ਪੰਜਾਬੀ ਗਾਇਕ ਸ਼ੈਰੀ ਮਾਨ ਦਾ ਇਕ ਚੈਨਲ ਯੂਟਿਊਬ ਨੇ ਬੰਦ ਕਰ ਦਿੱਤਾ ਹੈ। ਇਸ ਸਬੰਧੀ ਸ਼ੈਰੀ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਯੂਟਿਊਬ ’ਤੇ ਭੜਾਸ ਵੀ ਕੱਢੀ ਹੈ।ਸ਼ੈਰੀ ਮਾਨ ਨੇ ਆਪਣੇ ਪਹਿਲੇ ਟਵੀਟ ’ਚ ਲਿਖਿਆ, ‘ਮੈਂ ਬਹੁਤ ਦੁਖੀ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਯੂਟਿਊਬ ਇੰਡੀਆ ਲੰਮੇ ਸਮੇਂ ਤੋਂ ਆਪਣੇ ਈਮਾਨਦਾਰ ਆਰਟਿਸਟਾਂ ਦਾ ਸਮਰਥਨ ਨਹੀਂ ਕਰ ਰਹੀ। ਪਿਛਲੇ ਇਕ ਮਹੀਨੇ ਤੋਂ ਮੈਂ ਮਦਦ ਮੰਗ ਰਿਹਾ ਹਾਂ।’
ਸ਼ੈਰੀ ਮਾਨ ਨੇ ਦੂਜਾ ਟਵੀਟ ਕਰਦਿਆਂ ਲਿਖਿਆ, ‘ਤੁਸੀਂ ਮੇਰਾ ਇਕ ਯੂਟਿਊਬ ਚੈਨਲ ਇਹ ਕਹਿ ਕੇ ਕਿਵੇਂ ਟਰਮੀਨੇਟ ਕਰ ਸਕਦੇ ਹੋ ਕਿ ਅਸੀਂ ਕਾਨੂੰਨੀ ਵੈੱਬਫਾਰਮ ਦੀ ਦੁਰਵਰਤੋਂ ਕੀਤੀ ਹੈ। ਅਸੀਂ ਕਿਸੇ ਵੀ ਟਰਮ ਤੇ ਕੰਡੀਸ਼ਨ ਦੀ ਉਲੰਘਣਾ ਨਹੀਂ ਕੀਤੀ ਹੈ। ਕਿਰਪਾ ਕਰਕੇ ਮੇਰੇ ਚੈਨਲ ਨੂੰ ਤੁਰੰਤ ਚਾਲੂ ਕੀਤਾ ਜਾਵੇ। ਇਕ ਕਲਾਕਾਰ ਵਜੋਂ ਮੈਂ ਬਹੁਤ ਦੁਖੀ ਹਾਂ। ਮੈਂ ਇਸ ਸਭ ਦੇ ਚਲਦਿਆਂ ਆਪਣੇ ਸੰਗੀਤ ’ਤੇ ਧਿਆਨ ਨਹੀਂ ਦੇ ਪਾ ਰਿਹਾ।’
ਦੱਸ ਦੇਈਏ ਕਿ ਸ਼ੈਰੀ ਮਾਨ ਦੇ ਇਨ੍ਹਾਂ ਟਵੀਟਸ ਦਾ ਟੀਮ ਯੂਟਿਊਬ ਵਲੋਂ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਨੇ ਸ਼ੈਰੀ ਮਾਨ ਕੋਲੋਂ ਯੂਟਿਊਬ ਚੈਨਲ ਦਾ ਲਿੰਕ ਮੰਗਿਆ ਹੈ ਤਾਂ ਜੋ ਉਹ ਇਸ ਮਾਮਲੇ ’ਤੇ ਕੋਈ ਕਾਰਵਾਈ ਕਰ ਸਕਣ।