ਕੋਰੋਨਾ ਦਾ ਭਿਆਨਕ ਰੂਪ ਇਕ ਵਾਰ ਫਿਰ ਤੋਂ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਭਰ ਵਿਚ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਜਾ ਰਹੇ ਹਨ ਤੇ ਚੀਨ ਵਿਚ ਹਾਲਾਤ ਸਭ ਤੋਂ ਵੱਧ ਖਰਾਬ ਹਨ। ਸ਼ੰਘਾਈ ਵਰਗੇ ਸ਼ਹਿਰਾਂ ਵਿਚ ਚੀਨੀ ਸਰਕਾਰ ਵੱਲੋਂ ਕਈ ਪ੍ਰਤੀਬੰਧ ਲਗਾਏ ਜਾ ਰਹੇ ਹਨ ਪਰ ਹੁਣ ਕੋਰੋਨਾ ਵਾਇਰਸ ਨਾਲ ਚੀਨ ਵਿਚ ਇਕ ਨਵਾਂ ਜਾਨਲੇਵਾ ਵਾਇਰਸ ਸਾਹਮਣੇ ਆਇਆ ਹੈ। ਚੀਨ ‘ਚ ਇਨਸਾਨਾਂ ਵਿਚ ਇਸ ਦਾ ਪਹਿਲਾ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ। ਇਸ ਵਾਇਰਸ ਦਾ ਨਾਂ H3N8 ਬਰਡ ਫਲੂ ਹੈ। ਇਹ ਬਰਡ ਫਲੂ ਦਾ ਹੀ ਜਾਨਲੇਵਾ ਵੈਰੀਐਂਟ ਦੱਸਿਆ ਜਾ ਰਿਹਾ ਹੈ।
ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਅਨੁਸਾਰ ਦੇਸ਼ ਵਿਚ ਇਹ ਬਰਡ ਫਲੂ ਵਾਇਰਸ 4 ਸਾਲ ਦੇ ਬੱਚੇ ਵਿਚ ਪਾਇਆ ਗਿਆ ਹੈ। ਇਹ ਮੱਧ ਹੇਨਾਨ ਸੂਬੇ ਵਿਚ ਰਹਿੰਦਾ ਹੈ। ਜਾਣਕਾਰੀ ਮੁਤਾਬਕ ਬੱਚੇ ਦੇ ਘਰ ਵਿਚ ਕਾਂ ਤੇ ਮੁਰਗੀਆਂ ਪਲੇ ਹੋਏ ਹਨ। ਉਨ੍ਹਾਂ ਦੇ ਸੰਪਰਕ ਵਿਚ ਆਉਣ ‘ਤੇ ਉਹ ਬਰਡ ਫਲੂ ਦੇ ਇਸ ਨਵੇਂ ਵੈਰੀਐਂਟ ਨਾਲ ਸੰਕਰਮਿਤ ਹੋਇਆ ਹੈ। ਨੈਸ਼ਨਲ ਹੈਲਥ ਕਮਿਸ਼ਨ ਨੇ ਕਿਹਾ ਹੈ ਕਿ 5 ਅਪ੍ਰੈਲ ਨੂੰ ਬੱਚੇ ਨੂੰ ਬੁਖਾਰ ਸਣੇ ਕਈ ਲੱਛਣ ਸਾਹਮਣੇ ਆਏ ਸਨ। ਇਸ ਤੋਂ ਬਾਅਦ ਉਸ ਦੇ ਬਰਡ ਫਲੂ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ।
ਬੱਚੇ ਦੇ ਕਰੀਬੀ ਸੰਪਰਕ ‘ਚ ਆਏ ਹੋਰਨਾਂ ਲੋਕਾਂ ਵਿਚ ਬਰਡ ਫਲੂ ਦਾ ਇਹ ਵੈਰੀਐਂਟ ਨਹੀਂ ਮਿਲਿਆ ਹੈ। ਉਹ ਸੰਕਰਮਿਤ ਨਹੀਂ ਪਾਏ ਗਏ ਹਨ। ਸ਼ੁਰੂਆਤੀ ਜਾਂਚ ‘ਚ ਦੇਖਿਆ ਗਿਆ ਹੈ ਕਿ ਇਹ ਪ੍ਰਭਾਵੀ ਤੌਰ ਤੋਂ ਇਨਸਾਨਾ ਨੂੰ ਕਦੇ ਸੰਕਰਮਿਤ ਨਹੀਂ ਕਰ ਸਕਦਾ ਹੈ। ਇਸ ਦੇ ਨਾਲ ਹੀ ਬਰਡ ਫਲੂ ਦੇ ਇਸ ਵੈਰੀਐਂਟ ਤੋਂ ਵੱਡੇ ਪੱਧਰ ‘ਤੇ ਮਹਾਮਾਰੀ ਫੈਲਣ ਦੀ ਸ਼ੰਕਾ ਅਜੇ ਘੱਟ ਹੈ ਪਰ ਮਾਹਿਰ ਇਸ ਨੂੰ ਖਤਰੇ ਦੇ ਰੂਪ ਵਿਚ ਦੇਖ ਰਹੇ ਹਨ। ਇਸ ਤੋਂ ਪਹਿਲਾਂ H3N8 ਵੈਰੀਐਂਟ ਕੁੱਤਿਆਂ, ਪੰਛੀਆਂ ਤੇ ਘੋੜਿਆਂ ‘ਚ ਹੀ ਪਾਇਆ ਗਿਆ ਸੀ ਪਰ ਹੁਣ ਤੱਕ ਇਸ ਨਾਲ ਇਨਸਾਨਾਂ ਦੇ ਸੰਕਰਮਿਤ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ।
ਚੀਨ ‘ਚ ਬਰਡ ਫਲੂ ਦੇ ਕਈ ਸਟ੍ਰੋਨ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ ਕੁਝ ਵੈਰੀਐਂਟ ਤੋਂ ਉਹ ਲੋਕ ਸੰਕਰਮਿਤ ਹੋਏ ਹਨ, ਜੋ ਪੋਲਟਰੀ ਫਾਰਮ ਵਿਚ ਕੰਮ ਕਰਦੇ ਹਨ। ਪਿਛਲੇ ਸਾਲ ਚੀਨ ‘ਚ ਬਰਡ ਫਲੂ ਦੇ ਵੈਰੀਐਂਟ H10N3 ਤੋਂ ਇਨਸਾਨ ਦੇ ਸੰਕਰਮਿਤ ਹੋਣ ਦਾ ਕੇਸ ਆਇਆ ਸੀ। ਚੀਨ ‘ਚ ਬਰਡ ਫਲੂ ਦੇ ਵਧਦੇ ਮਾਮਲਿਆਂ ਨੇ ਦੁਨੀਆ ਭਰ ਦੇ ਮਾਹਿਰਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ।