ਅਮਰੀਕਾ ਦੇ ਟੈਕਸਾਸ ‘ਚ ਚਾਰ ਲੋਕਾਂ ਨੂੰ ਬੰਧਕ ਬਣਾਏ ਜਾਣ ਦੀ ਖ਼ਬਰ ਹੈ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਮੁਤਾਬਕ ਇਨ੍ਹਾਂ ਲੋਕਾਂ ਨੂੰ ਟੈਕਸਾਸ ਦੇ ਯਹੂਦੀ ਸਿਨਾਗੋਗ ‘ਚ ਬੰਧਕ ਬਣਾਇਆ ਗਿਆ ਹੈ। ਹਾਲਾਂਕਿ ਬਾਅਦ ਵਿੱਚ ਇੱਕ ਬੰਧਕ ਨੂੰ ਰਿਹਾਅ ਕਰ ਦਿੱਤਾ ਗਿਆ। ਬੰਧਕ ਵਿਅਕਤੀ ਨੇ ਪਾਕਿਸਤਾਨੀ ਵਿਗਿਆਨੀ ਆਫੀਆ ਸਿੱਦੀਕੀ ਦੀ ਰਿਹਾਈ ਦੀ ਮੰਗ ਕੀਤੀ ਹੈ। ਆਫੀਆ ‘ਤੇ ਅਫਗਾਨ ਹਿਰਾਸਤ ‘ਚ ਅਮਰੀਕੀ ਫੌਜੀ ਅਧਿਕਾਰੀਆਂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਆਫੀਆ ਫਿਲਹਾਲ ਟੈਕਸਾਸ ਦੀ ਫੈਡਰਲ ਜੇਲ ‘ਚ ਬੰਦ ਹੈ।ਬੰਧਕ ਬਣਾਉਣ ਵਾਲਾ ਵਿਅਕਤੀ ਆਪਣੇ ਆਪ ਨੂੰ ਆਫੀਆ ਸਿੱਦੀਕੀ ਦਾ ਭਰਾ ਦੱਸ ਰਿਹਾ ਹੈ। ਹਾਲਾਂਕਿ ਆਫੀਆ ਦੇ ਭਰਾ ਨੇ ਖੁਦ ਸਾਹਮਣੇ ਆ ਕੇ ਕਿਹਾ ਹੈ ਕਿ ਬੰਧਕ ਬਣਾਉਣ ਵਾਲਾ ਵਿਅਕਤੀ ਆਫੀਆ ਦਾ ਭਰਾ ਨਹੀਂ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਬੇਥ ਇਜ਼ਰਾਈਲ ਕਲੀਸਿਯਾ (Beth Israel Congregation) ਵਿੱਚ ਵਾਪਰੀ ਹੈ। ਇਸ ਘਟਨਾ ਦੇ ਸਮੇਂ ਫੇਸਬੁੱਕ ‘ਤੇ ਸਿਨੇਗੋਗ ‘ਚ ਚੱਲ ਰਹੇ ਧਾਰਮਿਕ ਪ੍ਰੋਗਰਾਮਾਂ ਦਾ ਲਾਈਵ ਟੈਲੀਕਾਸਟ ਚੱਲ ਰਿਹਾ ਸੀ। ਅਜਿਹੇ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਬੰਦੂਕ ਲੈ ਕੇ ਉਥੇ ਦਾਖਲ ਹੋਇਆ। ਜਿਨ੍ਹਾਂ ਚਾਰ ਲੋਕਾਂ ਨੂੰ ਬੰਧਕ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਇੱਕ ਰੱਬੀ (ਯਹੂਦੀ ਧਾਰਮਿਕ ਆਗੂ) ਵੀ ਹੈ। ਇਸ ਦੇ ਨਾਲ ਹੀ ਮੌਕੇ ‘ਤੇ ਪੁਲਿਸ ਅਤੇ ਸਵੈਟ ਟੀਮ ਵੀ ਮੌਜੂਦ ਹੈ। ਟੀਮ ਬੰਧਕ ਬਣਾਉਣ ਵਾਲੇ ਵਿਅਕਤੀ ਨਾਲ ਸੰਪਰਕ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਦੂਜੇ ਪਾਸੇ ਪੁਲਿਸ ਨੇ ਆਸਪਾਸ ਦੇ ਵਸਨੀਕਾਂ ਨੂੰ ਬਾਹਰ ਕੱਢ ਲਿਆ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਇਸ ਖੇਤਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਦੇ ਨਾਲ ਹੀ ਇਜ਼ਰਾਈਲ ਵੀ ਪੂਰੇ ਮਾਮਲੇ ‘ਤੇ ਨਜ਼ਰ ਰੱਖ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ (Joe Biden) ਨੇ ਵੀ ਸਥਿਤੀ ਬਾਰੇ ਜਾਣਕਾਰੀ ਲਈ ਹੈ।