Home » ਪੂਰਬੀ ਯੂਕਰੇਨ ‘ਚ ਜ਼ਬਰਦਸਤ ਗੋਲ਼ਾਬਾਰੀ ਦੌਰਾਨ ਰੂਸ ਨੇ ਉਤਾਰੀ ਹੋਰ ਫ਼ੌਜ
Home Page News World World News

ਪੂਰਬੀ ਯੂਕਰੇਨ ‘ਚ ਜ਼ਬਰਦਸਤ ਗੋਲ਼ਾਬਾਰੀ ਦੌਰਾਨ ਰੂਸ ਨੇ ਉਤਾਰੀ ਹੋਰ ਫ਼ੌਜ

Spread the news

ਪੂਰਬੀ ਯੂਕਰੇਨ ‘ਚ ਜ਼ਬਰਦਸਤ ਗੋਲ਼ਾਬਾਰੀ ਦੌਰਾਨ ਰੂਸ ਨੇ ਯੂਕਰੇਨੀ ਰੱਖਿਆ ਕਤਾਰ ਨੂੰ ਤਬਾਹ ਕਰਨ ਲਈ ਆਪਣੇ ਹੋਰ ਫ਼ੌਜੀ ਮੈਦਾਨ ‘ਚ ਉਤਾਰ ਦਿੱਤੇ ਹਨ। ਯੂਕਰੇਨੀ ਫ਼ੌਜ ਵੀ ਸੀਵਿਰੋਡੋਨੈਸਕ ਤੋਂ ਰੂਸੀ ਫ਼ੌਜੀਆਂ ਨੂੰ ਖਦੇੜਨ ਲਈ ਗਲੀ-ਗਲੀ ‘ਚ ਪੈਲ ਚੁੱਕੀ ਹੈ ਤੇ ਉਨ੍ਹਾਂ ਨਾਲ ਪੁਰਜ਼ੋਰ ਮੁਕਾਬਲਾ ਕਰ ਰਹੀ ਹੈ। ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਇਕ ਵੀਡੀਓ ਸੰਦੇਸ਼ ‘ਚ ਕਿਹਾ ਕਿ ਯੂਕਰੇਨੀ ਫ਼ੌਜੀਆਂ ਦੀ ਗਿਣਤੀ ਵਧੀ ਹੈ ਤੇ ਉਹ ਆਤਮ ਸਮਰਪਣ ਨਹੀਂ ਕਰਨ ਵਾਲੇ। ਇਸ ਦੌਰਾਨ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੁ ਨੇ ਲੁਹਾਂਸਕ ਦੇ 97 ਫ਼ੀਸਦੀ ਖੇਤਰ ਨੂੰ ਮੁਕਤ ਕਰਵਾਉਣ ਦਾ ਦਾਅਵਾ ਕੀਤਾ ਹੈ। ਲੁਹਾਂਸਕ ਦੇ ਗਵਰਨਰ ਸ਼ੇਰੀ ਹੈਦਾਈ ਨੇ ਮੰਗਲਵਾਰ ਨੂੰ ਦੱਸਿਆ ਕਿ ਰੂਸੀ ਫ਼ੌਜ ਨੇ ਸੀਵਿਰੋਡੋਨੈਸਕ ਦੇ ਤੱਟੀ ਸਨਅਤੀ ਖੇਤਰ ‘ਤੇ ਕਬਜ਼ਾ ਕਰ ਲਿਆ ਹੈ। ਇਹ ਯੂਕਰੇਨ ਦੇ ਕਬਜ਼ੇ ਵਾਲੇ ਲੁਹਾਂਸਕ ਖੇਤਰ ਦਾ ਪ੍ਰਮੁੱਖ ਸ਼ਹਿਰ ਹੈ। ਹੈਦਾਈ ਨੇ ਕਿਹਾ ਕਿ ਸੀਵਿਰੋਡੋਨੈਸਕ ਦੀਆਂ ਗਲੀਆਂ ‘ਚ ਜ਼ਬਰਦਸਤ ਲੜਾਈ ਜਾਰੀ ਹੈ, ਜਿਸ ਨੇ ਕਾਮਯਾਬੀ ਦੇ ਮਾਅਨੇ ਬਦਲ ਦਿੱਤੇ ਹਨ। ਹਾਲਾਤ ਲਗਾਤਾਰ ਬਦਲ ਰਹੇ ਹਨ, ਪਰ ਯੂਕਰੇਨੀ ਫ਼ੌਜੀ ਹਮਲਿਆਂ ਦਾ ਮੂੰਹਤੋੜ ਜਵਾਬ ਦੇ ਰਹੇ ਹਨ। ਰੂਸ, ਯੂਕਰੇਨ ਦੇ ਸੰਪੂਰਨ ਡੋਨਬਾਸ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਜਿਸ ‘ਚ ਡੋਨੈਸਕ ਤੇ ਲੁਹਾਂਸਕ ਖੇਤਰ ਸ਼ਾਮਿਲ ਹਨ। ਰੂਸ ਕੋਲ ਬਿਹਤਰ ਹਥਿਆਰ ਹਨ, ਪਰ ਯੂਕਰੇਨ ਦਾ ਦਾਅਵਾ ਹੈ ਕਿ ਉਸ ਦੇ ਬਿਹਤਰੀਨ ਸਿਖਲਾਈ ਹਾਸਲ ਫ਼ੌਜੀ ਰੂਸੀ ਹਮਲਿਆਂ ਦਾ ਮੁਕਾਬਲਾ ਕਰਨ ‘ਚ ਸਮਰੱਥ ਹਨ। ਰੂਸ ਸੀਵਿਰੋਡੋਨੈਸਕ ਦੇ ਕਰੀਬ ਆਪਣੇ ਸਾਰੇ ਕੰਟਰੋਲ ਵਾਲੇ ਲਿਸਿਚਾਂਸਕ ‘ਤੇ ਵੀ ਬੰਬਾਰੀ ਕਰ ਰਿਹਾ ਹੈ। ਹੈਦੀਆ ਨੇ ਦੱਸਿਆ ਕਿ ਰੂਸੀ ਫ਼ੌਜੀ ਸਥਾਨਕ ਬਾਜ਼ਾਰ, ਸਕੂਲ ਤੇ ਕਾਲਜ ਭਵਨਾ ‘ਤੇ ਵੀ ਬੰਬਾਰੀ ਕਰ ਰਹੇ ਹਨ। ਬਰਤਾਨੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸ ਸੀਵਿਰੋਡੋਨੈਸਕ ‘ਤੇ ਕਬਜ਼ੇ ਦੀ ਹਰ ਜੁਗਤ ਆਜ਼ਮਾ ਰਿਹਾ ਹੈ। ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਕਿਹਾ ਕਿ ਯੂਕਰੇਨੀ ਬੰਦਰਗਾਹ ਮਾਰੀਪੋਲ ਤੇ ਬਰਡੀਆਂਸਕ ‘ਤੇ ਵਿਛਾਈ ਗਈ ਮਾਈਨਸ ਹਟਾ ਲਈ ਗਈ ਹੈ ਤੇ ਉਹ ਅਨਾਜ ਦੀ ਖੇਪ ਭੇਜਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉੱਥੇ ਮਾਲਵਾਹਕ ਜਹਾਜ਼ਾਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਯੂਕਰੇਨ ਦੇ ਖੇਤੀ ਨੀਤੀ ਮਾਮਲਿਆਂ ਦੇ ਪਹਿਲੇ ਉਪ ਮੰਤਰੀ ਤਾਰਾਸ ਵਾਇਸੋਸਕੀ ਨੇ ਕਿਹਾ ਕਿ ਜੇਕਰ ਰੂਸ ਕਾਲਾ ਸਾਗਰ ਦੀ ਬੰਦਰਗਾਹਾਂ ਤੋਂ ਨਾਕਾਬੰਦੀ ਨਹੀਂ ਹਟਾਉਂਦਾ, ਉਨ੍ਹਾਂ ਦਾ ਦੇਸ਼ ਹਰ ਮਹੀਨੇ ਸਿਰਫ਼ 20 ਲੱਖ ਟਨ ਅਨਾਜ ਦੀ ਬਰਾਮਦ ਕਰ ਸਕੇਗਾ। ਜੰਗ ਦੀ ਸ਼ੁਰੂਆਤ ਤੋਂ ਪਹਿਲਾਂ ਯੂਕਰੇਨ ਹਰ ਮਹੀਨੇ 60 