Home » ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਨੇ ਚੀਨ ਨੂੰ ‘ਸਭ ਤੋਂ ਵੱਡੀ ਸੁਰੱਖਿਆ ਚਿੰਤਾ’ ਦੱਸਿਆ…
Home Page News World World News

ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਨੇ ਚੀਨ ਨੂੰ ‘ਸਭ ਤੋਂ ਵੱਡੀ ਸੁਰੱਖਿਆ ਚਿੰਤਾ’ ਦੱਸਿਆ…

Spread the news

ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲੇਸ ਨੇ ਵੀਰਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਲਈ ਚੀਨ ‘ਸਭ ਤੋਂ ਵੱਡੀ ਸੁਰੱਖਿਆ ਚਿੰਤਾ’ ਹੈ ਕਿਉਂਕਿ ਉਹ ਦੁਨੀਆ ਨੂੰ ਅਜਿਹਾ ਰੂਪ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਤਰ੍ਹਾਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੈ। ਚਾਰ ਦਿਨਾਂ ਦੇ ਦੌਰੇ ‘ਤੇ ਨਵੀਂ ਦਿੱਲੀ ਆਏ ਮਾਰਲੇਸ ਨੇ ਇਹ ਵੀ ਕਿਹਾ ਕਿ ਭਾਰਤ ਦੀਆਂ ਵੀ ਅਜਿਹੀਆਂ ਸੁਰੱਖਿਆ ਚਿੰਤਾਵਾਂ ਹਨ ਅਤੇ ਪੂਰਬੀ ਲੱਦਾਖ ਵਿੱਚ ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਨੂੰ ਲੈ ਕੇ ਆਸਟ੍ਰੇਲੀਆ ਨਵੀਂ ਦਿੱਲੀ ਨਾਲ ਇਕਜੁਟਤਾ ਨਾਲ ਖੜ੍ਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਨੇ ਚੀਨ ਅਤੇ ਰੂਸ ਵਿਚਾਲੇ ਵਧਦੇ ਰੱਖਿਆ ਅਤੇ ਸੁਰੱਖਿਆ ਸਹਿਯੋਗ ‘ਤੇ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਇਸ ਦਾ ਖਿੱਤੇ ‘ਤੇ ਅਸਰ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਮਾਰਲੇਸ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਵੀ ਹਨ। ਉਨ੍ਹਾਂ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਕੈਨਬਰਾ ਆਪਣੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਦਾ ਵਿਸਤਾਰ ਕਰਨ ਲਈ ਵਚਨਬੱਧ ਹਨ ਕਿਉਂਕਿ ਉਨ੍ਹਾਂ ਦਾ ਦੇਸ਼ ਵਿਸ਼ਵ ਪ੍ਰਤੀ ਆਪਣੇ ਨਜ਼ਰੀਏ ਵਿੱਚ ਭਾਰਤ ਨੂੰ “ਕੇਂਦਰ” ਵਿੱਚ ਦੇਖਦਾ ਹੈ। ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੀਨ ਨਾ ਸਿਰਫ ਆਸਟ੍ਰੇਲੀਆ ਲਈ ਸਗੋਂ ਭਾਰਤ ਲਈ ਵੀ ਉਸਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਇਹ ਨਾ ਸਿਰਫ਼ ਸਾਡੇ ਲਈ, ਸਗੋਂ ਭਾਰਤ ਲਈ ਵੀ ਸਭ ਤੋਂ ਵੱਡੀ ਸੁਰੱਖਿਆ ਚਿੰਤਾ ਹੈ। ਮਾਰਲੇਸ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਨਾ ਸਿਰਫ ਆਰਥਿਕ ਖੇਤਰ ਸਗੋਂ ਰੱਖਿਆ ਖੇਤਰ ਵਿਚ ਵੀ ਦੁੱਵਲੇ ਸਬੰਧਾਂ ਨੂੰ ਲੈਕੇ ਕਰੀਬੀ ਪੱਧਰ ‘ਤੇ ਕੰਮ ਕਰ ਰਹੇ ਹਨ ਤਾਂ ਜੋ ਦੇਸ਼ਾਂ ਦੀ ਰੱਖਿਆ ਅਤੇ ਸੁਰੱਖਿਆ ਸਥਿਤੀ ਨੂੰ ਮਜ਼ਬੂਤ​ਬਣਾਇਆ ਜਾ ਸਕੇ। ਦੋ ਸਾਲ ਪਹਿਲਾਂ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਹੋਏ ਸੰਘਰਸ਼ ਦੇ ਸੰਦਰਭ ਵਿੱਚ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਉਸ ਘਟਨਾ ‘ਤੇ ਭਾਰਤ ਦੇ ਨਾਲ ਇੱਕਜੁੱਟਤਾ ਨਾਲ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ‘ਚੀਨ ਸਾਡੇ ਆਲੇ-ਦੁਆਲੇ ਅਜਿਹੀ ਦੁਨੀਆ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਪਹਿਲਾਂ ਕਦੇ ਨਹੀਂ ਦੇਖੀ ਗਈ। ਪਿਛਲੇ ਕੁਝ ਸਾਲਾਂ ‘ਚ ਅਸੀਂ ਇਸ ਸਬੰਧ ‘ਚ ਚੀਨ ਦੇ ਵਧੇਰੇ ਹਮਲਾਵਰ ਰਵੱਈਏ ਨੂੰ ਖਾਸ ਤੌਰ ‘ਤੇ ਮਹਿਸੂਸ ਕੀਤਾ ਹੈ। ਮਾਰਲੇਸ ਨੇ ਕਿਹਾ ਕਿ ਇਹ ਅਸਲ ਵਿਚ ਜ਼ਰੂਰੀ ਹੈ ਕਿ ਅਸੀਂ ਅਜਿਹੀ ਦੁਨੀਆ ਵਿਚ ਰਹੀਏ ਜਿੱਥੇ ਕਾਨੂੰਨ ਆਧਾਰਿਤ ਵਿਵਸਥਾ ਹੋਵੇ, ਜਿੱਥੇ ਦੇਸ਼ਾਂ ਵਿਚਾਲੇ ਵਿਵਾਦਾਂ ਦਾ ਹੱਲ ਨਿਯਮਾਂ ਦੇ ਤਹਿਤ ਸ਼ਾਂਤੀਪੂਰਨ ਢੰਗ ਨਾਲ ਹੋਵੇ। ਚੀਨ ਅਤੇ ਰੂਸ ਵਿਚਾਲੇ ਵਧਦੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਇਸ ਦੇ ਪ੍ਰਭਾਵ ਬਾਰੇ ਖਦਸ਼ਾ ਪ੍ਰਗਟਾਇਆ ਅਤੇ ਕਿਹਾ ਕਿ ਦੁਨੀਆ ‘ਚ ਸ਼ਾਂਤੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਯੂਕ੍ਰੇਨ ਸੰਕਟ ‘ਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਯੂਕ੍ਰੇਨ ਦੇ ਘਟਨਾਕ੍ਰਮ ‘ਤੇ ਨਜ਼ਰ ਬਣਾਏ ਹੋਏ ਹਾਂ ਅਤੇ ਇਸ ਦਾ ਵਿਸ਼ਵਵਿਆਪੀ ਖੁਰਾਕ ਸਪਲਾਈ ‘ਤੇ ਪ੍ਰਭਾਵ ਪੈ ਰਿਹਾ ਹੈ ਜੋ ਅਸਲ ਵਿੱਚ ਚਿੰਤਾ ਦਾ ਵਿਸ਼ਾ ਹੈ। ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਦੇ ‘ਕਵਾਡ’ ਗਰੁੱਪ ਬਾਰੇ ਉਨ੍ਹਾਂ ਕਿਹਾ ਕਿ ਇਹ ਸੁਰੱਖਿਆ ਗਠਜੋੜ ਨਹੀਂ ਹੈ ਕਿਉਂਕਿ ਇਸ ਵਿਚ ਰੱਖਿਆ ਮਾਪਦੰਡ ਨਹੀਂ ਹਨ। ਦੂਜੇ ਪਾਸੇ ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਵਾਲੇ ਔਕਸ ਗਰੁੱਪ ਬਾਰੇ ਮਾਰਲੇਸ ਨੇ ਕਿਹਾ ਕਿ ਇਹ ਕੋਈ ਸੁਰੱਖਿਆ ਗਠਜੋੜ ਨਹੀਂ ਹੈ, ਕਿਉਂਕਿ ਇਸ ਦਾ ਮੁੱਖ ਉਦੇਸ਼ ਤਕਨਾਲੋਜੀ ਖੇਤਰ ਵਿਚ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਹੈ।

Daily Radio

Daily Radio

Listen Daily Radio
Close