ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਵਿੱਚ ਸੋਧ ਕਰਨ ਲਈ ਤਿੰਨ ਖੇਤੀ ਕਾਨੂੰਨ ਲਿਆਉਂਦੇ ਗਏ ਸਨ, ਜਿਸ ਦੇ ਵਿਰੋਧ ਵਿੱਚ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੋਈ ਸੀ। ਕਿਸਾਨ ਅੰਦੋਲਨ ਦੇ ਲਈ ਦੇਸ਼ ਭਰ ਦੇ ਕਿਸਾਨਾਂ ਨੇ ਦਿੱਲੀ ਚਾਲੇ ਪਾਏ ਸਨ। ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਵੀ ਇਸ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਇਆ। ਇਸ ਅੰਦੋਲਨ ਵਿੱਚ ਕੁਝ ਅਣਸੁਣੇ ਹੀਰੋ ਵੀ ਹੋਏ ਹਨ, ਜਿਨ੍ਹਾਂ ਨੇ ਇਸ ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਪੂਰਾ ਸਾਥ ਦਿੱਤਾ। ਇਨ੍ਹਾਂ ਵਿੱਚੋਂ ਇੱਕ ਜਿਤੇਂਦਰ ਪਾਲ ਸਿੰਘ ਦਾ ਨੌਜਵਾਨ ਵੀ ਸ਼ਾਮਿਲ ਹੈ, ਜੋ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਦਿੱਲੀ ਦੇ ਸਿੰਘੂ ਬਾਰਡਰ ‘ਤੇ ਡਟਿਆ ਰਿਹਾ।
ਜਿਤੇਂਦਰ ਪਾਲ ਨਿਊਜ਼ੀਲੈਂਡ ਵਿੱਚ ਨੌਕਰੀ ਕਰਦਾ ਸੀ, ਪਰ ਕਿਸਾਨ ਅੰਦੋਲਨ ਦੇ ਸ਼ੁਰੂ ਹੁੰਦਿਆਂ ਹੀ ਉਹ ਪਰਿਵਾਰ ਤੇ ਨੌਕਰੀ ਦੋਵੇਂ ਚੀਜ਼ਾਂ ਛੱਡ ਕੇ ਸਿੰਘੂ ਬਾਰਡਰ ‘ਤੇ ਆ ਗਿਆ ਸੀ। ਕਿਸੇ ਵੀ ਨੌਜਵਾਨ ਲਈ ਵਿਦੇਸ਼ ਵਿੱਚ ਵਧੀਆ ਨੌਕਰੀ ਛੱਡਣਾ ਆਸਾਨ ਨਹੀਂ ਹੁੰਦਾ, ਪਰ ਆਪਣੀ ਮਿੱਟੀ ਪ੍ਰਤੀ ਜਿੰਮੇਵਾਰੀ ਤੇ ਪਿਆਰ ਉਸਨੂੰ ਇਸ ਅੰਦੋਲਨ ਵਿੱਚ ਖਿੱਚ ਲਿਆਇਆ।
ਇਸ ਨੌਜਵਾਨ ਨੇ ਸਿੰਘੂ ਬਾਰਡਰ ਪਹੁੰਚਦਿਆਂ ਹੀ ਵਲੰਟੀਅਰਾਂ ਦੀ ਇੱਕ ਸ਼ਾਨਦਾਰ ਟੀਮ ਤਿਆਰ ਕੀਤੀ ਸੀ, ਜੋ ਰਾਤ ਦੇ ਸਮੇਂ ਡਿਊਟੀ ਦਿੰਦੀ ਸੀ, ਸਫਾਈ ਕਰਦੀ ਸੀ ਤੇ ਟ੍ਰੈਫ਼ਿਕ ਦੀ ਵਿਵਸਥਾ ਨੂੰ ਸੰਭਾਲਦੀ ਸੀ। ਬਹੁਤ ਹੀ ਘੱਟ ਸਮੇਂ ਵਿੱਚ ਜਿਤੇਂਦਰ ਨੇ 250 ਤੋਂ ਵੱਧ ਨੌਜਵਾਨਾਂ ਦੀ ਖੜ੍ਹੀ ਕਰ ਲਈ ਸੀ। ਕਿਸਾਨ ਅੰਦੋਲਨ ਦੌਰਾਨ ਇਨ੍ਹਾਂ ਨੌਜਵਾਨਾਂ ਵੱਲੋਂ ਇੱਕ ਮਿਲ ਕੇ ਇੱਕ ਝੌਂਪੜੀ ਬਣਾਈ ਗਈ ਸੀ, ਜੋ ਉਸੇ ਤਰ੍ਹਾਂ ਪੰਜਾਬ ਲਿਆਂਦੀ ਜਾ ਰਹੀ ਹੈ।