ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕਰੇਨ ਦੇ ਵੱਖਵਾਦੀ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦਿੰਦੇ ਹੋਏ ਆਪਣੇ ਸੈਨਿਕਾਂ ਦੀ ਤਾਇਨਾਤੀ ਦੇ ਹੁਕਮ ਦਿੱਤੇ ਹਨ। ਇਸ ਦੇ ਜਵਾਬ ਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰਾਸ਼ਟਰ ਨੂੰ ਇੱਕ ਸੰਬੋਧਨ ਵਿੱਚ ਕਿਹਾ ਕਿ ਯੂਕਰੇਨ “ਕਿਸੇ ਤੋਂ ਡਰਦਾ ਨਹੀਂ ਹੈ”।
ਦੁਨੀਆ ਦੇ ਕਈ ਦੇਸ਼ ਰੂਸੀ ਰਾਸ਼ਟਰਪਤੀ ਪੁਤਿਨ ਦੇ ਇਸ ਫੈਸਲੇ ਦੀ ਸਖਤ ਆਲੋਚਨਾ ਕਰ ਰਹੇ ਹਨ। ਯੂਕਰੇਨ ਸੰਕਟ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਬੈਠਕ ਬੁਲਾਈ ਗਈ ਹੈ। ਯੂਕ੍ਰੇਨ ‘ਤੇ UNSC ਦੀ ਬੈਠਕ ‘ਚ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੁਮੂਰਤੀ ਨੇ ਕਿਹਾ ਕਿ ਰੂਸੀ ਸੰਘ ਦੇ ਨਾਲ ਯੂਕ੍ਰੇਨ ਦੀ ਸਰਹੱਦ ‘ਤੇ ਵਧਦਾ ਤਣਾਅ ਡੂੰਘੀ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਘਟਨਾਵਾਂ ਕਾਰਨ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਕਮਜ਼ੋਰ ਹੋ ਸਕਦੀ ਹੈ।
ਯੂਕਰੇਨ ਨੂੰ ਲੈ ਕੇ ਕਈ ਦੇਸ਼ ਸਖਤ
ਦੂਜੇ ਪਾਸੇ ਯੂਕਰੇਨ ਦੇ ਮੁੱਦੇ ਨੂੰ ਲੈ ਕੇ ਅਮਰੀਕਾ ਕਾਫੀ ਸਖਤ ਹੈ। ਅਮਰੀਕਾ, ਯੂਰਪੀ ਸੰਘ, ਨਾਟੋ, ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਿਡੇਨ ਜਲਦੀ ਹੀ ਯੂਕਰੇਨ ਦੇ ਡੀਐੱਨਆਰ ਅਤੇ ਐੱਲਐੱਨਆਰ ਖੇਤਰਾਂ ਵਿੱਚ ਨਵੇਂ ਨਿਵੇਸ਼, ਵਪਾਰ ਅਤੇ ਵਿੱਤ ਨੂੰ ਰੋਕਣ ਲਈ ਇੱਕ ਕਾਰਜਕਾਰੀ ਆਦੇਸ਼ ਜਾਰੀ ਕਰਨਗੇ।