Home » ਪੁਤਿਨ ਨੇ ਕਿਹਾ, ਰੋਕ ਹਟਣ ਤੇ ਹੋਵੇਗੀ ਕਣਕ ਬਰਾਮਦ…
Home Page News World World News

ਪੁਤਿਨ ਨੇ ਕਿਹਾ, ਰੋਕ ਹਟਣ ਤੇ ਹੋਵੇਗੀ ਕਣਕ ਬਰਾਮਦ…

Spread the news

ਰੂਸ ਨੇ ਸਾਫ਼ ਕਰ ਦਿੱਤਾ ਹੈ ਕਿ ਕੌਮਾਂਤਰੀ ਬਾਜ਼ਾਰ ‘ਚ ਕਣਕ ਦੀ ਸਪਲਾਈ ਲਈ ਉਸ ‘ਤੇ ਲੱਗੀਆਂ ਪਾਬੰਦੀਆਂ (ਰੋਕ) ਹਟਣੀ ਚਾਹੀਦੀ ਹੈ। ਪਾਬੰਦੀ ਹਟਾਏ ਬਗ਼ੈਰ ਉਸ ਲਈ ਸਮੁੰਦਰੀ ਮਾਰਗ ਰਾਹੀਂ ਕਣਕ ਦੀ ਸਪਲਾਈ ਕਰਨਾ ਸੰਭਵ ਨਹੀਂ ਹੈ। ਨਾਟੋ ਦੇ ਮੈਂਬਰ ਦੇਸ਼ ਤੁਰਕੀਏ ਨੇ ਰੂਸ ਦੀ ਇਸ ਸ਼ਰਤ ਦਾ ਸਮਰਥਨ ਕੀਤਾ ਹੈ। ਕਿਹਾ ਹੈ ਕਿ ਰੂਸ ਦੀ ਇਹ ਗੱਲ ਕਾਨੂੰਨੀ ਤੌਰ ‘ਤੇ ਸਹੀ ਹੈ। ਰੂਸ ਕਣਕ ਤੇ ਖਣਿਜ ਖਾਦ ਦਾ ਦੁਨੀਆ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ। ਇਸ ਸਮੇਂ ਕਣਕ ਦੇ ਵੱਡੇ ਬਰਾਮਦਕਾਰ ਯੂਕਰੇਨ ਦੀ ਕਣਕ ਬਰਾਮਦ ਵਿਵਸਥਾ ‘ਤੇ ਵੀ ਰੂਸ ਦਾ ਅਧਿਕਾਰ ਹੈ। ਇਸ ਹਾਲਤ ‘ਚ ਜੇਕਰ ਰੂਸ ਦੀ ਮੰਗ ਪੂਰੀ ਨਹੀਂ ਕੀਤੀ ਗਈ ਤਾਂ ਦੁਨੀਆ ‘ਚ ਖ਼ੁਰਾਕ ਦਾ ਸੰਕਟ ਪੈਦਾ ਹੋਣਾ ਤੈਅ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਰੂਸ ‘ਤੇ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਸਾਰੀਆਂ ਪਾਬੰਦੀਆਂ ਹਟਣੀਆਂ ਚਾਹੀਦੀਆਂ ਹਨ, ਤਾਂ ਹੀ ਕਣਕ ਬਰਾਮਦ ਸ਼ੁਰੂ ਕੀਤੀ ਜਾ ਸਕੇਗੀ। ਇਹ ਜਾਣਕਾਰੀ ਰਾਸ਼ਟਰਪਤੀ ਦਫ਼ਤਰ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਦਿੱਤੀ ਹੈ। ਬੁਲਾਰੇ ਨੇ ਦੱਸਿਆ ਕਿ ਯੂਕਰੇਨ ਜੰਗ ਦੇ ਵਿਰੋਧ ‘ਚ ਲੱਗੀਆਂ ਪਾਬੰਦੀਆਂ ਕਾਰਨ ਰੂਸੀ ਜਹਾਜ਼ਾਂ ਦੇ ਬੀਮੇ, ਭੁਗਤਾਨ ਤੇ ਯੂਰਪੀ ਬੰਦਰਗਾਹਾਂ ‘ਚ ਠਹਿਰਣ ‘ਤੇ ਪਾਬੰਦੀ ਹੈ। ਇਸ ਕਾਰਨ ਸਮੁੰਦਰ ‘ਚ ਮਾਲਵਾਹਕ ਜਹਾਜ਼ਾਂ ਦੀ ਆਵਾਜਾਈ ਸੰਭਵ ਨਹੀਂ ਹੈ। ਰੂਸ ਵੱਲੋਂ ਕਣਕ ਬਰਾਮਦ ‘ਚ ਆ ਰਹੀਆਂ ਵਿਹਾਰਕ ਰੁਕਾਵਟਾਂ ਬਾਰੇ ਸੰਯੁਕਤ ਰਾਸ਼ਟਰ ਤੇ ਪੱਛਮੀ ਦੇਸ਼ਾਂ ਨੂੰ ਦੱਸਿਆ ਗਿਆ ਹੈ। ਪਰ ਕੋਈ ਵੀ ਮੂਲ ਕਾਰਨਾਂ ‘ਤੇ ਚਰਚਾ ਨਹੀਂ ਕਰ ਰਿਹਾ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਗੱਲਬਾਤ ਤੋਂ ਬਾਅਦ ਤੁਰਕੀਏ (ਤੁਰਕੀ) ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੂਸੋਗਲੂ ਨੇ ਪਾਬੰਦੀ ਹਟਾਉਣ ਦੀ ਰੂਸ ਦੀ ਮੰਗ ਨੂੰ ਸਹੀ ਦੱਸਿਆ। ਰੂਸ ਤੇ ਯੂਕਰੇਨ ਮਿਲ ਕੇ ਦੁਨੀਆ ਦੀ ਜ਼ਰੂਰਤ ਦੀ ਕਰੀਬ 33 ਫ਼ੀਸਦੀ ਕਣਕ ਬਰਾਮਦ ਕਰਦੇ ਹਨ। ਰੂਸ ਖਾਦ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ। ਜਦਕਿ ਯੂਕਰੇਨ ਵੱਡੀ ਮਾਤਰਾ ‘ਚ ਮੱਕੀ ਤੇ ਸੂਰਜਮੁਖੀ ਤੇਲ ਦੀ ਵੀ ਬਰਾਮਦ ਕਰਦਾ ਹੈ। ਯੂਕਰੇਨ ਦੀਆਂ ਸਾਰੀਆਂ ਪ੍ਰਮੁੱਖ ਬੰਦਰਗਾਹਾਂ ‘ਤੇ ਰੂਸੀ ਫ਼ੌਜ ਦਾ ਕਬਜ਼ਾ ਹੈ। ਕਾਲਾ ਸਾਗਰ ‘ਚ ਰੂਸੀ ਨੇਵੀ ਨੇ ਨਾਕਾਬੰਦੀ ਕੀਤੀ ਹੋਈ ਹੈ। ਇਸ ਕਾਰਨ ਉੱਥੋਂ ਜਹਾਜ਼ਾਂ ਦੀ ਆਵਾਜਾਈ ਬੰਦ ਹੈ। ਸੰਯੁਕਤ ਰਾਸ਼ਟਰ ਮੁਤਾਬਕ ਯੂਕਰੇਨ ਦੁਨੀਆ ‘ਚ ਕਣਕ ਦਾ ਪੰਜਵਾਂ ਸਭ ਤੋਂ ਵੱਡਾ ਬਰਾਮਦਕਾਰ ਹੈ। ਉਹ ਦੁਨੀਆ ਦੀ ਜ਼ਰੂਰਤ ਦੀ ਦਸ ਫ਼ੀਸਦੀ ਕਣਕ ਬਰਾਮਦ ਕਰਦਾ ਹੈ।