ਤੁਸੀਂ ਬਹੁਤ ਸਾਰੇ ਜਾਨਵਰਾਂ ਨੂੰ ਬਹੁਤ ਜ਼ਿਆਦਾ ਕੀਮਤ ‘ਤੇ ਵਿਕਦੇ ਦੇਖਿਆ ਤੇ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਊਠ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਊਠ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਸ਼ਾਇਦ ਉੱਡ ਜਾਣਗੇ ਤੇ ਤੁਸੀਂ ਦੰਦਾਂ ਹੇਠ ਉਂਗਲ ਦਬਾਉਣ ਲਈ ਮਜਬੂਰ ਹੋ ਜਾਓਗੇ।
ਦਰਅਸਲ, ਸਾਊਦੀ ਅਰਬ ਵਿੱਚ ਇੱਕ ਊਠ ਇੰਨੀ ਮਹਿੰਗੀ ਕੀਮਤ ਵਿੱਚ ਵਿਕ ਰਿਹਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਊਠ ਦੁਨੀਆ ਦਾ ਸਭ ਤੋਂ ਕੀਮਤੀ ਊਠ ਹੈ। ਇਸ ਊਠ ਦੀ ਕੀਮਤ 70 ਲੱਖ ਸਾਊਦੀ ਰਿਆਲ ਯਾਨੀ ਕਰੀਬ 14 ਕਰੋੜ 23 ਲੱਖ ਰੁਪਏ ਲਗੀ ਹੈ।
‘ਗਲਫ ਨਿਊਜ਼’ ਦੀ ਰਿਪੋਰਟ ਮੁਤਾਬਕ ਸਾਊਦੀ ਅਰਬ ‘ਚ ਇਸ ਊਠ ਦੀ ਵਿਕਰੀ ਲਈ ਜਨਤਕ ਨਿਲਾਮੀ ਕੀਤੀ ਗਈ। ਨਿਲਾਮੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਲੋਕ ਰਵਾਇਤੀ ਕੱਪੜੇ ਪਾਏ ਹੋਏ ਹਨ ਤੇ ਇੱਕ ਵਿਅਕਤੀ ਮਾਈਕ੍ਰੋਫੋਨ ਰਾਹੀਂ ਊਠਾਂ ਦੀ ਨਿਲਾਮੀ ਲਈ ਬੋਲੀ ਲਗਾਉਂਦਾ ਨਜ਼ਰ ਆ ਰਿਹਾ ਹੈ।
ਦੱਸ ਦੇਈਏ ਕਿ ਨੀਲਾਮੀ ਦੌਰਾਨ ਊਠ ਦੀ ਕੀਮਤ 10 ਕਰੋੜ 60 ਲੱਖ ਰੁਪਏ ਦੇ ਕਰੀਬ ਰੱਖੀ ਗਈ ਸੀ, ਜਿਸ ਤੋਂ ਬਾਅਦ ਬੋਲੀ ਲੱਗਣ ਤੇ ਇਸ ਨੂੰ 14 ਕਰੋੜ 23 ਲੱਖ ਰੁਪਏ ‘ਚ ਖਰੀਦਿਆ ਗਿਆ। ਵੀਡੀਓ ਤੋਂ ਇਹ ਪਤਾ ਨਹੀਂ ਲੱਗ ਰਿਹਾ ਹੈ ਕਿ ਇੰਨੀ ਉੱਚੀ ਬੋਲੀ ਲਗਾ ਕੇ ਇਸ ਊਠ ਨੂੰ ਖਰੀਦਣ ਵਾਲਾ ਕੌਣ ਹੈ।
ਇੰਨੀ ਜ਼ਿਆਦਾ ਕੀਮਤ ‘ਤੇ ਵਿਕਣ ਵਾਲਾ ਇਹ ਊਠ ਦੁਨੀਆ ਭਰ ‘ਚ ਦੇਖਿਆ ਜਾਣ ਵਾਲਾ ਸਭ ਤੋਂ ਦੁਰਲੱਭ ਊਠ ਹੈ। ਇਸ ਊਠ ਦੀ ਖ਼ੂਬਸੂਰਤੀ ਤੇ ਵਿਲੱਖਣਤਾ ਦਾ ਜ਼ਿਕਰ ਦੁਨੀਆਂ ਭਰ ਵਿੱਚ ਕੀਤਾ ਜਾਂਦਾ ਹੈ ਕਿਉਂਕਿ ਇਸ ਪ੍ਰਜਾਤੀ ਦੇ ਊਠ ਦੁਨੀਆਂ ਵਿੱਚ ਘੱਟ ਹੀ ਪਾਏ ਜਾਂਦੇ ਹਨ। ਸਾਊਦੀ ਅਰਬ ਵਿੱਚ ਊਠ ਮੇਲਾ ਲੱਗਦਾ ਹੈ ਜਿੱਥੇ ਇਹ ਊਠ ਦੀ ਬੋਲੀ ਲੱਗੀ ਹੈ।