Home » ਝੋਨੇ ਤੇ ਹੋਰ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਲਈ ਰਾਹਤ ਦੀ ਖਬਰ, ਨਹੀਂ ਵਧਣਗੀਆਂ ਖਾਦ ਦੀਆਂ ਕੀਮਤਾਂ, ਸਬਸਿਡੀ ਵਧਾ ਸਕਦੀ ਮੋਦੀ ਸਰਕਾਰ…
Home Page News India India News

ਝੋਨੇ ਤੇ ਹੋਰ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਲਈ ਰਾਹਤ ਦੀ ਖਬਰ, ਨਹੀਂ ਵਧਣਗੀਆਂ ਖਾਦ ਦੀਆਂ ਕੀਮਤਾਂ, ਸਬਸਿਡੀ ਵਧਾ ਸਕਦੀ ਮੋਦੀ ਸਰਕਾਰ…

Spread the news

ਸਾਉਣੀ ਦੇ ਸੀਜ਼ਨ ‘ਚ ਝੋਨੇ ਤੇ ਹੋਰ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਲਈ ਰਾਹਤ ਦੀ ਖਬਰ ਦੀ ਉਮੀਦ ਹੈ। ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਸਾਉਣੀ ਦੇ ਸੀਜ਼ਨ ਲਈ ਖਾਦਾਂ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ਵਧਾਉਣ ਦਾ ਫੈਸਲਾ ਹੋ ਸਕਦਾ ਹੈ।


ਸਬਸਿਡੀ ਵਧਾਉਣ ਨਾਲ ਕਿਸਾਨਾਂ ਨੂੰ ਮਿਲਦੀਆਂ ਖਾਦਾਂ ਦੀਆਂ ਕੀਮਤਾਂ ਨਹੀਂ ਵਧਣਗੀਆਂ ਤੇ ਉਨ੍ਹਾਂ ਨੂੰ ਪੁਰਾਣੀ ਕੀਮਤ ‘ਤੇ ਹੀ ਖਾਦ ਮਿਲਣੀ ਸੰਭਵ ਹੋਵੇਗੀ। ਸਰਕਾਰੀ ਸੂਤਰਾਂ ਅਨੁਸਾਰ ਖਾਦਾਂ ਦੀਆਂ ਕੀਮਤਾਂ ਕੌਮਾਂਤਰੀ ਮੰਡੀ ਵਿੱਚ ਪਿਛਲੇ ਸਾਲ ਜਨਵਰੀ ਤੋਂ ਲਗਾਤਾਰ ਵਧ ਰਹੀਆਂ ਹਨ, ਜਿਸ ਕਾਰਨ ਦੇਸ਼ ਵਿੱਚ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਰੂਸ ਤੇ ਯੂਕਰੇਨ ਦੀ ਜੰਗ ਕਾਰਨ ਭਾਰਤ ਵਿੱਚ ਖਾਦਾਂ ਦੀ ਦਰਾਮਦ ਵੀ ਪ੍ਰਭਾਵਿਤ ਹੋਈ ਹੈ। ਅਜਿਹੇ ‘ਚ ਖਾਦ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਵਧਾ ਕੇ ਕੀਮਤ ਨੂੰ ਵਧਣ ਤੋਂ ਰੋਕਿਆ ਜਾਵੇਗਾ।


ਸੂਤਰਾਂ ਅਨੁਸਾਰ ਇਸ ਸਾਲ ਪ੍ਰਤੀਕੂਲ ਆਲਮੀ ਹਾਲਾਤ ਦੇ ਬਾਵਜੂਦ ਖਾਦਾਂ ਦੀ ਕੋਈ ਕਮੀ ਨਹੀਂ ਰਹੇਗੀ। ਸੂਤਰਾਂ ਨੇ ਦੱਸਿਆ ਕਿ ਇਸ ਸਾਲ ਸਾਉਣੀ ਦੇ ਸੀਜ਼ਨ (ਜਿਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਸ਼ੁਰੂ ਹੁੰਦੀ ਹੈ) ਵਿੱਚ 354 ਲੱਖ ਟਨ ਖਾਦ ਦੀ ਮੰਗ ਹੋਣ ਦੀ ਸੰਭਾਵਨਾ ਹੈ ਜਦਕਿ ਇਸ ਦੀ ਉਪਲਬਧਤਾ 485 ਲੱਖ ਟਨ ਰਹਿਣ ਦਾ ਅਨੁਮਾਨ ਹੈ। ਇਸ ਵਿੱਚ ਘਰੇਲੂ ਤੇ ਦਰਾਮਦ ਖਾਦ ਦੋਵੇਂ ਸ਼ਾਮਲ ਹਨ।


ਫਰਵਰੀ ਦੇ ਮਹੀਨੇ ਜਦੋਂ ਸਰਕਾਰ ਨੇ ਬਜਟ ਪੇਸ਼ ਕੀਤਾ ਸੀ ਤਾਂ ਖਾਦਾਂ ‘ਤੇ ਸਬਸਿਡੀ ‘ਚ ਵੀ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਵਿੱਚ ਯੂਰੀਆ ਸਬਸਿਡੀ ਲਈ 63 ਹਜ਼ਾਰ 222 ਕਰੋੜ ਰੁਪਏ ਅਲਾਟ ਕੀਤੇ ਸਨ।