ਰੂਸ ਨੇ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ। ਰਾਜਧਾਨੀ ਕੀਵ ਸਮੇਤ ਕਈ ਸ਼ਹਿਰ ਤਬਾਹ ਹੋ ਗਏ ਹਨ। ਇਸ ਦੌਰਾਨ ਰੂਸੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਆਪਣਾ ਦੇਸ਼ ਛੱਡ ਕੇ ਪੋਲੈਂਡ ਭੱਜ ਗਏ ਹਨ। ਹਾਲਾਂਕਿ ਜ਼ੇਲੇਂਸਕੀ ਨੇ ਇਸ ਸਬੰਧ ‘ਚ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ ਅਤੇ ਨਾ ਹੀ ਪੋਲੈਂਡ ਤੋਂ ਕੋਈ ਅਧਿਕਾਰਤ ਬਿਆਨ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਰੂਸ ਕੁਝ ਘੰਟਿਆਂ ‘ਚ ਕੀਵ ‘ਤੇ ਕਬਜ਼ਾ ਕਰ ਲਵੇਗਾ।
ਯੂਕਰੇਨ ਦੇ ਜ਼ਪੋਰੀਝਿਆ ਨਿਊਕਲੀਅਰ ਪਾਵਰ ਪਲਾਂਟ ‘ਤੇ ਰੂਸੀ ਫੌਜ ਦੇ ਹਮਲੇ ਤੋਂ ਬਾਅਦ ਇਹ ਖਤਰਾ ਵਧ ਗਿਆ ਹੈ। ਰੂਸੀ ਸੈਨਿਕਾਂ ਨੇ ਪਲਾਂਟ ਦੇ ਪ੍ਰਸ਼ਾਸਨ ਅਤੇ ਨਿਯੰਤਰਣ ਇਮਾਰਤ ‘ਤੇ ਕਬਜ਼ਾ ਕਰ ਲਿਆ ਹੈ। ਪਲਾਂਟ ‘ਤੇ ਕਬਜ਼ਾ ਕਰਨ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ ਕਿ ਯੂਕਰੇਨ ਦੀ ਸਰਹੱਦ ‘ਤੇ 15 ਪ੍ਰਮਾਣੂ ਪਾਵਰ ਪਲਾਂਟ ਹਨ, ਜੇਕਰ ਕੋਈ ਧਮਾਕਾ ਹੁੰਦਾ ਹੈ ਤਾਂ ਯੂਰਪ ਖ਼ਤਮ ਹੋ ਜਾਵੇਗਾ। ਦੁਨੀਆ ‘ਚ ਪਹਿਲੀ ਵਾਰ ਕਿਸੇ ਫੌਜ ਨੇ ਪ੍ਰਮਾਣੂ ਪਲਾਂਟ ‘ਤੇ ਹਮਲਾ ਕੀਤਾ ਹੈ। ਯੂਕਰੇਨ ਦੀ ਸਰਕਾਰੀ ਪਰਮਾਣੂ ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜ਼ਪੋਰੀਝਿਆ ਪਲਾਂਟ ‘ਤੇ ਰੂਸੀ ਹਮਲੇ ‘ਚ ਤਿੰਨ ਯੂਕਰੇਨੀ ਫੌਜੀ ਮਾਰੇ ਗਏ ਅਤੇ ਦੋ ਜ਼ਖਮੀ ਹੋ ਗਏ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਜਨਰਲ ਰਾਫੇਲ ਮਾਰੀਆਨੋ ਗ੍ਰੋਸੀ ਨੇ ਕਿਹਾ ਕਿ ਹਮਲੇ ਤੋਂ ਬਾਅਦ ਲੱਗੀ ਅੱਗ ਵਿਚ ਦੋ ਲੋਕ ਜ਼ਖਮੀ ਹੋ ਗਏ।
ਸੰਯੁਕਤ ਰਾਸ਼ਟਰ ਅਤੇ ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਦੇ ਫਾਇਰਫਾਈਟਰਾਂ ਨੇ ਸ਼ੁੱਕਰਵਾਰ ਨੂੰ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ਵਿੱਚ ਲੱਗੀ ਅੱਗ ਨੂੰ ਬੁਝਾ ਦਿੱਤਾ ਅਤੇ ਕੋਈ ਰੇਡੀਏਸ਼ਨ ਨਹੀਂ ਸੀ। ਇਹ ਅੱਗ ਰੂਸੀ ਹਮਲੇ ਕਾਰਨ ਲੱਗੀ ਸੀ।
ਵਿਸ਼ਵਵਿਆਪੀ ਨਿੰਦਾ ਦੇ ਬਾਵਜੂਦ ਰੂਸੀ ਫੌਜ ਨੇ ਯੂਕਰੇਨ ‘ਤੇ ਹਮਲਾ ਕਰਨਾ ਜਾਰੀ ਰੱਖਿਆ ਹੈ। ਸੰਯੁਕਤ ਰਾਸ਼ਟਰ ਦੀ ਪਰਮਾਣੂ ਏਜੰਸੀ ਦੇ ਮੁਖੀ ਨੇ ਕਿਹਾ ਕਿ ਇੱਕ ਰੂਸੀ ਮਿਜ਼ਾਈਲ ਪਲਾਂਟ ਦੇ ਇੱਕ ਸਿਖਲਾਈ ਕੇਂਦਰ ‘ਤੇ ਲੱਗੀ। ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਸੈਨਿਕਾਂ ਨੇ ਪੂਰੇ ਟਿਕਾਣੇ ‘ਤੇ ਕਬਜ਼ਾ ਕਰ ਲਿਆ ਹੈ ਪਰ ਪਲਾਂਟ ਦੇ ਕਰਮਚਾਰੀ ਇਸ ਦੀ ਕਾਰਵਾਈ ਨੂੰ ਯਕੀਨੀ ਬਣਾਉਣ ਵਿੱਚ ਰੁੱਝੇ ਹੋਏ ਸਨ।