ਪੰਜਾਬ ਵਿੱਚ ਜਲਦ ਹੀ ਸਰਕਾਰੀ ਨੌਕਰੀਆਂ (Government Jobs in Punjab) ਮਿਲਣ ਜਾ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਹੇਠ ਸੋਮਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ (Punjab Cabinet Meeting) ’ਚ ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਈਆਂ 26,454 ਅਸਾਮੀਆਂ ਨੂੰ ਭਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਭਰਤੀ ਦੀ ਪ੍ਰਕਿਰਿਆ ਹੁਣ ਸ਼ੁਰੂ ਕਰ ਦਿੱਤੀ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਸਰਕਾਰ ਨੇ ਗ੍ਰਹਿ ਮਾਮਲੇ ਤੇ ਨਿਆਂ ਤੇ ਸਿੱਖਿਆ ਦੇ ਖੇਤਰ ਵਿੱਚ ਸਭ ਤੋਂ ਵੱਧ ਅਸਾਮੀਆਂ ਭਰਨ ਨੂੰ ਤਰਜੀਹ ਦਿੱਤੀ ਹੈ। ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵਿੱਚ 10,475, ਸਕੂਲੀ ਸਿੱਖਿਆ ਵਿੱਚ 6,452, ਬਿਜਲੀ ਵਿਭਾਗ ’ਚ 1,690, ਸਿਹਤ ਤੇ ਪਰਿਵਾਰ ਭਲਾਈ ’ਚ 2,187, ਪੇਂਡੂ ਵਿਕਾਸ ਤੇ ਪੰਚਾਇਤਾਂ ਵਿੱਚ 803, ਸਹਿਕਾਰਤਾ ਵਿੱਚ 777 ਤੇ ਤਕਨੀਕੀ ਸਿੱਖਿਆ ਵਿੱਚ 989 ਅਸਾਮੀਆਂ ਭਰੀਆਂ ਜਾਣਗੀਆਂ।
ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ’ਚ 67, ਪਸ਼ੂ ਪਾਲਣ ’ਚ 218, ਕਰ ਅਤੇ ਆਬਕਾਰੀ ’ਚ 338, ਵਿੱਤ ਵਿਭਾਗ ’ਚ 446, ਜੰਗਲਾਤ ’ਚ 204, ਉਚੇਰੀ ਸਿੱਖਿਆ ਤੇ ਭਾਸ਼ਾ ’ਚ 210, ਘਰੇਲੂ ਤੇ ਸ਼ਹਿਰੀ ਵਿਕਾਸ ’ਚ 235, ਸਥਾਨਕ ਸਰਕਾਰਾਂ ਵਿੱਚ 547, ਮੈਡੀਕਲ ਸਿੱਖਿਆ ਤੇ ਖੋਜ ਵਿੱਚ 275, ਯੋਜਨਾਬੰਦੀ ’ਚ 16, ਜੇਲ੍ਹਾਂ ’ਚ 9, ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ’ਚ 8, ਵਿਗਿਆਨ ਤਕਨੀਕ ਤੇ ਵਾਤਾਵਰਣ ’ਚ 123, ਸਮਾਜਿਕ ਨਿਆਂ ’ਚ 30, ਸਮਾਜਿਕ ਸੁਰੱਖਿਆ ਵਿੱਚ 82 ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 155 ਖਾਲੀ ਅਸਾਮੀਆਂ ਭਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਨੇ ਭਰਤੀ ਨੂੰ ਪਾਰਦਰਸ਼ੀ, ਨਿਰਪੱਖ ਤੇ ਸਮਾਂਬੱਧ ਭਰਤੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਫ਼ੈਸਲਾ ਲਿਆ ਕਿ ਗਰੁੱਪ-ਸੀ ਦੀਆਂ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਨਹੀਂ ਲਈ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਲਈ ਰੁਜਗਾਰ ਵੱਡਾ ਮੁੱਦਾ ਹੈ ਕਿਉਂਕਿ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਉਨ੍ਹਾਂ ਦਾ ਹਰਾ ਪੈਨ ਨੌਕਰੀਆਂ ਵਾਲੀ ਫਾਈਲ ਉੱਪਰ ਚੱਲੇਗਾ।