ਸਲੋਕੁ ਮਃ ੪ ॥ ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥ ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨਿ ਆਇ ॥ ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਹਿ ਮੁਹਿ ਕਾਲੈ ਉਠਿ ਜਾਹਿ ॥੧॥ ਮਃ ੩ ॥ ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੇ ਲਗੈ ਪਿਆਰੁ ॥ ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥੨॥ ਪਉੜੀ ॥ ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ ॥ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ॥ ਇਕ ਥੈ ਪੜਿ ਬੁਝੈ ਸਭੁ ਆਪੇ ਇਕ ਥੈ ਆਪੇ ਕਰੇ ਇਆਣੇ ॥ ਇਕਨਾ ਅੰਦਰਿ ਮਹਲਿ ਬੁਲਾਏ ਜਾ ਆਪਿ ਤੇਰੈ ਮਨਿ ਸਚੇ ਭਾਣੇ ॥ ਜਿਨਾ ਆਪੇ ਗੁਰਮੁਖਿ ਦੇ ਵਡਿਆਈ ਸੇ ਜਨ ਸਚੀ ਦਰਗਹਿ ਜਾਣੇ ॥੧੧॥
ਸਤਿਗੁਰੂ ਦੀ ਦੱਸੀ ਹੋਈ ਕਾਰ ਕਰਨ ਤੋਂ ਬਿਨਾ ਜਿਤਨੇ ਕੰਮ ਜੀਵ ਕਰਦੇ ਹਨ ਉਹ ਉਹਨਾਂ ਲਈ ਬੰਧਨ ਬਣਦੇ ਹਨ। ਸਤਿਗੁਰੂ ਦੀ ਸੇਵਾ ਤੋਂ ਬਿਨਾ ਕੋਈ ਹੋਰ ਆਸਰਾ ਜੀਵਾਂ ਨੂੰ ਮਿਲਦਾ ਨਹੀਂ (ਤੇ ਇਸ ਕਰ ਕੇ) ਮਰਦੇ ਤੇ ਜੰਮਦੇ ਰਹਿੰਦੇ ਹਨ। ਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਤੋਂ ਖੁੰਝ ਕੇ ਮਨੁੱਖ ਹੋਰ ਹੋਰ ਫਿੱਕੇ ਬੋਲ ਬੋਲਦਾ ਹੈ ਤੇ ਇਸ ਦੇ ਹਿਰਦੇ ਵਿਚ ਨਾਮ ਨਹੀਂ ਵੱਸਦਾ। ਹੇ ਨਾਨਕ ਜੀ! ਸਤਿਗੁਰੂ ਦੀ ਸੇਵਾ ਤੋਂ ਬਿਨਾ ਜੀਵ (ਮਾਨੋ) ਜਮਪੁਰੀ ਵਿਚ ਬੱਧੇ ਮਾਰੀਦੇ ਹਨ ਤੇ (ਤੁਰਨ ਵੇਲੇ) ਜੱਗ ਤੋਂ ਮੁਕਾਲਖ ਖੱਟ ਕੇ ਜਾਂਦੇ ਹਨ ॥੧॥ ਕਈ ਮਨੁੱਖ ਸਤਿਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਕਰਦੇ ਹਨ ਤੇ ਉਹਨਾਂ ਦਾ ਪ੍ਰਭੂ ਦੇ ਨਾਮ ਵਿਚ ਪਿਆਰ ਬਣ ਜਾਂਦਾ ਹੈ। ਹੇ ਨਾਨਕ ਜੀ! ਐਸੇ ਮਨੁੱਖ ਆਪਣਾ ਜਨਮ ਸਵਾਰ ਲੈਂਦੇ ਹਨ ਤੇ ਆਪਣੀ ਕੁਲ ਭੀ ਤਾਰ ਲੈਂਦੇ ਹਨ ॥੨॥ ਪ੍ਰਭੂ ਆਪ ਹੀ ਪਾਠਸ਼ਾਲਾ ਹੈ, ਆਪ ਹੀ ਉਸਤਾਦ ਹੈ, ਤੇ ਆਪ ਹੀ ਵਿਦਿਆਰਥੀ ਪੜ੍ਹਨ ਨੂੰ ਲਿਆਉਂਦਾ ਹੈ। ਆਪ ਹੀ ਮਾਂ ਪਿਉ ਹੈ ਤੇ ਆਪ ਹੀ ਬਾਲਕਾਂ ਨੂੰ ਸਿਆਣੇ ਕਰਦਾ ਹੈ। ਇਕ ਥਾਂ ਸਭ ਕੁਝ ਪੜ੍ਹ ਕੇ ਆਪ ਹੀ ਸਮਝਦਾ ਹੈ ਤੇ ਇਕ ਥਾਂ ਆਪ ਹੀ ਬਾਲਕਾਂ ਨੂੰ ਇੰਞਾਣੇ ਕਰ ਦੇਂਦਾ ਹੈ। ਤੂੰ ਇਕਨਾਂ ਨੂੰ ਆਪਣੇ ਮਹਿਲ ਵਿਚ ਧੁਰ ਅੰਦਰ ਬੁਲਾ ਲੈਂਦਾ ਹੈਂ ਜਦੋਂ ਉਹ ਤੇਰੇ ਮਨ ਨੂੰ ਚੰਗੇ ਲੱਗਦੇ ਹਨ। ਜਿਨ੍ਹਾਂ ਗੁਰਮੁਖਾਂ ਨੂੰ ਆਪ ਆਦਰ ਦੇਂਦਾ ਹੈਂ, ਉਹ ਸੱਚੀ ਦਰਗਾਹ ਵਿਚ ਪਰਗਟ ਹੋ ਜਾਂਦੇ ਹਨ ॥੧੧॥