ਪਟਿਆਲਾ ਹਿੰਸਾ ਮਾਮਲੇ ਵਿੱਚ ਪੁਲਿਸ ਵੱਲੋਂ ਲਗਾਤਾਰ ਐਕਸ਼ਨ ਲਏ ਜਾ ਰਹੇ ਹਨ। ਪਟਿਆਲਾ ਰੇਂਜ ਦੇ ਨਵੇਂ IG ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ 6 FIR ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚ 25 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਹਰੀਸ਼ ਸਿੰਗਲਾ, ਕੁਲਦੀਪ ਸਿੰਘ ਤੇ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਇਸ ਪੂਰੀ ਹਿੰਸਾ ਦਾ ਮਾਸਟਰਮਾਈਂਡ ਸਿੱਖ ਕੱਟੜਪੰਥੀ ਬਰਜਿੰਦਰ ਪਰਵਾਨਾ ਨੂੰ ਦੱਸਿਆ, ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਤੱਕ ਇਸ ਮਾਮਲੇ ਵਿੱਚ 4 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਪਰਵਾਨਾ ਦਾ ਕ੍ਰਿਮਨਲ ਬੈਕਗ੍ਰਾਊਂਡ ਹੈ। ਉਸ ਖਿਲਾਫ 4 ਮਾਮਲੇ ਦਰਜ ਹਨ ਤੇ ਜ਼ਮਾਨਤ ‘ਤੇ ਸੀ। ਇਸ ਤੋਂ ਇਲਾਵਾ ਖਆਲਿਸਤਾਨ ਵਿਰੋਧੀ ਮਾਰਚ ਕੱਢਣ ਵਾਲੇ ਹਰੀਸ਼ ਸਿੰਗਲਾ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਬਰਖਾਸਤ ਆਗੂ ਹਰੀਸ਼ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਸੀ। ਸਿੰਗਲਾ ਹੀ ਇਸ ਖਾਲਿਸਤਾਨ ਵਿਰੋਧੀ ਮਾਰਚ ਦੀ ਅਗਵਾਈ ਕਰ ਰਿਹਾ ਸੀ। ਇਸ ਮਗਰੋਂ ਉਸ ਨੂੰ ਪਾਰਟੀ ਨੇ ਬਾਹਰ ਕੱਢ ਦਿੱਤਾ। ਦੇਰ ਸ਼ਾਮ ਕਾਲੀ ਮਾਤਾ ਮੰਦਰ ਵਿੱਚ ਹਿੰਦੂ ਸੰਗਠਨਾਂ ਦੀ ਮੀਟਿੰਗ ਬੁਲਾਈ ਗਈ ਸੀ, ਜਿਥੇ ਸਿੰਗਲਾ ਦੇ ਪਹੁੰਚਣ ਮਗਰੋਂ ਉਸ ਨਾਲ ਮਾਰ-ਕੁੱਟ ਕੀਤੀ ਗਈ। ਉਸ ਦੀ ਗੱਡੀ ਵੀ ਤੋੜ ਦਿੱਤੀ ਗਈ। ਸਿੰਗਲਾ ਦੇ ਪੁੱਤਰ ਦੇ ਨਾਲ ਵੀ ਲੋਕਾਂ ਨੇ ਮਾਰਕੁੱਟ ਕੀਤੀ ਸੀ।
ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ, ਪਟਿਆਲਾ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਦੀਪਕ ਪਾਰਿਕ ਨੇ ਕਿਹਾ ਹੈ ਕਿ ਬੀਤੇ ਦਿਨ ਮਾਤਾ ਕਾਲੀ ਦੇਵੀ ਮੰਦਿਰ ਨੇੜੇ ਹਿੰਦੂ ਤੇ ਸਿੱਖ ਜਥੇਬੰਦੀਆਂ ਦਰਮਿਆਨ ਹੋਏ ਟਕਰਾਅ ਦੇ ਮਾਮਲੇ ‘ਚ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਪਟਿਆਲਾ ਜ਼ਿਲ੍ਹੇ ਅਤੇ ਖਾਸ ਕਰਕੇ ਸ਼ਹਿਰ ‘ਚ ਮਾਹੌਲ ਪੂਰਾ ਸ਼ਾਂਤ ਹੈ ਤੇ ਜ਼ਿਲ੍ਹਾ ਪੁਲਿਸ ਸਮੇਤ ਵਿਸ਼ੇਸ਼ ਪੁਲਿਸ ਬਲਾਂ ਦੀਆਂ ਵਾਧੂ ਟੁਕੜੀਆਂ ਵੱਲੋਂ 24 ਘੰਟੇ ਮੁਸਤੈਦੀ ਵਰਤੀ ਜਾ ਰਹੀ ਹੈ ਤਾਂ ਕਿ ਆਮ ਨਾਗਰਿਕਾਂ ਦਾ ਕਾਨੂੰਨ ਵਿਵਸਥਾ ‘ਚ ਵਿਸ਼ਵਾਸ ਬਹਾਲ ਰਹੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਅਮਨ-ਸ਼ਾਂਤੀ ਤੇ ਫ਼ਿਰਕੂ ਇਕਸੁਰਤਾ ਨੂੰ ਢਾਹ ਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਰੜੇ ਹੱਥੀਂ ਲਿਆ ਜਾਵੇਗਾ। ਇਸ ਤੋਂ ਬਿਨ੍ਹਾਂ ਸੋਸ਼ਲ ਮੀਡੀਆ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਦੇਰ ਸ਼ਾਮ ਕੀਤੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੰਦਰ ਗੈਂਦ ਨੇ ਕਿਹਾ ਕਿ ਪਟਿਆਲਾ ਅਤੇ ਪੰਜਾਬ ਦਾ ਸ਼ਾਂਤਮਈ ਮਾਹੌਲ ਵਿਗਾੜਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਦੀ ਘਟਨਾ ਨੂੰ ਪੁਲਿਸ ਨੇ ਪੂਰੀ ਪੇਸ਼ੇਵਰਾਨਾ ਸੂਝ-ਬੂਝ ਨਾਲ ਸੁਲਝਾਇਆ ਹੈ, ਜਿਸ ਲਈ ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ। ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਹਿੰਦੂ ਤੇ ਸਿੱਖ ਜਥੇਬੰਦੀਆਂ ਦੇ ਆਪਸੀ ਤਕਰਾਰ ‘ਚ ਜਿੱਥੇ ਸ਼ਿਵ ਸੈਨਾ ਦੇ ਆਗੂ ਹਰੀਸ਼ ਸਿੰਗਲਾ ਸਮੇਤ ਦੋ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਥੇ ਹੀ ਸਮੁੱਚੇ ਮਾਮਲੇ ‘ਚ ਮੁੱਖ ਦੋਸ਼ੀ ਵਜੋਂ ਬਰਜਿੰਦਰ ਸਿੰਘ ਪਰਵਾਨਾ ਉਰਫ਼ ਸਨੀ ਪੁੱਤਰ ਕਰਨੈਲ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਰਾਜਪੁਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਰਜਿੰਦਰ ਸਿੰਘ ਪਰਵਾਨਾ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਤੇ ਉਹ ਗਰਮ ਸੁਭਾਅ ਤੇ ਕੱਟੜ ਖਿਆਲਾਂ ਦਾ ਸ਼ਖ਼ਸ ਹੈ, ਜਦੋਂਕਿ ਹਰੀਸ਼ ਸਿੰਗਲਾ ਦਾ ਦੋ ਦਿਨਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਆਈ.ਜੀ. ਛੀਨਾ ਨੇ ਦੱਸਿਆ ਕਿ ਪੂਰੇ ਮਾਮਲੇ ਸਬੰਧੀਂ 6 ਵੱਖ-ਵੱਖ ਪੁਲਿਸ ਕੇਸ ਦਰਜ ਕੀਤੇ ਹਨ, ਜਿਨ੍ਹਾਂ ‘ਚੋਂ 5 ਥਾਣਾ ਕੋਤਵਾਲੀ ਅਤੇ 1 ਮੁਕੱਦਮਾ ਥਾਣਾ ਲਾਹੌਰੀ ਗੇਟ ਵਿਖੇ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਸੀ.ਸੀ.ਟੀ.ਵੀ ਫੁਟੇਜ਼ ਸਮੇਤ ਸੋਸ਼ਲ ਮੀਡੀਆ ਨੂੰ ਵੀ ਵਾਚਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇੱਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਪਿੰਡ ਅਜਨਾਲੀ ਦੇ ਵਸਨੀਕ ਬਲਵਿੰਦਰ ਸਿੰਘ, ਜਿਸ ਦੇ ਗੋਲੀ ਲੱਗੀ ਹੈ, ਦਾ ਡਾਕਟਰਾਂ ਦੀ ਟੀਮ, ਜਿਸ ‘ਚ ਪੀ.ਜੀ.ਆਈ. ਦੇ ਮਾਹਰ ਵੀ ਸ਼ਾਮਲ ਹਨ, ਵੱਲੋਂ ਪੂਰਾ ਮੁਆਇਨਾ ਕੀਤਾ ਜਾ ਰਿਹਾ ਹੈ, ਦੇ ਇਲਾਜ ‘ਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ। ਐਸ.ਐਸ.ਪੀ. ਦੀਪਕ ਪਾਰਿਕ ਨੇ ਕਿਹਾ ਕਿ ਹਰ ਮੁਕੱਦਮੇ ਦੀ ਪੂਰੀ ਪੜਤਾਲ ਬਿਨਾਂ ਕਿਸੇ ਦਬਾਅ ਤੋਂ ਸੁਤੰਤਰ ਢੰਗ ਨਾਲ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਇਆ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਆਈ.ਜੀ. ਸ. ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਆਸ਼ੂਤੋਸ਼ ਗੌਤਮ ਪੁੱਤਰ ਪਿਤਾਂਬਰ ਦੱਤ ਦੇ ਬਿਆਨਾਂ ‘ਤੇ ਦਰਜ ਮੁਕੱਦਮਾ ਨੰਬਰ 73/22 ਥਾਣਾ ਕੋਤਵਾਲੀ, ਦੀ ਛਾਣਬੀਣ ਕਰਦਿਆਂ 24 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ‘ਚ ਮੁੱਖ ਦੋਸ਼ੀ ਕੁਲਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਬਿਜਲਪੁਰ ਅੱਡਾ ਢੈਂਠਲ ਤੇ ਬਰਜਿੰਦਰ ਸਿੰਘ ਪਰਵਾਨਾ ਸ਼ਾਮਲ ਹਨ ਤੇ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਬਾਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਲੁਕ ਆਊਟ ਕਾਰਨਰ ਜਾਰੀ ਕਰਵਾਉਣ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ। ਆਈ.ਜੀ. ਸ. ਛੀਨਾ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਐਸ.ਆਈ. ਮੇਵਾ ਸਿੰਘ ਥਾਣਾ ਕੋਤਵਾਲੀ ਦੇ ਰੁੱਕੇ ‘ਤੇ ਦਰਜ ਮੁਕਦਮਾ ਨੰਬਰ 74/22 ‘ਚ ਹਰੀਸ਼ ਸਿੰਗਲਾ ਪੁੱਤਰ ਰਾਜ ਕੁਮਾਰ ਸਿੰਗਲਾ ਅਤੇ 40/50 ਹੋਰ ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਐਸ.ਐਸ.ਪੀ ਨੇ ਦਰਜ ਹੋਏ ਮੁਕਦਮਿਆਂ ਬਾਰੇ ਦੱਸਿਆ ਕਿ ਮੁਕੱਦਮਾ ਨੰਬਰ 72 ਮਿਤੀ 29 ਅਪ੍ਰੈਲ 2022 ਅ/ਧ 307/323/506/148/149/ ਆਈ.ਪੀ.ਸੀ. 25, 27/54/59 ਏ ਏ.ਸੀ.