Home » ਜੰਗ ਦਰਮਿਆਨ ਰੂਸੀ ਪੱਤਰਕਾਰ ਦਾ ਵੱਡਾ ਫ਼ੈਸਲਾ, ਯੂਕ੍ਰੇਨੀ ਬੱਚਿਆਂ ਲਈ ਆਪਣਾ ਨੋਬਲ ਪੁਰਸਕਾਰ ਵੇਚਿਆ
Home Page News World World News

ਜੰਗ ਦਰਮਿਆਨ ਰੂਸੀ ਪੱਤਰਕਾਰ ਦਾ ਵੱਡਾ ਫ਼ੈਸਲਾ, ਯੂਕ੍ਰੇਨੀ ਬੱਚਿਆਂ ਲਈ ਆਪਣਾ ਨੋਬਲ ਪੁਰਸਕਾਰ ਵੇਚਿਆ

Spread the news

ਰੂਸੀ ਪੱਤਰਕਾਰ ਦਮਿਤਰੀ ਮੁਰਾਤੋਵ ਨੇ ਸ਼ਾਂਤੀ ਲਈ ਮਿਲੇ ਆਪਣੇ ਨੋਬਲ ਪੁਰਸਕਾਰ ਦੀ ਸੋਮਵਾਰ ਰਾਤ ਨੂੰ ਨਿਲਾਮੀ ਕੀਤੀ। ਮੁਰਾਤੋਵ ਨਿਲਾਮੀ ਤੋਂ ਹੋਣ ਵਾਲੀ ਕਮਾਈ ਸਿੱਧਾ ਯੂਨੀਸੇਫ ਨੂੰ ਦੇਣਗੇ ਤਾਂ ਜੋ ਯੂਕ੍ਰੇਨ ਵਿੱਚ ਜੰਗ ਕਾਰਨ ਬੇਘਰ ਹੋਏ ਬੱਚਿਆਂ ਦੀ ਮਦਦ ਕੀਤੀ ਜਾ ਸਕੇ। ਅਕਤੂਬਰ 2021 ਵਿੱਚ ਸੋਨ ਤਮਗੇ ਨਾਲ ਸਨਮਾਨਿਤ ਮੁਰਾਤੋਵ ਨੇ ਸੁਤੰਤਰ ਰੂਸੀ ਅਖ਼ਬਾਰ ਨੋਵਾਯਾ ਗਜ਼ਟ ਦੀ ਸਥਾਪਨਾ ਕੀਤੀ ਅਤੇ ਉਹ ਮਾਰਚ ਵਿੱਚ ਅਖ਼ਬਾਰ ਬੰਦ ਹੋਣ ਦੇ ਸਮੇਂ ਇਸ ਦੇ ਮੁੱਖ ਸੰਪਾਦਕ ਸਨ। ਯੂਕ੍ਰੇਨ ‘ਤੇ ਰੂਸ ਦੇ ਹਮਲੇ ਦੇ ਮੱਦੇਨਜ਼ਰ ਜਨਤਕ ਅਸੰਤੋਸ਼ ਨੂੰ ਦਬਾਉਣ ਅਤੇ ਪੱਤਰਕਾਰਾਂ ‘ਤੇ ਰੂਸੀ ਕਾਰਵਾਈਆਂ ਕਾਰਨ ਇਸ ਅਖ਼ਬਾਰ ਨੂੰ ਬੰਦ ਕਰ ਦਿੱਤਾ ਗਿਆ ਸੀ। ਮੁਰਾਤੋਵ ਨੇ ਪੁਰਸਕਾਰ ਦੀ ਨਿਲਾਮੀ ਤੋਂ ਮਿਲੀ 5,00,000 ਡਾਲਰ ਦੀ ਨਕਦ ਰਾਸ਼ੀ ਇੱਕ ਚੈਰਿਟੀ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾਨ ਦਾ ਉਦੇਸ਼ “ਸ਼ਰਨਾਰਥੀ ਬੱਚਿਆਂ ਨੂੰ ਭਵਿੱਖ ਲਈ ਇੱਕ ਮੌਕਾ ਦੇਣਾ” ਹੈ। ਮੁਰਾਤੋਵ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਉਹ ਖ਼ਾਸ ਤੌਰ ‘ਤੇ ਉਨ੍ਹਾਂ ਬੱਚਿਆਂ ਲਈ ਚਿੰਤਤ ਹਨ, ਜੋ ਯੂਕ੍ਰੇਨ ਵਿਚ ਸੰਘਰਸ਼ ਕਾਰਨ ਅਨਾਥ ਹੋ ਗਏ ਹਨ। ਉਨ੍ਹਾਂ ਕਿਹਾ, ‘ਅਸੀਂ ਉਨ੍ਹਾਂ ਦਾ ਭਵਿੱਖ ਵਾਪਸ ਦੇਣਾ ਚਾਹੁੰਦੇ ਹਾਂ।” ਹੈਰੀਟੇਜ ਆਕਸ਼ਨ ਦੁਆਰਾ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਮੁਰਾਤੋਵ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਰੂਸ ਦੇ ਖ਼ਿਲਾਫ਼ ਲਾਈਆਂ ਗਈਆਂ ਅੰਤਰਰਾਸ਼ਟਰੀ ਪਾਬੰਦੀਆਂ ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਵਰਗੀਆਂ ਮਾਨਵਤਾਵਾਦੀ ਸਹਾਇਤਾ ਨੂੰ ਲੋੜਵੰਦਾਂ ਤੱਕ ਪਹੁੰਚਣ ਤੋਂ ਰੋਕ ਨਹੀਂ ਸਕਦੀਆਂ। ਨਿਲਾਮੀ ਪ੍ਰਕਿਰਿਆ ਦਾ ਸੰਚਾਲਨ ਕਰਨ ਵਾਲੀ ਹੈਰੀਟੇਜ ਆਕਸ਼ਨ ਇਸ ਤੋਂ ਮਿਲਣ ਵਾਲੀ ਰਾਸ਼ੀ ਵਿਚੋਂ ਕੋਈ ਹਿੱਸਾ ਨਹੀਂ ਲੈ ਰਹੀ ਹੈ। ਮੁਰਾਤੋਵ ਨੂੰ ਪਿਛਲੇ ਸਾਲ ਫਿਲੀਪੀਨ ਦੀ ਪੱਤਰਕਾਰ ਮਾਰੀਆ ਰੇਸਾ ਨਾਲ ਸਾਂਝੇ ਤੌਰ ‘ਤੇ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਆਪਣੇ-ਆਪਣੇ ਦੇਸ਼ਾਂ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਕੀਤੇ ਗਏ ਸੰਘਰਸ਼ਾਂ ਲਈ ਸਨਮਾਨਿਤ ਕੀਤਾ ਗਿਆ। ਮੁਰਾਤੋਵ 2014 ਵਿੱਚ ਰੂਸ ਦੁਆਰਾ ਕ੍ਰੀਮੀਆ ‘ਤੇ ਕਬਜ਼ਾ ਕਰਨ ਅਤੇ ਯੂਕ੍ਰੇਨ ਵਿਰੁੱਧ ਜੰਗ ਛੇੜਨ ਦੇ ਸਖ਼ਤ ਆਲੋਚਕ ਰਹੇ ਹਨ।