ਲੱਖ ਟਨ ਅਨਾਜ ਦੀ ਬਰਾਮਦ ਕਰਦਾ ਸੀ। ਬੰਦਰਗਾਰਾਂ ‘ਤੇ ਰੂਸ ਦੇ ਕਬਜ਼ੇ ਤੋਂ ਬਾਅਦ ‘ਚ ਇਸ ਕਮੀ ਆਈ ਹੈ। ਸੰਯੁਕਤ ਰਾਸ਼ਟਰ ਮਿਸ਼ਨ ‘ਚ ਚੀਨ ਦੇ ਉਪ ਸਥਾਈ ਨੁਮਾਇੰਦੇ ਰਾਜਦੂਤ ਦਾਈ ਬਿੰਗ ਨੇ ਸੋਮਵਾਰ ਨੂੰ ਯੂਕਰੇਨ ਨੂੰ ਲਗਾਤਾਰ ਹਥਿਆਰ ਮੁਹਈਆ ਕਰਵਾਉਣ ਤੇ ਰੂਸ ਖ਼ਿਲਾਫ਼ ਪਾਬੰਦੀ ਲਗਾਉਣ ਬਾਰੇ ਚਿਤਾਵਨੀ ਦਿੱਤੀ ਹੈ। ਯੂਕਰੇਨ ਜੰਗ ਸਬੰਧੀ ਜਿਨਸੀ ਹਿੰਸਾ ਤੇ ਮਨੁੱਖੀ ਤਸਕਰੀ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਦੀ ਹੋਈ ਬੈਠਕ ‘ਚ ਬਿੰਗ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਸ਼ਾਂਤੀ ਬਹਾਲੀ ਤੇ ਯੂਕਰੇਨ ‘ਤੇ ਰੂਸ ਨੂੰ ਗੱਲਬਾਤ ਸ਼ੁਰੂ ਕਰਨ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਹਥਿਆਰ ਮੁਹਈਆ ਕਰਵਾਉਣ ਤੇ ਪਾਬੰਦੀ ਲਗਾਉਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ, ਬਲਕਿ ਇਸ ਨਾਲ ਜੰਗ ਹੋਰ ਲੰਬੀ ਖਿੱਚ ਸਕਦੀ ਹੈ। ਰੂਸ ਲਈ ਜੰਗ ਕਰ ਰਹੇ ਵੈਗਨਰ ਸਮੂਹ ਦੇ ਲੜਾਕੇ ਵਲਾਦੀਮੀਰ ਐਂਡੋਨੋਵ ਨੂੰ ਟੋਹੀ ਮਿਸ਼ਨ ਦੌਰਾਨ ਇਕ ਸਨਾਈਪਰ ਨੇ ਪੰਜ ਜੂਨ ਨੂੰ ਖਾਰਕੀਵ ਨੇੜੇ ਮਾਰ ਸੁੱਟਿਆ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਐਂਡੋਨੋਵ ਨੂੰ ਰੂਸੀ ਆਪਣਾ ਹੀਰੋ ਮੰਨਦੇ ਸਨ, ਜਦਕਿ ਯੂਕਰੇਨੀ ਉਸ ਨੂੰ ਜੱਲਾਦ ਕਹਿੰਦੇ ਹਨ। ਦੋਸ਼ ਹੈ ਕਿ ਉਸ ਨੇ ਯੂਕਰੇਨ ‘ਤੇ ਸਾਲ 2014 ‘ਚ ਹੋਏ ਰੂਸੀ ਹਮਲੇ ਦੌਰਾਨ ਜੰਗ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕਈ ਨਾਗਰਿਕਾਂ ਦੀ ਹੱਤਿਆ ਕੀਤੀ ਸੀ।