱਖਣੀ ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਿਕਰੋਨ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਆਸਟ੍ਰੇਲੀਆ ਵੀ ਸ਼ਾਮਲ ਹੋ ਗਿਆ ਹੈ। ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ‘ਚ ਦੋ ਮਾਮਲੇ ਸਾਹਮਣੇ ਆਏ ਹਨ। ਦੋਵਾਂ ਨੇ ਦੱਖਣੀ ਅਫਰੀਕਾ ਤੋਂ ਯਾਤਰਾ ਕੀਤੀ ਸੀ। ਇਸ ਦੇ ਨਾਲ ਹੀ ਇਜ਼ਰਾਈਲ ਨੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ‘ਚ ਦਾਖਲ ਨਾ ਹੋਣ ਦੇਣ ਦਾ ਫੈਸਲਾ ਕੀਤਾ ਹੈ।
ਇਜ਼ਰਾਇਲ ਦਾ ਇਹ ਕਦਮ ਓਮਿਕਰੋਨ ਫੈਲਣ ਨੂੰ ਹੌਲੀ ਕਰਨ ਦੀ ਕੋਸ਼ਿਸ਼ ਕਰ ਰਹੇ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਵਿੱਚੋਂ ਸਭ ਤੋਂ ਸਖਤ ਹੈ। ਮੌਰੀਸਨ ਨੇ ਕਿਹਾ, ”ਅਸਥਾਈ ਵਿਰਾਮ ਇਹ ਯਕੀਨੀ ਬਣਾਏਗਾ ਕਿ ਆਸਟ੍ਰੇਲੀਆ ਓਮੀਕਰੋਨ ਵੇਰੀਐਂਟ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਲੋੜੀਂਦੀ ਜਾਣਕਾਰੀ ਇਕੱਠੀ ਕਰ ਸਕਦਾ ਹੈ।”