ਸਲੋਕ ਮਃ ੧ ॥
ਵੇਲਿ ਪਿੰਞਾਇਆ ਕਤਿ ਵੁਣਾਇਆ ॥ ਕਟਿ ਕੁਟਿ ਕਰਿ ਖੁੰਬਿ ਚੜਾਇਆ ॥ ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥ ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ॥ ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ ॥ ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ ॥ ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥ ਮਃ ੧ ॥ ਸਚ ਕੀ ਕਾਤੀ ਸਚੁ ਸਭੁ ਸਾਰੁ ॥ ਘਾੜਤ ਤਿਸ ਕੀ ਅਪਰ ਅਪਾਰ ॥ ਸਬਦੇ ਸਾਣ ਰਖਾਈ ਲਾਇ ॥ ਗੁਣ ਕੀ ਥੇਕੈ ਵਿਚਿ ਸਮਾਇ ॥ ਤਿਸ ਦਾ ਕੁਠਾ ਹੋਵੈ ਸੇਖੁ ॥ ਲੋਹੂ ਲਬੁ ਨਿਕਥਾ ਵੇਖੁ ॥ ਹੋਇ ਹਲਾਲੁ ਲਗੈ ਹਕਿ ਜਾਇ ॥ ਨਾਨਕ ਦਰਿ ਦੀਦਾਰਿ ਸਮਾਇ ॥੨॥ ਮਃ ੧ ॥ ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥ ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥੩॥ ਪਉੜੀ ॥ ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥ ਸਚੁ ਧਿਆਇਨਿ ਸੇ ਸਚੇ ਜਿਨ ਹਰਿ ਖਰਚੁ ਧਨੁ ਪਲੈ ॥ ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ ॥ ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ ॥ ਆਪੇ ਮੇਲਿ ਮਿਲਾਇਦਾ ਆਪੇ ਦੇਇ ਵਡਿਆਈ ॥੧੯॥
ਅਰਥ: (ਰੂੰ ਵੇਲਣੇ ਵਿਚ) ਵੇਲ ਕੇ ਪਿੰਞਾਈਦਾ ਹੈ, ਕੱਤ ਕੇ (ਕੱਪੜਾ) ਉਣਾਈਦਾ ਹੈ, ਇਸ ਦੇ ਟੋਟੇ ਕਰ ਕੇ (ਧੁਆਣ ਲਈ) ਖੁੰਬ ਤੇ ਚੜ੍ਹਾਈਦਾ ਹੈ। (ਇਸ ਕੱਪੜੇ ਨੂੰ) ਕੈਂਚੀ ਕਤਰਦੀ ਹੈ, ਦਰਜ਼ੀ ਇਸ ਨੂੰ ਪਾੜਦਾ ਹੈ, ਤੇ ਸੂਈ ਧਾਗਾ ਸਿਊਂਦਾ ਹੈ। (ਜਿਵੇਂ ਇਹ ਕੱਟਿਆ ਪਾੜਿਆ ਹੋਇਆ ਕੱਪੜਾ ਸੂਈ ਧਾਗੇ ਨਾਲ ਸੀਪ ਜਾਂਦਾ ਹੈ) ਤਿਵੇਂ ਹੀ, ਹੇ ਨਾਨਕ! ਮਨੁੱਖ ਦੀ ਗੁਆਚੀ ਹੋਈ ਇੱਜ਼ਤ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਨਾਲ ਫਿਰ ਬਣ ਆਉਂਦੀ ਹੈ ਤੇ ਮਨੁੱਖ ਸੁਚੱਜਾ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ।
ਕੱਪੜਾ ਪੁਰਾਣਾ ਹੋ ਕੇ ਪਾਟ ਜਾਂਦਾ ਹੈ, ਸੂਈ ਧਾਗਾ ਇਸ ਨੂੰ ਗੰਢ ਦੇਂਦਾ ਹੈ, (ਪਰ ਇਹ ਗੰਢਿਆ ਹੋਇਆ ਪੁਰਾਣਾ ਕੱਪੜਾ) ਕੋਈ ਮਹੀਨਾ ਅੱਧਾ ਮਹੀਨਾ ਤੱਗਦਾ ਨਹੀਂ, ਸਿਰਫ਼ ਘੜੀ ਦੋ ਘੜੀ (ਥੋੜਾ ਚਿਰ) ਹੀ ਹੰਢਦਾ ਹੈ; (ਪਰ) ਪ੍ਰਭੂ ਦਾ ਨਾਮ (-ਰੂਪ ਪਟੋਲਾ) ਕਦੇ ਪੁਰਾਣਾ ਨਹੀਂ ਹੁੰਦਾ, ਸੀਤਾ ਹੋਇਆ ਕਦੇ ਪਾਟਦਾ ਨਹੀਂ (ਉਸ ਪ੍ਰਭੂ ਨਾਲ ਜੁੜਿਆ ਹੋਇਆ ਮਨ ਉਸ ਤੋਂ ਟੁੱਟਦਾ ਨਹੀਂ) । ਹੇ ਨਾਨਕ! ਪ੍ਰਭੂ-ਖਸਮ ਸਦਾ ਕਾਇਮ ਰਹਿਣ ਵਾਲਾ ਹੈ, ਪਰ ਇਸ ਗੱਲ ਦੀ ਤਾਂ ਹੀ ਸਮਝ ਪੈਂਦੀ ਹੈ ਜੇ ਉਸ ਨੂੰ ਸਿਮਰੀਏ।1।