ਵਿਕਟਕੀਪਰ ਲਿਟਨ ਦਾਸ ਦੇ ਸੈਂਕੜੇ ਵਾਲੀ ਪਾਰੀ ਦੇ ਬਾਵਜੂਦ ਬੰਗਲਾਦੇਸ਼ ਨੂੰ ਨਿਊਜ਼ੀਲੈਂਡ ਦੇ ਹੱਥੋਂ ਦੂਜੇ ਕ੍ਰਿਕਟ ਟੈਸਟ ਵਿਚ ਇਕ ਪਾਰੀ ਤੇ 117 ਦੌੜਾਂ ਨਾਲ ਹਾਰ ਦਾ ਸਾਹਣਾ ਕਰਨਾ ਪਿਆ, ਜਿਸ ਨਾਲ 2 ਮੈਚਾਂ ਦੀ ਸੀਰੀਜ਼ ਬਰਾਬਰੀ ‘ਤੇ ਰਹੀ। ਦਸਤਾਨੇ ‘ਤੇ ਗੇਂਦ ਲੱਗਣ ਤੋਂ ਬਾਅਦ ਦਾਸ ਨੇ ਲਗਭਗ ਪੂਰੀ ਪਾਰੀ ਇਕ ਹੱਥ ਦੇ ਨਾਲ ਖੇਡੀ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੀ ਸ਼ਾਰਟ ਪਿੱਚਾਂ ਦਾ ਬਹਾਦਰੀ ਨਾਲ ਸਾਹਮਣਾ ਕਰਕੇ 106 ਗੇਂਦਾਂ ਵਿਚ ਦੂਜੇ ਟੈਸਟ ‘ਚ ਸੈਂਕੜਾ ਪੂਰਾ ਕੀਤਾ।
ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 6 ਵਿਕਟਾਂ ‘ਤੇ 521 ਦੌੜਾਂ ‘ਤੇ ਪਾਰੀ ਐਲਾਨ ਕਰ ਦਿੱਤੀ ਸੀ, ਜਿਸ ਵਿਚ ਟਾਮ ਲਾਥਮ ਨੇ 252 ਦੌੜਾਂ ਬਣਾਈਆਂ ਸਨ। ਉਨ੍ਹਾ ਨੇ ਮੈਚ ਵਿਚ 6 ਕੈਚ ਵੀ ਫੜੇ। ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਪਹਿਲੀ ਪਾਰੀ ਵਿਚ 126 ਦੌੜਾਂ ‘ਤੇ ਆਊਟ ਕਰਕੇ ਫਾਲੋਆਨ ਦਿੱਤਾ। ਬੰਗਲਾਦੇਸ਼ ਦੀ ਟੀਮ ਦੂਜੀ ਪਾਰੀ ਵਿਚ 278 ਦੌੜਾਂ ‘ਤੇ ਢੇਰ ਹੋ ਗਈ। ਦਾਸ 102 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਦੂਜੇ ਪਾਸੇ ਕੋਈ ਬੱਲੇਬਾਜ਼ ਟਿਕ ਨਹੀਂ ਸਕਿਆ।
ਬੰਗਲਾਦੇਸ਼ ਦਾ 9ਵਾਂ ਵਿਕਟ ਡਿੱਗਦੇ ਹੀ ਦਰਸ਼ਕਾਂ ਨੇ ਅਨੁਭਵੀ ਬੱਲੇਬਾਜ਼ ਰੋਸ ਟੇਲਰ ਦਾ ਨਾਂ ਲੈਣਾ ਸ਼ੁਰੂ ਕਰ ਦਿੱਤਾ ਜੋ ਆਪਣਾ 112ਵਾਂ ਤੇ ਆਖਰੀ ਟੈਸਟ ਮੈਚ ਖੇਡ ਰਹੇ ਸਨ। ਦਰਸ਼ਕਾਂ ਦੀ ਗੱਲ ਨੂੰ ਮਨ ਕੇ ਕਪਤਾਨ ਲਾਥਮ ਨੇ ਟੇਲਰ ਨੂੰ ਗੇਂਦ ਸੌਂਪੀ। ਉਸਦੀ ਤੀਜੀ ਗੇਂਦ ‘ਤੇ ਇਬਾਦਤ ਹੁਸੈਨ ਨੇ ਲਾਥਮ ਨੂੰ ਕੈਚ ਕਰਵਾਇਆ। ਇਸ ਦੇ ਨਾਲ ਹੀ ਟੇਲਰ ਦੇ 15 ਸਾਲਾ ਦੇ ਸ਼ਾਨਦਾਰ ਕਰੀਅਰ ਦਾ ਅੰਤ ਵਿਕਟ ਦੇ ਨਾਲ ਹੋਇਆ।