ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਦੇ ਲਈ 2,279 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਹੈ। ਬੁੱਧਵਾਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ। ਉਸ ਤੋਂ ਬਾਅਦ ਚੋਣ ਕਮਿਸ਼ਨ ਯੋਗ ਉਮੀਦਵਾਰਾਂ ਦੀ ਛਾਂਟੀ ਕਰ ਦੇਵੇਗਾ। 4 ਫਰਵਰੀ ਤੱਕ ਨਾਮਜ਼ਦਗੀ ਵਾਪਸ ਲਏ ਜਾ ਸਕਣਗੇ। ਇਸ ਤੋਂ ਬਾਅਦ ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਪੰਜਾਬ ਵਿਚ ਆਖਰੀ ਦਿਨ ਸਭ ਤੋਂ ਜ਼ਿਆਦਾ 931 ਨਾਮਜ਼ਦਗੀਆਂ ਦਾਖਲ ਹੋਈਆਂ। ਪਹਿਲੇ ਪੰਜ ਦਿਨਾਂ ਵਿਚ 1,348 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਸਨ। ਇਨ੍ਹਾਂ ਵਿਚ ਪ੍ਰਮੁੱਖ ਨਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਭਗਵੰਤ ਮਾਨ ਦੇ ਹਨ।
ਇਹ ਦਿੱਗਜ ਨੇਤਾ ਮੈਦਾਨ ‘ਚ
ਪੰਜਾਬ ਵਿਚ ਕਈ ਸੀਟਾਂ ਉੱਤੇ ਦਿੱਗਜ ਨੇਤਾ ਮੈਦਾਨ ਵਿਚ ਹਨ। ਪੰਜਾਬ ਵਿਚ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ 6ਵੀਂ ਵਾਰ ਚੋਣ ਲੜ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਚੋਣ ਮੈਦਾਨ ਵਿਚ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਦੇ ਇਲਾਵਾ ਭਦੌੜ ਸੀਟ ਤੋਂ ਚੋਣ ਲੜ ਰਹੇ ਹਨ। ਨਵਜੋਤ ਸਿੱਧੂ ਅੰਮ੍ਰਿਤਸਰ ਈਸਟ ਤੋਂ ਚੋਣ ਲੜ ਰਹੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਨੂੰ ਇਸ ਹਲਕੇ ਤੋਂ ਟੱਕਰ ਦੇਣਗੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਧੂਰੀ ਤੋਂ ਚੋਣ ਮੈਦਾਨ ਵਿਚ ਹਨ।
ਸਭ ਤੋਂ ਦਿਲਚਸਪ ਸੀਟ ਅੰਮ੍ਰਿਤਸਰ ਈਸਟ
ਪੰਜਾਬ ਵਿਚ ਸਭ ਤੋਂ ਦਿਲਚਸਪ ਸੀਟ ਅੰਮ੍ਰਿਤਸਰ ਈਸਟ ਹੈ। ਜਿਥੋਂ ਪੰਜਾਬ ਕਾਂਗਰਸ ਚੀਫ ਨਵਜੋਤ ਸਿੱਧੂ ਦੇ ਖਿਲਾਫ ਦਿੱਗਜ ਅਕਾਲੀ ਨੇਤਾ ਬਿਕਰਮ ਮਜੀਠੀਆ ਮੈਦਾਨ ਵਿਚ ਹਨ। ਸਿੱਧੂ ਨੇ ਮਜੀਠੀਆ ਨੂੰ ਆਪਣੇ ਖਿਲਾਫ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ। ਇਸ ਨੂੰ ਬਿਕਰਮ ਮਜੀਠੀਆ ਨੇ ਕਬੂਲ ਕਰ ਲਿਆ। ਇਸ ਤੋਂ ਬਾਅਦ ਸਿੱਧੂ ਨੇ ਫਿਰ ਚੁਣੌਤੀ ਦਿੱਤੀ ਕਿ ਮਜੀਠਾ ਸੀਟ ਛੱਡ ਕੇ ਸਿਰਫ ਅੰਮ੍ਰਿਤਸਰ ਈਸਟ ਤੋਂ ਚੋਣ ਲੜੇ। ਮਜੀਠੀਆ ਨੇ ਮਜੀਠਾ ਤੋਂ ਆਪਣੀ ਪਤਨੀ ਗੁਨੀਤ ਕੌਰ ਨੂੰ ਮੈਦਾਨ ਵਿਚ ਉਤਾਰ ਕੇ ਸਿਰਫ ਅੰਮ੍ਰਿਤਸਰ ਈਸਟ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਵੀ ਇਥੋ ਸਿੱਧੂ ਨੂੰ ਹਰਾਉਣ ਦਾ ਦਾਅਵਾ ਕਰ ਰਹੇ ਹਨ।
ਪਹਿਲੀ ਵਾਰ 5 ਤਰਫਾ ਮੁਕਾਬਲਾ
ਪੰਜਾਬ ਵਿਚ ਪਹਿਲੀ ਵਾਰ 5 ਤਰਫਾ ਮੁਕਾਬਲਾ ਹੋ ਰਿਹਾ ਹੈ। ਕਾਂਗਰਸ, ਅਕਾਲੀ ਦਲ-ਬਸਪਾ ਗਠਜੋੜ, ਆਮ ਆਦਮੀ ਪਾਰਟੀ, ਭਾਜਪਾ-ਕੈਪਟਨ-ਸ਼੍ਰੋਅਦ ਸੰਯੁਕਤ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਬਣਾ ਕੇ ਕਿਸਾਨ ਵੀ ਚੋਣ ਮੈਦਾਨ ਵਿਚ ਹਨ। ਇਸੇ ਤਰ੍ਹਾਂ ਹਾਲ ਵਿਚ ਹੋਏ ਓਪੀਨੀਅਨ ਪੋਲ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਦਿੱਤਾ ਗਿਆ ਹੈ। ਇਸੇ ਕਾਰਨ ਪੰਜਾਬ ਚੋਣਾਂ ਦੇ ਨਤੀਜੇ ਇਸ ਵਾਰ ਹੈਰਾਨ ਕਰਨ ਵਾਲੇ ਹੋ ਸਕਦੇ ਹਨ।