ਸ਼੍ਰੀਲੰਕਾ ਪਿਛਲੇ ਕਈ ਮਹੀਨਿਆਂ ਤੋਂ ਬਹੁਤ ਜ਼ਿਆਦਾ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਸ਼੍ਰੀਲੰਕਾ ਦੀ ਮਦਦ ਲਈ ਭਾਰਤ ਸਮੇਤ ਕਈ ਦੇਸ਼ਾਂ ਨੇ ਹੱਥ ਵਧਾਏ ਹਨ। ਆਰਥਿਕ ਸੰਕਟ ‘ਚ ਘਿਰੇ ਸ਼੍ਰੀਲੰਕਾ ਨੇ ਯੂਰੀਆ ਖਰੀਦ ਲਈ ਭਾਰਤ ਤੋਂ ਸਾਢੇ ਪੰਜ ਲੱਖ ਡਾਲਰ ਦਾ ਕਰਜ਼ ਮੰਗਿਆ ਹੈ। ਕੈਬਨਿਟ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਚੁੱਕੀ ਹੈ। ਸ਼੍ਰੀਲੰਕਾ ਸਰਕਾਰ ਵਲੋਂ ਦੱਸਿਆ ਗਿਆ ਹੈ ਕਿ ਭਾਰਤ ਆਯਾਤ-ਨਿਰਯਾਤ ਬੈਂਕ ਦੇ ਰਾਹੀਂ ਉਕਤ ਰਾਸ਼ੀ ਦੇਣ ‘ਤੇ ਸਹਿਮਤ ਹੋ ਗਿਆ ਹੈ। ਉਧਰ ਸਮਾਚਾਰ ਏਜੰਸੀ ਏ.ਐੱਨ.ਆਈ ਦੇ ਅਨੁਸਾਰ ਸ਼੍ਰੀਲੰਕਾ ਦੇ ਖੇਤੀਬਾੜੀ ਮੰਤਰੀ ਮਹਿੰਦਾ ਅਮਰਵੀਰਾ ਨੇ ਖਾਧ ਸੁਰੱਖਿਆ ਅਤੇ ਵਾਤਾਵਰਣ ਸੁਰੱਖਿਆ ਲਈ ਵੀ ਭਾਰਤ ਤੋਂ ਮਦਦ ਮੰਗੀ ਹੈ। ਉਧਰ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਈਂਧਨ ਸਪਲਾਈ ਨੂੰ ਲੈ ਕੇ ਦੇਸ਼ ਦੇ ਲਈ ਅਗਲੇ ਤਿੰਨ ਹਫਤੇ ਬਹੁਤ ਔਖੇ ਹਨ। ਉਨ੍ਹਾਂ ਨੇ ਜਨਤਾ ਤੋਂ ਗੈਸ ਅਤੇ ਈਂਧਣ ਦੀ ਕਿਫਾਇਤ ਦੀ ਵਰਤੋਂ ਕਰਨ ਦਾ ਅਨੁਰੋਧ ਕੀਤਾ ਹੈ। ਵਿਕਰਮਸਿੰਘੇ ਨੇ ਸੰਸਦ ‘ਚ ਮੰਗਲਵਾਰ ਨੂੰ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ ਮਨੁੱਖੀ ਮਦਦ ਦੇ ਰੂਪ ‘ਚ ਚਾਰ ਮਹੀਨੇ ‘ਚ 4.8 ਕਰੋੜ ਦੇਣ ਦੀ ਤਿਆਰੀ ‘ਚ ਹੈ। ਇਸ ਵਿਚਾਲੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਜੀ.ਐੱਲ. ਪੇਈਰਿਸ ਨੇ ਕੋਲੰਬੋ ‘ਚ ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ ਨਾਲ ਮਿਲ ਕੇ ਭਾਰਤ ਦੀ ਇਕ ਚੰਗੇ ਗੁਆਂਢੀ ਦਾ ਧਰਮ ਨਿਭਾਉਣ ਲਈ ਪ੍ਰਸ਼ੰਸਾਂ ਕੀਤੀ ਹੈ।
ਸਮਾਚਾਰ ਏਜੰਸੀ ਪ੍ਰੇਟਰ ਮੁਤਾਬਕ ਸ਼੍ਰੀਲੰਕਾ ਕੈਬਨਿਟ ਨੇ ਸੱਤਾਧਾਰੀ ਦਲ ਦੇ ਕੁਝ ਮੈਂਬਰਾਂ ਦੇ ਵਿਰੋਧ ਦੇ ਚੱਲਦੇ 21ਵੇਂ ਸੰਵਿਧਾਨ ਸੰਸ਼ੋਧਨ ਦੇ ਪ੍ਰਸਤਾਵ ਦੀ ਮਨਜ਼ੂਰੀ ਇਕ ਹਫਤੇ ਦੇ ਲਈ ਟਾਲ ਦਿੱਤੀ ਹੈ। ਸੱਤਾਧਾਰੀ ਦਲ ਦੇ ਮੈਂਬਰ ਚਰਿਤ ਹੇਰਾਥ ਨੇ ਦੱਸਿਆ ਕਿ ਕੈਬਨਿਟ ਨੇ ਨਿਸ਼ਚਿਤ ਕੀਤਾ ਹੈ ਕਿ ਜਦੋਂ ਤੱਕ ਸਾਰੀਆਂ ਪਾਰਟੀਆਂ ਦੀ ਇਸ ‘ਤੇ ਸਹਿਮਤੀ ਨਹੀਂ ਬਣ ਜਾਂਦੀ ਉਦੋਂ ਤੱਕ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।