ਮਾਘੀ ਤੋਂ ਭਾਵ ਮਾਘ ਮਹੀਨੇ ਦੀ ਸੰਗਰਾਂਦ, ਜੋ ਲੋਹੜੀ ਤੋਂ ਅਗਲੇ ਦਿਨ ਆਉਂਦੀ ਹੈ। ਮਾਘੀ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਸਾਰੇ ਭਾਰਤ ਵਿੱਚ ਲੋਕੀਂ ਦਰਿਆਵਾਂ, ਝੀਲਾਂ, ਸਰੋਵਰਾਂ ਆਦਿ ਵਿੱਚ ਇਸ਼ਨਾਨ ਕਰਕੇ ਮਨਾਉਂਦੇ ਹਨ। ਸਿੱਖ ਧਰਮ ਵਿੱਚ ਮੁਕਤਸਰ ਦਾ ਮਾਘੀ ਦਾ ਮੇਲਾ ਬਹੁਤ ਪ੍ਰਸਿੱਧ ਹੈ ਜਿਸ ਵਿੱਚ ਲੱਖਾਂ ਲੋਕ ਸ਼ਾਮਲ ਹੁੰਦੇ ਹਨ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ। ਮਾਘੀ ਸਿੱਖ ਧਰਮ ਦਾ ਇਤਿਹਾਸਕ ਪੁਰਬ ਹੈ ਜੋ ਖਿਦਰਾਣੇ ਦੀ ਢਾਬ (ਮੁਕਤਸਰ) ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸੂਬਾ ਸਰਹਿੰਦ ਦੀ ਫੌਜ ਵਿੱਚ ਹੋਈ ਘਮਸਾਨ ਦੀ ਜੰਗ ਸਮੇਂ ਚਾਲੀ ਸਿੰਘਾਂ ਦੇ ਸ਼ਹੀਦ ਹੋ ਜਾਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਇਤਿਹਾਸਕ ਹਵਾਲਿਆਂ ਅਨੁਸਾਰ ਮਾਝੇ ਦੇ ਚਾਲੀ ਸਿੰਘ ਆਨੰਦਪੁਰ ਦੇ ਕਿਲੇ ਦੀ ਘੇਰਾਬੰਦੀ ਸਮੇਂ ਗੁਰੂ ਸਾਹਿਬ ਨੂੰ ਬੇਦਾਵਾ ਲਿਖਕੇ ਘਰਾਂ ਨੂੰ ਚਲੇ ਗਏ ਸਨ। ਪਰ ਘਰ ਗਿਆਂ ਨੂੰ ਜਦੋਂ ਮਾਈ ਭਾਗੋ ਅਤੇ ਹੋਰਨਾਂ ਨੇ ਲਾਹਨਤਾਂ ਪਾਉਂਦੇ ਹੋਏ ਚੂੜੀਆਂ ਪਾ ਲੈਣ ਦਾ ਮਿਹਣਾ ਦਿੱਤਾ ਤਾਂ ਇਹ ਸਿੰਘ ਗੁਰੂ ਸਾਹਿਬ ਤੋਂ ਮੁਆਫ਼ੀ ਮੰਗ ਕੇ ਭੁੱਲ ਬਖਸ਼ਾਉਣ ਲਈ ਤਿਆਰ ਹੋ ਗਏ। ਗੁਰੂ ਜੀ ਚਮਕੌਰ, ਮਾਛੀਵਾੜਾ, ਆਲਮਗੀਰ, ਰਾਏਕੋਟ, ਦੀਨਾ ਹੁੰਦੇ ਹੋਏ ਜਦੋਂ ਕੋਟਕਪੂਰੇ ਪੁੱਜੇ ਤਾਂ ਪਤਾ ਲੱਗਾ ਕਿ ਮੁਗਲ ਫੌਜ ਗੁਰੂ ਜੀ ਦਾ ਪਿੱਛਾ ਕਰ ਰਹੀ ਹੈ। ਗੁਰੂ ਜੀ ਨੇ ਯੁੱਧ ਦੀ ਨੀਤੀ ਦੇ ਅਨੁਸਾਰ, ਖਿਦਰਾਣਾ ਦੀ ਢਾਬ ਜੋ ਮੁਕਤਸਰ ਦਾ ਪੁਰਾਣਾ ਨਾਮ ਹੈ ਦੇ ਨੇੜੇ ਲੜਨਾ ਵਧੇਰੇ ਉਚਿਤ ਸਮਝਿਆ।
ਉਧਰ ਮਾਝੇ ਦੇ ਉਹ ਚਾਲੀ ਸਿੰਘਾਂ ਦਾ ਜੱਥਾ ਕਲਗੀਧਰ ਪਾਤਸ਼ਾਹ ਜੀ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਪੁੱਜਾ ਅਤੇ ਮੁਗਲ ਫੌਜਾਂ ਵਿਰੋਧ ਮੋਰਚਾ ਸੰਭਾਲ ਲਿਆ। ਮਾਈ ਭਾਗੋ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਦੁਸ਼ਮਣ ਫੌਜ ਤੇ ਹੱਲਾ ਬੋਲ ਦਿੱਤਾ। ਢਾਬ ਤੋਂ ਗੁਰੂ ਸਾਹਿਬ ਨੇ ਇਹਨਾਂ ਸਿੰਘਾਂ ਨੂੰ ਵੀਰਤਾ ਨਾਲ ਲੜਦੇ ਵੇਖਿਆ।
