Home » ਯੂਕੇ ਦੀਆਂ 70 ਕੰਪਨੀਆਂ ‘ਚ ਚਾਰ ਦਿਨਾ ਕੰਮਕਾਜੀ ਹਫ਼ਤੇ ਦਾ ਟ੍ਰਾਇਲ ਸ਼ੁਰੂ, 3300 ਤੋਂ ਜ਼ਿਆਦਾ ਮੁਲਾਜ਼ਮ ਸ਼ਾਮਲ
Home Page News World World News

ਯੂਕੇ ਦੀਆਂ 70 ਕੰਪਨੀਆਂ ‘ਚ ਚਾਰ ਦਿਨਾ ਕੰਮਕਾਜੀ ਹਫ਼ਤੇ ਦਾ ਟ੍ਰਾਇਲ ਸ਼ੁਰੂ, 3300 ਤੋਂ ਜ਼ਿਆਦਾ ਮੁਲਾਜ਼ਮ ਸ਼ਾਮਲ

Spread the news

ਯੂਨਾਈਟਿਡ ਕਿੰਗਡਮ ‘ਚ ਦੁਨੀਆ ਦਾ ਸਭ ਤੋਂ ਵੱਡਾ ਚਾਰ-ਦਿਨ ਕੰਮਕਾਜੀ ਹਫ਼ਤੇ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਯੂਕੇ ਦੀਆਂ 70 ਕੰਪਨੀਆਂ ਦੇ 3,300 ਤੋਂ ਵੱਧ ਕਰਮਚਾਰੀ ਚਾਰ ਦਿਨਾਂ ਦੇ ਕੰਮ ਦੇ ਹਫ਼ਤੇ ਦੇ ਟ੍ਰਾਇਲ ‘ਚ ਹਿੱਸਾ ਲੈ ਰਹੇ ਹਨ। ਪਾਇਲਟ ਪ੍ਰੋਗਰਾਮ ਛੇ ਮਹੀਨਿਆਂ ਤਕ ਚੱਲੇਗਾ। ਟਰਾਇਲ ਰੇਂਜ ਵਿੱਚ ਵਿੱਤੀ ਸੇਵਾ ਪ੍ਰਦਾਤਾਵਾਂ ਤੋਂ ਲੈ ਕੇ ਫਿਸ਼-ਐਂਡ-ਚਿੱਪ ਰੈਸਟੋਰੈਂਟ ਤਕ ਦੀਆਂ ਕੰਪਨੀਆਂ ਨੇ ਹਿੱਸਾ ਲਿਆ ਹੈ। ਟ੍ਰਾਇਲ 100:80:100 ਮਾਡਲ ‘ਤੇ ਆਧਾਰਿਤ ਹੈ। ਇਸ ਦਾ ਮਤਲਬ ਇਹ ਹੈ ਕਿ ਸਾਰੇ ਕਾਮੇ ਆਪਣਾ 80 ਫੀਸਦੀ ਸਮਾਂ ਦੇ ਕੇ 100 ਫੀਸਦੀ ਤਨਖਾਹ ਪ੍ਰਾਪਤ ਕਰਨਗੇ ਤੇ ਆਪਣੀ ਉਤਪਾਦਕਤਾ ਦਾ 100 ਫੀਸਦੀ ਵੀ ਬਰਕਰਾਰ ਰੱਖਣਗੇ। ਦਿ ਗਾਰਜੀਅਨ ਦੀ ਰਿਪੋਰਟ ਅਨੁਸਾਰ, ਪਾਇਲਟ ਪ੍ਰੋਗਰਾਮ ਦਾ 4 ਡੇ ਵੀਕ ਗਲੋਬਲ ਵੱਲੋਂ ਥਿੰਕਟੈਂਕ ਆਟੋਨੌਮੀ, 4 ਡੇ ਵੀਕ ਕੈਂਪੇਨ, ਕੈਂਬਰਿਜ ਯੂਨੀਵਰਸਿਟੀ, ਆਕਸਫੋਰਡ ਯੂਨੀਵਰਸਿਟੀ ਤੇ ਬੋਸਟਨ ਕਾਲਜ ਦੇ ਖੋਜੀਆਂ ਵੱਲੋਂ ਮਿਲ ਕੇ ਕੀਤਾ ਜਾ ਰਿਹਾ ਹੈ। ਬੋਸਟਨ ਕਾਲਜ ਵਿਖੇ ਸਮਾਜ ਸ਼ਾਸਤਰ ਦੇ ਪ੍ਰਮੁੱਖ ਖੋਜਕਰਤਾ ਜੂਲੀਅਰ ਸਕੋਰ ਨੇ ਮੀਡੀਆ ਹਾਊਸ ਨੂੰ ਦੱਸਿਆ ਕਿ ਅਸੀਂ ਵਿਸ਼ਲੇਸ਼ਣ ਕਰਾਂਗੇ ਕਿ ਤਣਾਅ ਭਰੀ ਜ਼ਿੰਦਗੀ ਤੋਂ ਮੁਕਤ, ਨੌਕਰੀ ਤੇ ਜੀਵਨ ਸੰਤੁਸ਼ਟੀ, ਸਿਹਤ, ਨੀਂਦ, ਯਾਤਰਾ ਤੇ ਜੀਵਨ ਦੇ ਕਈ ਹੋਰ ਪਹਿਲੂਆਂ ਦੇ ਰੂਪ ‘ਚ ਕਰਮਚਾਰੀ ਇਕ ਵਾਧੂ ਦਿਨ ਦੀ ਛੁੱਟੀ ਮਿਲਣ ‘ਤੇ ਕੀ ਪ੍ਰਤੀਕਿਰਿਆ ਦਿੰਦੇ ਹਨ। ਖਾਸ ਤੌਰ ‘ਤੇ ਸਰਕਾਰ-ਸਮਰਥਿਤ ਚਾਰ-ਦਿਨ ਹਫ਼ਤੇ ਦੇ ਟਰਾਇਲ ਕਥਿਤ ਤੌਰ ‘ਤੇ ਇਸ ਸਾਲ ਦੇ ਅਖੀਰ ‘ਚ ਸਪੇਨ ਤੇ ਸਕਾਟਲੈਂਡ ਵਿੱਚ ਸ਼ੁਰੂ ਹੋਣ ਵਾਲੇ ਹਨ। ਛੋਟੇ ਕੰਮਕਾਜੀ ਹਫ਼ਤੇ ਦਾ ਸਭ ਤੋਂ ਵੱਡਾ ਟ੍ਰਾਇਲ ਪਹਿਲੀ ਵਾਰ ਆਈਸਲੈਂਡ ਵੱਲੋਂ 2015 ਤੇ 2019 ਦੇ ਵਿਚਕਾਰ ਕਰਵਾਇਆ ਗਿਆ ਸੀ। ਲਗਪਗ 2,500 ਜਨਤਕ ਖੇਤਰ ਦੇ ਮੁਲਾਜ਼ਮਾਂ ਨੇ ਇਸ ਵਿਚ ਹਿੱਸਾ ਲਿਆ ਤੇ ਇਸ ਦੌਰਾਨ ਉਨ੍ਹਾਂ ਦੀ ਪ੍ਰੋਡਕਟੀਵਿਟੀ ‘ਚ ਕੋਈ ਕਮੀ ਨਹੀਂ ਮਿਲੀ ਸੀ। ਹਾਲ ਹੀ ਦੇ ਸਮੇਂ ‘ਚ ਕਈ ਦੇਸ਼ਾਂ ‘ਚ ਛੋਟੇ ਕੰਮਕਾਜੀ ਹਫ਼ਤਿਆਂ ਦੀ ਮੰਗ ਵਧੀ ਹੈ। ਮਹਾਮਾਰੀ ਦੌਰਾਨ ਕੰਪਨੀਆਂ ਨੇ ਵਰਕ ਫਰਾਮ ਹੋਮ ਦਾ ਮਾਡਲ ਅਪਣਾਇਆ, ਉਸ ਨਾਲ ਆਉਣ-ਜਾਣ ਦਾ ਸਮਾਂ ਤੇ ਖਰਚੇ ਵੀ ਘਟੇ।