ਬਿਲਾਵਲੁ ਮਹਲਾ ੧ ਛੰਤ ਦਖਣੀ ੴ ਸਤਿਗੁਰ ਪ੍ਰਸਾਦਿ ॥ ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥ ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥ ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਮਿਲਹੁ ਸਾਚਿ ਪਿਆਰੀਆ ॥ ਧਨ ਭਾਇ ਭਗਤੀ ਦੇਖਿ ਪ੍ਰੀਤਮ ਕਾਮ ਕ੍ਰੋਧੁ ਨਿਵਾਰਿਆ ॥ ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ ਸਾਧਾਰਿਆ ॥੧॥ ਸਚਿ ਨਵੇਲੜੀਏ ਜੋਬਨਿ ਬਾਲੀ ਰਾਮ ॥ ਆਉ ਨ ਜਾਉ ਕਹੀ ਅਪਨੇ ਸਹ ਨਾਲੀ ਰਾਮ ॥ ਨਾਹ ਅਪਨੇ ਸੰਗਿ ਦਾਸੀ ਮੈ ਭਗਤਿ ਹਰਿ ਕੀ ਭਾਵਏ ॥ ਅਗਾਧਿ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ ॥ ਰਾਮ ਨਾਮ ਰਸਾਲ ਰਸੀਆ ਰਵੈ ਸਾਚਿ ਪਿਆਰੀਆ ॥ ਗੁਰਿ ਸਬਦੁ ਦੀਆ ਦਾਨੁ ਕੀਆ ਨਾਨਕਾ ਵੀਚਾਰੀਆ ॥੨॥ ਸ੍ਰੀਧਰ ਮੋਹਿਅੜੀ ਪਿਰ ਸੰਗਿ ਸੂਤੀ ਰਾਮ ॥ ਗੁਰ ਕੈ ਭਾਇ ਚਲੋ ਸਾਚਿ ਸੰਗੂਤੀ ਰਾਮ ॥ ਧਨ ਸਾਚਿ ਸੰਗੂਤੀ ਹਰਿ ਸੰਗਿ ਸੂਤੀ ਸੰਗਿ ਸਖੀ ਸਹੇਲੀਆ ॥ ਇਕ ਭਾਇ ਇਕ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ ॥ ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥ ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ ॥੩॥ ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ ॥ ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥ ਅਲਖ ਅਪਾਰ ਅਪਾਰੁ ਸਾਚਾ ਆਪੁ ਮਾਰਿ ਮਿਲਾਈਐ ॥ ਹਉਮੈ ਮਮਤਾ ਲੋਭੁ ਜਾਲਹੁ ਸਬਦਿ ਮੈਲੁ ਚੁਕਾਈਐ ॥ ਦਰਿ ਜਾਇ ਦਰਸਨੁ ਕਰੀ ਭਾਣੈ ਤਾਰਿ ਤਾਰਣਹਾਰਿਆ ॥ ਹਰਿ ਨਾਮੁ ਅੰਮ੍ਰਿਤੁ ਚਾਖਿ ਤ੍ਰਿਪਤੀ ਨਾਨਕਾ ਉਰ ਧਾਰਿਆ ॥੪॥੧॥
ਰਾਗ ਬਿਲਾਵਲੁ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਛੰਤ-ਦਖਣੀ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਥੋੜ੍ਹੇ ਦਿਨਾਂ ਦੇ ਵਸੇਬੇ ਵਾਲੇ ਇਸ ਜਗਤ ਵਿਚ ਆ ਕੇ ਜਿਹੜੀ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ, ਜਿਸ ਨੇ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜੀ ਹੋਈ ਹੈ ਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ, ਜਿਹੜੀ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜ ਕੇ ਇਸ ਜਗਤ ਵਿਚ ਜੀਵਨ ਬਿਤਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ। ਉਹ (ਸਦਾ ਦੋਵੇਂ) ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦੀ ਰਹਿੰਦੀ ਹੈ (ਕਿ, ਹੇ ਗੁਰੂ! ਮੈਨੂੰ) ਮਿਲ (ਤਾ ਕਿ ਮੈਂ ਤੇਰੀ ਕਿਰਪਾ ਨਾਲ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਨੂੰ ਪਿਆਰ ਕਰ ਸਕਾਂ। ਅਜਿਹੀ ਜੀਵ-ਇਸਤ੍ਰੀ ਪ੍ਰੀਤਮ-ਪ੍ਰਭੂ ਦੀ ਭਗਤੀ ਦੀ ਰਾਹੀਂ ਪ੍ਰੀਤਮ-ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਉਸ ਦਾ ਦਰਸਨ ਕਰ ਕੇ ਕਾਮ ਕ੍ਰੋਧ (ਆਦਿਕ ਵਿਕਾਰਾਂ ਨੂੰ ਆਪਣੇ ਅੰਦਰੋਂ) ਦੂਰ ਕਰ ਲੈਂਦੀ ਹੈ। ਹੇ ਨਾਨਕ! ਪਵਿਤ੍ਰ ਤੇ ਸੋਹਣੇ ਜੀਵਨ ਵਾਲੀ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਦੀਦਾਰ ਕਰ ਕੇ (ਉਸ ਦੀ ਯਾਦ ਨੂੰ) ਆਪਣੇ ਹਿਰਦੇ ਦਾ ਆਸਰਾ ਬਣਾ ਲੈਂਦੀ ਹੈ ॥੧॥ ਹੇ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਵਿਕਾਰਾਂ ਤੋਂ ਬਚੀ ਜੀਵ-ਇਸਤ੍ਰੀਏ! ਜਵਾਨੀ ਵਿਚ ਭੀ ਭੋਲੇ ਸੁਭਾਉ ਵਾਲੀ (ਬਣੀ ਰਹੁ) (ਅਹੰਕਾਰ ਛੱਡ ਕੇ) ਆਪਣੇ ਖਸਮ-ਪ੍ਰਭੂ (ਦੇ ਚਰਨਾਂ) ਵਿਚ ਟਿਕੀ ਰਹੁ (ਵੇਖੀਂ, ਉਸ ਦਾ ਪੱਲਾ ਛੱਡ ਕੇ) ਕਿਸੇ ਹੋਰ ਥਾਂ ਨਾਹ ਭਟਕਦੀ ਫਿਰੀਂ। ਉਹੀ ਦਾਸੀ (ਸੁਭਾਗ ਹੈ ਜੋ) ਆਪਣੇ ਖਸਮ ਦੀ ਸੰਗਤਿ ਵਿਚ ਰਹਿੰਦੀ ਹੈ। (ਹੇ ਸਹੇਲੀਏ!) ਮੈਨੂੰ ਭੀ ਪ੍ਰਭੂ-ਪਤੀ ਦੀ ਭਗਤੀ ਹੀ ਪਿਆਰੀ ਲਗਦੀ ਹੈ। (ਜੇਹੜੀ ਜੀਵ-ਇਸਤ੍ਰੀ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦੇ ਗੁਣ ਗਾਂਦੀ ਹੈ (ਉਹ ਦਾਸੀ ਆਪਣੇ ਖਸਮ-ਪ੍ਰਭੂ ਦੀ ਸੰਗਤਿ ਵਿਚ ਸੋਭਦੀ ਹੈ)। (ਸੋ, ਸਹੇਲੀਏ! ਗੁਰੂ ਦੇ ਬਖ਼ਸ਼ੇ) ਗਿਆਨ ਦੀ ਰਾਹੀਂ (ਗੁਣਾਂ ਦੇ) ਅਥਾਹ (ਸਮੁੰਦਰ-) ਪ੍ਰਭੂ ਵਿਚ (ਚੁੱਭੀ ਲਾ ਕੇ) ਉਸ ਪ੍ਰਭੂ ਦਾ ਗੁਣਾਨੁਵਾਦ ਕਰਨਾ ਚਾਹੀਦਾ ਹੈ। ਉਹ ਪ੍ਰਭੂ ਐਸੇ ਸਰੂਪ ਵਾਲਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ। ਰਸਾਂ ਦਾ ਸੋਮਾ ਰਸਾਂ ਦਾ ਮਾਲਕ ਪ੍ਰਭੂ ਉਸ ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ ਜੋ ਉਸ ਦੇ ਸਦਾ-ਥਿਰ ਨਾਮ ਵਿਚ ਪਿਆਰ ਪਾਂਦੀ ਹੈ। ਹੇ ਨਾਨਕ! ਜਿਸ ਸੁਭਾਗ ਜੀਵ-ਇਸਤ੍ਰੀ ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਦਿੱਤਾ, ਜਿਸ ਨੂੰ ਇਹ ਉੱਚੀ ਦਾਤ ਬਖ਼ਸ਼ੀ, ਉਹ ਉੱਚੀ ਵਿਚਾਰ ਦੀ ਮਾਲਕ ਬਣ ਜਾਂਦੀ ਹੈ ॥੨॥