ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਸੋਮਵਾਰ ਨੂੰ ਆਪਣੇ ਪਿਤਾ ਦੇ ਭੋਗ ਵਿਚ ਸ਼ਾਮਲ ਹੋਏ। ਪਿਤਾ ਦੀਆਂ ਅੰਤਿਮ ਰਸਮਾਂ (Funerals) ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ 1 ਘੰਟੇ ਦੀ ਪੈਰੋਲ (Parole) ਮਿਲੀ ਸੀ। ਉਹ 1 ਵਜੇ ਲੁਧਿਆਣਾ ਪਹੁੰਚੇ। ਇਸ ਤੋਂ ਬਾਅਦ ਦੁੱਗਰੀ ਬਾਈਪਾਸ (Dugri bypass) ਫਲਾਵਰ ਐਂਕਲੇਵ ਦੇ ਇਕ ਗੁਰਦੁਆਰਾ ਸਾਹਿਬ ਵਿਚ ਪਿਤਾ ਦੇ ਭੋਗ ਵਿਚ ਸ਼ਾਮਲ ਹੋਏ।
ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਅਕਾਲੀ ਦਲ (Akali Dal) ਨੂੰ ਵੋਟ ਦੇ ਕੇ ਪੰਥ ਨੂੰ ਮਜ਼ਬੂਤ ਕਰੋ, ਇਸੇ ਵਿਚ ਸਭ ਦਾ ਭਲਾ ਹੈ। ਰਾਜੋਆਣਾ ਨੇ ਕਿਹਾ ਕਿ 26 ਸਾਲ ਬਾਅਦ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਉਹ ਆਪਣੇ ਘਰ ਜਾਣਾ ਚਾਹੁੰਦਾ ਸੀ ਪਰ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।
ਭੋਗ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਦਫਤਰ ਵਿਚ ਤਕਰੀਬਨ 20 ਮਿੰਟ ਤੱਕ ਉਹ ਆਪਣੇ ਪਰਿਵਾਰ ਅਤੇ ਹੋਰ ਰਿਸ਼ਤੇਦਾਰਾਂ ਨੂੰ ਮਿਲੇ। ਇਸ ਦੌਰਾਨ ਹੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਦੇ ਸਿਰ ‘ਤੇ ਨੀਲੀ ਦਸਤਾਰ ਸਜਾਈ ਅਤੇ ਉਸ ਦੇ ਨਾਲ ਦਫਤਰ ਵਿਚ ਹੀ ਲੰਗਰ ਵੀ ਛੱਕਿਆ। ਇਸ ਤੋਂ ਬਾਅਦ ਠੀਕ 2 ਵਜੇ ਉਸ ਨੂੰ ਵਾਪਸ ਪਟਿਆਲਾ ਜੇਲ ਭੇਜ ਦਿੱਤਾ ਗਿਆ।
ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਜਸਵੰਤ ਸਿੰਘ ਦੀ 22 ਜਨਵਰੀ ਨੂੰ ਮੌਤ ਹੋ ਗਈ ਸੀ। ਸੋਮਵਾਰ ਨੂੰ ਜਸਵੰਤ ਦਾ ਭੋਗ ਸੀ। ਇਸ ਦੇ ਲਈ ਰਾਜੋਆਣਾ ਨੂੰ ਪਟਿਆਲਾ ਜੇਲ ਤੋਂ ਲੁਧਿਆਣਾ ਲਿਆਂਦਾ ਗਿਆ। ਪਹਿਲਾਂ ਉਸ ਨੂੰ ਇਥੇ ਲੁਧਿਆਣਾ ਦੀ ਜੇਲ ਵਿਚ ਰੱਖਿਆ ਗਿਆ। ਇਸ ਤੋਂ ਬਾਅਦ ਇਕ ਘੰਟੇ ਲਈ ਗੁਰਦੁਆਰਾ ਸਾਹਿਬ ਲਿਜਾਇਆ ਗਿਆ।