ਇਸ ਯੁੱਧ ਵਿੱਚ ਸੈਂਕੜੇ ਮੁਗਲ ਸੈਨਿਕ ਮਾਰੇ ਗਏ। ਮੁਗਲ ਸੈਨਿਕ ਮੈਦਾਨ ਛੱਡ ਕੇ ਭੱਜ ਗਏ। ਜਦੋਂ ਗੁਰੂ ਸਾਹਿਬ ਸਿੰਘਾਂ ਕੋਲ ਆਏ ਤਾਂ ਭਾਈ ਮਹਾਂ ਸਿੰਘ ਨੇ ਸਹਿਕਦਿਆਂ ਹੋਇਆਂ ਲਿਖਕੇ ਦਿੱਤਾ ਬੇਦਾਵਾ ਪਾੜ ਦੇਣ ਦੀ ਅਰਜ ਕੀਤੀ। ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖਕੇ ਬੇਦਾਵਾ ਪਾੜ ਦਿੱਤਾ। ਗੁਰੂ ਸਾਹਿਬ ਨੇ ਇਹਨਾਂ ਚਾਲੀ ਸਿੰਘਾਂ ਨੂੰ ਬੇਦਾਵੇ ਤੋਂ ਮੁਕਤ ਕਰਕੇ ਟੁੱਟੀ ਸਿੱਖੀ ਨੂੰ ਮੁੜ ਗੰਢਣ ਦਾ ਵਚਨ ਦਿੱਤਾ। ਗੁਰੂ ਸਾਹਿਬ ਨੇ ਆਪਣੇ ਹੱਥੀਂ ਇਹਨਾਂ ਸਿੰਘਾਂ ਦਾ ਦਾਹ-ਸੰਸਕਾਰ ਕੀਤਾ ਅਤੇ ਇਸ ਥਾਂ ਦਾ ਨਾਮ ਮੁਕਤਸਰ ਰੱਖਿਆ। ਹੁਣ ਇਸ ਸਥਾਨ ਤੇ ਸਰੋਵਰ ਅਤੇ ਗੁਰਦੁਆਰਾ ਸ਼ਹੀਦ ਗੰਜ ਸਥਿਤ ਹੈ।
ਸਿੱਖ ਧਰਮ ਦੀ ਅਰਦਾਸ ਵਿੱਚ ਇਹਨਾਂ ਸ਼ਹੀਦ ਸਿੰਘਾਂ ਨੂੰ ਚਾਲੀ ਮੁਕਤਿਆਂ ਦੀ ਵਡਿਆਈ ਨਾਲ ਯਾਦ ਕੀਤਾ ਜਾਂਦਾ ਹੈ। ਮਾਘੀ ਵਾਲੇ ਦਿਨ ਇਹਨਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਦੂਰੋਂ ਦੂਰੋਂ ਲੋਕ ਆਉਂਦੇ ਹਨ। ਤਿੰਨ ਦਿਨਾਂ ਦੇ ਇਸ ਮੇਲੇ ਵਿੱਚ ਸੰਗਤਾਂ ਨੂੰ ਸਿੱਖਾਂ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ ਅਤੇ ਇਹਨਾਂ ਚਾਲੀ ਸਿੰਘਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ। ਮੇਲੇ ਦੇ ਅਖੀਰਲੇ ਦਿਨ ਮਹੱਲਾ (ਨਗਰ ਕੀਰਤਨ) ਨਿਕਲਦਾ ਹੈ ਜੋ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੁਕਤਸਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਸਮਾਪਿਤ ਹੁੰਦਾ ਹੈ।
ਹੁਣ ਇਸ ਮੇਲੇ ਵਿੱਚ ਰਾਜਨੀਤਕ ਪਾਰਟੀਆਂ ਨੇ ਵੀ ਆਪਣੇ ਜਲਸੇ ਕਰਨੇ ਸ਼ੁਰੂ ਕਰ ਦਿੱਤੇ ਹਨ। ਪਰ ਅਫਸੋਸ ਇਸ ਦਿਨ ਪੰਥਕ/ਰਾਜਨੀਤਕ ਆਗੂਆਂ ਵਲੋਂ ਸੰਗਤ ਨੂੰ ਸਿੱਖ ਇਤਿਹਾਸ ਸੁਣਾਉਣ ਦੀ ਥਾਂ ਇਕ ਦੂਜੇ ਪ੍ਰਤੀ ਭੱਦੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਹ ਲੀਡਰ ਸ਼ਹੀਦ ਸਿੰਘਾਂ (ਚਾਲੀ ਮੁਕਤਿਆਂ) ਦੀ ਗੁਰੂ ਪ੍ਰਤੀ ਸਮਰਪਣ ਦੀ ਭਾਵਨਾ ਤੋਂ ਪ੍ਰੇਰਨਾ ਲੈਣ ਦੀ ਥਾਂ ਸਿਆਸੀ ਲਾਹਾ ਲੈਣ ਲੱਗ ਪਏ ਹਨ। ਆਉ ਸ਼ਹੀਦ ਸਿੰਘਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਅਰਦਾਸ ਕਰੀਏ ਕਿ ਇਹਨਾਂ ਪੰਥਕ/ਰਾਜਨੀਤਕ ਆਗੂਆਂ ਨੂੰ ਗੁਰੂ ਜੀ ਸਮੱਤ ਬਖਸ਼ਣ।