Home » ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਵੀਂ ਦਿੱਲੀ ਸਥਿਤ ਘਰ ਦੇ ਵਿੱਚ ਸਿੱਖ ਭਾਈਚਾਰੇ ਦੀਆਂ ਅਹਿਮ ਸ਼ਖਸੀਅਤਾਂ ਨਾਲ ਕੀਤੀ ਮੁਲਾਕਾਤ…
Home Page News India India News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਵੀਂ ਦਿੱਲੀ ਸਥਿਤ ਘਰ ਦੇ ਵਿੱਚ ਸਿੱਖ ਭਾਈਚਾਰੇ ਦੀਆਂ ਅਹਿਮ ਸ਼ਖਸੀਅਤਾਂ ਨਾਲ ਕੀਤੀ ਮੁਲਾਕਾਤ…

Spread the news

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਵੀਂ ਦਿੱਲੀ ਸਥਿਤ ਘਰ ਦੇ ਵਿੱਚ ਸ਼ੁੱਕਰਵਾਰ ਨੂੰ ਸਿੱਖ ਭਾਈਚਾਰੇ ਦੀਆਂ ਅਹਿਮ ਸ਼ਖਸੀਅਤਾਂ ਨਾਲ ਮੇਲਾਕਾਤ ਕੀਤੀ ਹੈ। ਪੰਜਾਬ ‘ਚ ਵਿਧਾਨ ਸਭਾ ਚੋਣਾਂ ਲਈ ਪੈਰਹੀਆਂ ਵੋਟਾਂ ਤੋਂ ਠੀਕ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਵਲੋਂ ਸਿੱਖ ਆਗੂਆਂ ਨਾਲ ਕੀਤੀ ਗਈ ਇਸ ਮੁਲਾਕਤ ਨੂੰ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਹੈ। ਭਾਜਪਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਦੇ ਸੰਯੁਕਤ ਅਕਾਲੀ ਦਲ ਨਾਲ ਗਠਜੋੜ ਕਰਕਰੇ ਸਿੱਖ ਭਾਈਚਾਰੇ ਨੂੰ ਲੁਭਾਉਣ ‘ਚ ਜੁਟੀ ਹੈ।

ਮੋਦੀ ਨਾਲ ਮੁਲਾਕਾਤ ਕਰਨ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ‘ਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ, ਸੇਵਾਪੰਥੀ, ਯਮੁਨਾ ਨਗਰ ਦੇ ਮਹੰਤ ਕਰਮਜੀਤ ਸਿੰਘ, ਕਰਨਾਲ ‘ਚ ਡੇਰਾ ਬਾਬਾ ਜੰਗ ਸਿੰਘ ਦੇ ਬਾਬਾ ਜੋਗਾ ਸਿੰਘ, ਭੈਣੀ ਸਾਹਿਬ ਦੇ ਸੁਰਿੰਦਰ ਸਿੰਘ ਨਾਮਧਾਰੀ ਦਰਬਾਰ, ਦਮਦਮੀ ਟਕਸਾਲ ਦੇ ਹਰਭਜਨ ਸਿੰਘ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਸਮੇਤ ਕਈ ਹੋਰ ਸਿੱਖ ਆਗੂ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ।

ਇਸ ਦੇ ਨਾਲ ਹੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅੱਜ ਪੀਐੱਮ ਮੋਦੀ ਨੇ ਜੋ ਸਿੱਖਾਂ ਨੂੰ ਲੈ ਕੇ ਗੱਲਾਂ ਕਹੀਆਂ ਹਨ ਉਹ ਸੱਚਮੁੱਚ ਸੱਚ ਹਨ ਤੇ ਦਿਲ ਨੂੰ ਛੂਹ ਲੈਣ ਵਾਲੀਆਂ ਹਨ। ਉਹਨਾਂ ਕਿਹਾ ਕਿ ਪੀਐੱਮ ਮੋਦੀ ਨੇ ਅੱਜ ਇਤਿਹਾਸਕ ਗੱਲਾਂ ਕੀਤੀਆਂ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਕਈ ਮੁੱਦੇ ਰੱਖੇ ਅਤੇ ਸਿੱਖ ਯੂਨੀਵਰਸਿਟੀ ਬਣਾਉਣ ਸਮੇਤ ਕੁਝ ਮੰਗਾਂ ਵੀ ਕੀਤੀਆਂ। ਕਾਲਕਾ ਨੇ ਕਿਹਾ ਕਿ ਮੀਟਿੰਗ ਦਾ ਕੋਈ ਸਿਆਸੀ ਏਜੰਡਾ ਨਹੀਂ ਸੀ।