ਟੀ. ਥਾਣਾ ਕੋਤਵਾਲੀ ਪਟਿਆਲਾ, ਮੁਕੱਦਮਾ ਨੰਬਰ 73 ਮਿਤੀ 29 ਅਪ੍ਰੈਲ 2022 ਅ/ਧ 323, 324,506,148,149 ਆਈ.ਪੀ.ਸੀ. ਥਾਣਾ ਕੋਤਵਾਲੀ ਪਟਿਆਲਾ ਵਾਧਾ ਜੁਰਮ 307 ਆਈ.ਪੀ.ਸੀ., ਮੁਕੱਦਮਾ ਨੰਬਰ 74 ਮਿਤੀ 29 ਅਪ੍ਰੈਲ 2022 ਅ/ਧ 353,186,188,153-ਏ,506,148,149,120-ਬੀ ਆਈ.ਪੀ.ਸੀ. ਥਾਣਾ ਕੋਤਵਾਲੀ ਪਟਿਆਲਾ, ਮੁਕੱਦਮਾ ਨੰਬਰ 75 ਮਿਤੀ 29 ਅਪ੍ਰੈਲ 2022 ਅ/ਧ 324,323,506,148,149 ਆਈ.ਪੀ.ਸੀ. ਥਾਣਾ ਕੋਤਵਾਲੀ ਪਟਿਆਲਾ, ਮੁਕੱਦਮਾ ਨੰਬਰ 76 ਮਿਤੀ 30 ਅਪ੍ਰੈਲ 2022 ਅ/ਧ 153-ਏ, 380,427,147,148,149-ਆਈ.ਪੀ.ਸੀ. ਪ੍ਰੀਵੇਨਸ਼ਨ ਆਫ਼ ਡੇਮੇਜ਼ ਟੂ ਪਬਲਿਕ ਪ੍ਰਾਪਰਟੀ ਐਕਟ 1984 ਥਾਣਾ ਕੋਤਵਾਲੀ ਪਟਿਆਲਾ ਤੋਂ ਇਲਾਵਾ ਮੁਕੱਦਮਾ ਨੰਬਰ 71 ਮਿਤੀ 30 ਅਪ੍ਰੈਲ 2022 ਅ/ਧ 29/04/2022, ਅ/ਧ 323,324,341,353,186,148,149 ਆਈ.ਪੀ.ਸੀ. ਥਾਣਾ ਲਾਹੌਰੀ ਗੇਟ ਪਟਿਆਲਾ ਦਰਜ ਕੀਤਾ ਗਿਆ ਹੈ।
ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਵਿਰੋਧੀ ਧਿਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ‘ਚ ਲੱਗਾ ਹੈ ਅਤੇ ਉਸ ਨੂੰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਲੋਕਪ੍ਰਿਅਤਾ ਬਰਦਾਸ਼ਤ ਨਹੀਂ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਦੀਆਂ ਹਿੰਸਕ ਝੜਪਾਂ ‘ਤੇ ਤਿੱਖਾ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਝੜਪਾਂ ਦੋ ਭਾਈਚਾਰਿਆਂ ਵਿਚਾਲੇ ਨਹੀਂ ਹੋਈਆਂ, ਸਗੋਂ ਦੋ ਪਾਰਟੀਆਂ ਵਿਚਾਲੇ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ‘ਚ ਸ਼ਾਮਲ ਇਕ ਨੇਤਾ ਭਾਜਪਾ ਨਾਲ ਸੰਬੰਧ ਰੱਖਦਾ ਹੈ, ਦੂਜਾ ਨੇਤਾ ਅਕਾਲੀ ਦਲ ਨਾਲ ਸੰਬੰਧ ਰੱਖਦਾ ਹੈ ਜਦੋਂ ਕਿ ਇਕ ਹੋਰ ਵਰਕਰ ਅਕਾਲੀ ਦਲ (ਅੰਮ੍ਰਿਤਸਰ) ਨਾਲ ਸੰਬੰਧ ਰੱਖਦਾ ਹੈ। ਮੁੱਖ ਮੰਤਰੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਇਸ ਦੇ ਪਿੱਛੇ ਕੋਈ ਡੂੰਘੀ ਸਾਜ਼ਿਸ਼ ਹੋ ਸਕਦੀ ਹੈ ਤਾਂ ਭਗਵੰਤ ਮਾਨ ਨੇ ਕਿਹਾ ਕਿ ਸਾਜ਼ਿਸ਼ ਦਾ ਪਤਾ ਲਾਉਣ ਲਈ ਉਨ੍ਹਾਂ ਨੇ ਪਹਿਲਾਂ ਹੀ ਡੂੰਘਾਈ ਨਾਲ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਪਸੀ ਭਾਈਚਾਰੇ ਨੂੰ ਕੋਈ ਖ਼ਤਰਾ ਨਹੀਂ ਹੈ। ਹਿੰਦੂ-ਸਿੱਖ ਏਕਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਜੋ ਵੀ ਭੜਕਾਊ ਕੰਮ ਕਰੇਗਾ, ਉਸ ਨੂੰ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅਸਲ ‘ਚ ਸਮੁੱਚਾ ਵਿਰੋਧੀ ਧਿਰ ਇਸ ਸਮੇਂ ਬੌਖਲਾਇਆ ਹੋਇਆ ਹੈ ਕਿਉਂਕਿ ਇਕ ਤਾਂ ਉਸ ਨੂੰ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਚੋਣਾਂ ‘ਚ ਜਿੱਤ ਸਹਿਣ ਨਹੀਂ ਹੋ ਰਹੀ ਹੈ ਅਤੇ ਦੂਜਾ ‘ਆਪ’ ਸਰਕਾਰ ਵੱਲੋਂ ਚੁੱਕੇ ਗਏ ਕ੍ਰਾਂਤੀਵਾਦੀ ਕਦਮ ਅਤੇ ਪੰਜਾਬ ਨੂੰ ਤਰੱਕੀ ਵੱਲ ਲੈ ਜਾਣਾ ਵੀ ਉਸ ਨੂੰ ਸਹਿਣ ਨਹੀਂ ਹੋ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਪਹਿਲਾਂ ਹੀ ਕੋਈ ਵੀ ਵਿਰੋਧੀ ਧਿਰ ਸਰਕਾਰ ‘ਤੇ ਉਂਗਲ ਨਹੀਂ ਉਠਾ ਸਕਦਾ ਹੈ, ਕਿਉਂਕਿ ਭ੍ਰਿਸ਼ਟਾਚਾਰ ‘ਚ ਖੁਦ ਵਿਰੋਧੀ ਨੇਤਾ ਸ਼ਾਮਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਡੇਢ ਮਹੀਨਿਆਂ ਦੇ ਅੰਦਰ ਜੋ ਫੈਸਲੇ ਲਏ ਹਨ, ਉਸ ਬਾਰੇ ਕੋਈ ਵੀ ਉਂਗਲ ਨਹੀਂ ਚੁੱਕ ਸਕਦਾ ਹੈ, ਕਿਉਂਕਿ ਇਹ ਸਾਰੇ ਫ਼ੈਸਲੇ ਜਨਤਾ ਦੇ ਲਈ ਲਏ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ‘ਚ ਰੱਖਣ ਦੇ ਪਹਿਲਾਂ ਹੀ ਹੁਕਮ ਡੀ. ਜੀ. ਪੀ. ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਇਕ-ਇਕ ਕਰ ਕੇ ਪੰਜਾਬ ਦੀ ਜਨਤਾ ਦੇ ਹਿਤਾਂ ‘ਚ ਫੈਸਲੇ ਲੈ ਰਹੀ ਹੈ ਅਤੇ ਇਸ ਕਾਰਜ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦੀ ਇਸ ਕਾਂਡ ‘ਚ ਸ਼ਮੂਲੀਅਤ ਪਹਿਲਾਂ ਹੀ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸ਼ਵਨੀ ਸ਼ਰਮਾ ਦਾ ਉਸੇ ਦਿਨ ਪਟਿਆਲਾ ‘ਚ ਮੱਥਾ ਟੇਕਣ ਲਈ ਜਾਣ ‘ਤੇ ਵੀ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਦੀ ਸਥਿਤੀ ਨਾਲ ਖਿਲਵਾੜ ਕਰਨ ਵਾਲਾ ਨੇਤਾ ਭਾਵੇਂ ਕਿੰਨੇ ਵੀ ਉੱਚੇ ਅਹੁਦੇ ‘ਤੇ ਬਿਰਾਜਮਾਨ ਕਿਉਂ ਨਾ ਹੋਵੇ, ਉਸ ਨੂੰ ਸਹਿਨ ਨਹੀਂ ਕੀਤਾ ਜਾਵੇਗਾ। ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਸੂਬੇ ‘ਚ ਅਮਨ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖੇਗੀ।