ਰੂਸ ਅਤੇ ਯੂਕਰੇਨ (Russia Ukraine War ) ਵਿੱਚ ਚੱਲ ਰਹੀ ਜੰਗ ਦੌਰਾਨ ਭਾਰਤ ਦੇ ਕਰੀਬ 20 ਹਜ਼ਾਰ ਵਿਦਿਆਰਥੀ ਫਸੇ ਹੋਏ ਹਨ। ਜਿਹਨਾਂ ਨੂੰ ਰਹਿਣ ਵਿੱਚ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਉਨ੍ਹਾਂ ਦੇ ਵਤਨ ਵਾਪਸੀ ਦੇ ਲਈ ਪਰਿਵਾਰਕ ਮੈਂਬਰ ਵੀ ਚਿੰਤਤ ਹਨ। ਦੋਵਾਂ ਦੇਸ਼ਾਂ ਦੀ ਇਸ ਜੰਗ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਮਲੋਹ ਦੇ ਵਾਰਡ ਨੰਬਰ – ਦੀ ਸ਼ਰੂਤੀ ਲੁਟਾਵਾ ਵੀ ਫਸ ਗਈ ਹੈ। ਸ਼ਰੂਤੀ ਲੁਟਾਵਾ ਯੂਕਰੇਨ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰਨ ਲਈ ਗਈ ਸੀ। ਸ਼ਰੂਤੀ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਬੱਚੀ ਨੂੰ ਵਾਪਸ ਲਿਆਉਣ ਦੇ ਲਈ ਯਤਨ ਕੀਤੇ ਜਾਣ।
ਇਸ ਮੌਕੇ ਸਰੂਤੀ ਦੇ ਪਰਿਵਾਰਕ ਮੈਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਸਦੀ ਮਾਤਾ ਮੋਨਾ ਲੁਟਾਵਾ ਨੇ ਦੱਸਿਆ ਕਿ ਬੇਟੀ ਤਿੰਨ ਸਾਲ ਤੋਂ ਯੂਰਕੇਨ ਦੀ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰਨ ਗਈ ਹੋਈ ਹੈ ਅਤੇ ਬੇਟੀ ਨੇ 26 ਫਰਵਰੀ ਨੂੰ ਵਾਪਿਸ ਆਉਣਾ ਸੀ ਅਤੇ ਲੜਾਈ ਲੱਗਣ ਕਾਰਨ ਬੇਟੀ ਆ ਨਹੀਂ ਸਕੀ ਅਤੇ ਜਿਸ ਕਰਕੇ ਪਰਿਵਾਰ ਪ੍ਰੇਸ਼ਾਨੀ ਵਿੱਚ ਹੈ। ਉਨ੍ਹਾਂ ਦੱਸਿਆ ਕਿ ਫੋਨ ਉਪਰ ਬੇਟੀ ਨਾਲ ਹਰ ਰੋਜ਼ ਚਾਰ ਪੰਜ ਵਾਰ ਗੱਲ ਹੁੰਦੀ ਹੈ। ਬੇਟੀ ਨੇ ਦੱਸਿਆ ਹੈ ਕਿ ਹਾਲਾਤ ਨੂੰ ਦੇਖਦਿਆ ਬਹੁਤ ਸਾਰੇ ਵਿਦਿਆਰਥੀ ਹੁਣ ਮੈਟਰੋ ਸਟੇਸ਼ਨ ਦੀ ਬੇਸਮੈਂਟ ਵਿੱਚ ਦਿਨ ਗੁਜਾਰਨ ਲਈ ਮਜ਼ਬੂਰ ਹਨ ਅਤੇ ਖਾਣ ਪੀਣ ਦੇ ਸਾਮਾਨ ਦੀ ਵੀ ਦਿੱਕਤ ਆ ਰਹੀ ਹੈ। ਉਥੇ ਹੀ ਸਰਦੀ ਜ਼ਿਆਦਾ ਹੋਣ ਕਾਰਨ ਬੱਚਿਆ ਕੋਲ ਗਰਮ ਕੱਪੜਿਆ ਦੀ ਘਾਟ ਵੀ ਹੈ, ਲੜਾਈ ਕਾਰਨ ਬਹੁਤ ਸਾਰੇ ਪੰਜਾਬੀ ਵਿਦਿਆਰਥੀ ਉਥੇ ਫਸੇ ਹੋਏ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਬੱਚਿਆ ਨੂੰ ਸਹੀ ਸਲਾਮਤ ਜਲਦ ਭਾਰਤ ਲਿਆਦਾ ਜਾਵੇ।