ਇਸ ਮੁਲਾਕਾਤ ਤੋਂ ਬਾਅਦ ਸੇਵਾਪੰਥੀ ਯਮੁਨਾ ਨਗਰ ਦੇ ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਪੀਐੱਮ ਮੋਦੀ ਨੇ ਜੋ ਕਰਤਾਰਪੁਰ ਲਾਂਗੇ ਨੂੰ ਲੈ ਕੇ ਕੰਮ ਕੀਤਾ ਹੈ ਤੇ ਲੰਗਰ ਤੋਂ ਜੀਐੱਸਟੀ ਹਟਾਉਣ ਦਾ ਕੰਮ ਕੀਤਾ ਹੈ ਅਸੀਂ ਉਸ ਤੋਂ ਬਹੁਤ ਪ੍ਰਭਾਵਿਤ ਹਾਂ ਤੇ ਜੋ ਪੀਐੱਮ ਮੋਦੀ ਨੇ ਇਹ ਗੱਲ ਕਹੀ ਕਿ ਮੇਰੇ ਖੂਨ ਵਿਚ ਹੀ ਸਿੱਖੀ ਹੈ ਉਹ ਸਾਡੇ ਮਨ ਨੂੰ ਬਹੁਤ ਚੰਗੀ ਲੱਗੀ।

ਸ਼੍ਰੀ ਗੁਰੂ ਸਿੰਘ ਸਭਾ, ਇੰਦੌਰ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ ਨੇ ਕਿਹਾ, “ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਹੈ। ਗੈਰ-ਸਿਆਸੀ ਲੋਕਾਂ ਨੂੰ ਬੁਲਾਇਆ ਗਿਆ ਅਤੇ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਮੀਟਿੰਗ ਗੈਰ-ਸਿਆਸੀ ਸੀ।”

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਿੱਖਾਂ ਨਾਲ ਜੁੜੇ ਕਈ ਮੁੱਦੇ ਹਨ, ਜਿਨ੍ਹਾਂ ਬਾਰੇ ਸਿੱਖ ਸ਼ਖ਼ਸੀਅਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਵਿਚੋਂ ਕੋਈ ਹੋਰ ਅਰਥ ਕੱਢਦਾ ਹੈ ਤਾਂ ਕੱਢਦਾ ਰਹੇ।

ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵਾਲੇ ਕੁਝ ਪ੍ਰਮੁੱਖ ਸਿੱਖਾਂ ਦੇ ਨਾਮ:

  • ਹਰਮੀਤ ਸਿੰਘ ਕਾਲਕਾ, ਪ੍ਰਧਾਨ, ਦਿੱਲੀ ਗੁਰਦੁਆਰਾ ਕਮੇਟੀ।
  • ਪਦਮ ਸ੍ਰੀ ਬਾਬਾ ਬਲਬੀਰ ਸਿੰਘ ਸੀਚੇਵਾਲ (ਸੁਲਤਾਨਪੁਰ ਲੋਧੀ)।
  • ਮਹੰਤ ਕਰਮਜੀਤ ਸਿੰਘ ਪ੍ਰਧਾਨ ਸੇਵਾਪੰਥੀ ਯਮੁਨਾ ਨਗਰ।
  • ਬਾਬਾ ਜੋਗਾ ਸਿੰਘ, ਡੇਰਾ ਬਾਬਾ ਜੰਗ ਸਿੰਘ (ਨਾਨਕਸਰ) ਕਰਨਾਲ।
  • ਸੰਤ ਬਾਬਾ ਮੇਜਰ ਸਿੰਘ ਵਾਲਾ, ਮੁਖੀ ਡੇਰਾ ਬਾਬਾ ਤਾਰਾ ਸਿੰਘ ਵਾਲਾ, ਅੰਮ੍ਰਿਤਸਰ।
  • ਜਥੇਦਾਰ ਬਾਬਾ ਸਾਹਿਬ ਸਿੰਘ ਜੀ, ਕਾਰ ਸੇਵਾ ਆਨੰਦਪੁਰ ਸਾਹਿਬ।
  • ਸੁਰਿੰਦਰ ਸਿੰਘ ਨਾਮਧਾਰੀ ਦਰਬਾਰ (ਭੇਣੀ ਸਾਹਿਬ)।
  • ਬਾਬਾ ਜੱਸਾ ਸਿੰਘ ਸ਼੍ਰੋਮਣੀ ਅਕਾਲੀ ਬੁੱਢਾ ਦਲ ਪੰਜਵਾ ਤਖ਼ਤ।
  • ਡਾ: ਹਰਭਜਨ ਸਿੰਘ, ਦਮਦਮੀ ਟਕਸਾਲ, ਚੌਕ ਮਹਿਤਾ।
  • ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ।

ਜ਼ਿਕਰਯੋਗ ਹੈ ਕਿ ਭਾਜਪਾ ਪੰਜਾਬ ਵਿਧਾਨ ਸਭਾ ਚੋਣਾਂ ‘ਚ ਚੰਗਾ ਪ੍ਰਦਰਸ਼ਨ ਕਰਨ ਲਈ ਸਖ਼ਤ ਸੰਘਰਸ਼ ਕਰ ਰਹੀ ਹੈ ਤੇ ਇਸੇ ਕੜੀ ਵੱਜੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਹੀ ਪੀਐੱਮ ਮੋਦੀ ਦੀ ਇਹ ਮੀਟਿੰਗ ਅਹਿਮ ਹੈ। ਭਾਜਪਾ ਸਿੱਖ ਭਾਈਚਾਰੇ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਬੀਜੇਪੀ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ਸੰਯੁਕਤ ਦੀ ਅਗਵਾਈ ਵਾਲੇ ਧੜੇ ਨਾਲ ਗੱਠਜੋੜ ਕਰਕੇ ਮਜ਼ਬੂਤ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ। ਚੋਣਾਂ ਤੋਂ ਪਹਿਲਾਂ ਹੋਏ ਸਰਵੇਖਣਾਂ ਪੰਜਾਬ ਚੋਣਾਂ ਵਿੱਚ ਬੀਜੇਪੀ ਦਾ ਚੰਗਾ ਪ੍ਰਦਰਸ਼ਨ ਨਹੀਂ ਸਾਹਮਣੇ ਆਇਆ। ਭਾਜਪਾ ਦੇ ਸੰਭਾਵੀ ਮਾੜੇ ਪ੍ਰਦਰਸ਼ਨ ਦਾ ਇੱਕ ਕਾਰਨ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨ ਹਨ। ਜਿੰਨਾਂ ਨੂੰ ਕਿਸਾਨ ਅੰਦੋਲਕ ਕਾਰਨ ਕੇਂਦਰ ਸਰਕਾਰ ਨੇ ਵਾਪਸ ਲੈ ਲਿਆ ਸੀ। ਹਾਲਾਂਕਿ, ਮੰਨਿਆ ਜਾਂਦਾ ਹੈ ਕਿ ਸਾਲ ਭਰ ਚੱਲੇ ਕਿਸਾਨ ਸੰਘਰਸ਼ ਨੇ ਪੰਜਾਬ ਵਿੱਚ ਭਾਜਪਾ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ।