Home » ਦ੍ਰੌਪਦੀ ਮੁਰਮੂ ਅੱਜ ਚੁੱਕਣਗੇ ਰਾਸ਼ਟਰਪਤੀ ਅਹੁਦੇ ਦੀ ਸਹੁੰ… 
Home Page News India India News

ਦ੍ਰੌਪਦੀ ਮੁਰਮੂ ਅੱਜ ਚੁੱਕਣਗੇ ਰਾਸ਼ਟਰਪਤੀ ਅਹੁਦੇ ਦੀ ਸਹੁੰ… 

Spread the news

ਨਵੀਂ ਚੁਣੀ ਗਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੋਮਵਾਰ ਨੂੰ ਦੇਸ਼ ਦੇ ਸਰਬਉੱਚ ਸੰਵਿਧਾਨਕ ਅਹੁਦੇ ਦੀ ਸਹੁੰ ਚੁੱਕਣਗੇ। ਚੀਫ ਜਸਟਿਸ ਐੱਨਵੀ ਰਮਨਾ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕਾਉਣਗੇ। ਸਹੁੰ ਚੁੱਕ ਸਮਾਗਮ ’ਚ ਸੋਮਵਾਰ ਸਵੇਰੇ ਕਰੀਬ 10.15 ਵਜੇ ਸੰਸਦ ਦੇ ਕੇਂਦਰੀ ਹਾਲ ’ਚ ਹੋਵੇਗਾ। ਮੁਰਮੂ ਦਾ ਰਾਸ਼ਟਰਪਤੀ ਬਣਨਾ ਕਈ ਲਿਹਾਜ਼ ਨਾਲ ਇਤਿਹਾਸਕ ਮੌਕਾ ਹੋਵੇਗਾ। ਆਜ਼ਾਦੀ ਦੇ 75ਵੇਂ ਸਾਲ ’ਚ ਦੇਸ਼ ਦਾ ਸਰਬਉੱਚ ਅਹੁਦਾ ਪਹਿਲੀ ਵਾਰ ਆਦਿਵਾਸੀ ਭਾਈਚਾਰੇ ਦੇ ਕਿਸੇ ਵਿਅਕਤੀ ਨੂੰ ਮਿਲੇਗਾ। ਮੁਰਮੂ ਆਜ਼ਾਦੀ ਤੋਂ ਬਾਅਦ ਪੈਦਾ ਹੋਣ ਵਾਲੀ ਪਹਿਲੀ ਤੇ ਸਿਖਰਲੇ ਅਹੁਦੇ ’ਤੇ ਬੈਠਣ ਵਾਲੀ ਸਭ ਤੋਂ ਘੱਟ ਉਮਰ ਦੀ ਸ਼ਖਸੀਅਤ ਹੋਣਗੇ। ਪ੍ਰਤਿਭਾ ਪਾਟਿਲ ਤੋਂ ਬਾਅਦ ਮੁਰਮੂ ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਹੋਵੇਗੀ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਤੋਂ ਬਾਅਦ ਮੁਰਮੂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਦਾ ਸੰਬੋਧਨ ਹੋਵੇਗਾ। ਸਮਾਗਮ ਤੋਂ ਪਹਿਲਾਂ, ਰਿਟਾਇਰ ਹੋ ਰਹੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਨਵੀਂ ਚੁਣੀ ਗਈ ਰਾਸ਼ਟਰਪਤੀ ਮੁਰਮੂ ਸੰਸਦ ਜਾਣਗੇ। ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਮੰਤਰੀ ਪ੍ਰੀਸ਼ਦ ਦੇ ਮੈਂਬਰ, ਰਾਜਪਾਲ, ਮੁੱਖ ਮੰਤਰੀ, ਸਫ਼ਾਰਤੀ ਮਿਸ਼ਨਾਂ ਦੇ ਮੁਖੀ, ਸੰਸਦ ਮੈਂਬਰ ਤੇ ਸਰਕਾਰ ਦੇ ਪ੍ਰਮੁੱਖ ਅਧਿਕਾਰੀ ਸਮਾਗਮ ’ਚ ਹਿੱਸਾ ਲੈਣਗੇ। ਸਮਾਗਮ ਦੀ ਸਮਾਪਤੀ ’ਤੇ ਮੁਰਮੂ ‘ਰਾਸ਼ਟਰਪਤੀ ਭਵਨ’ ਲਈ ਰਵਾਨਾ ਹੋਣਗੇ, ਜਿੱਥੇ ਉਨ੍ਹਾਂ ਨੂੰ ‘ਇੰਟਰ-ਸਰਵਿਸ ਗਾਰਡ ਆਫ ਆਨਰ’ ਦਿੱਤਾ ਜਾਵੇਗਾ ਤੇ ਸੇਵਾਮੁਕਤ ਹੋ ਰਹੇ ਰਾਸ਼ਟਰਪਤੀ ਦਾ ਸ਼ਿਸ਼ਟਾਚਾਰ ਨਾਲ ਸਨਮਾਨ ਕੀਤਾ ਜਾਵੇਗਾ। ਮੁਰਮੂ (64) ਨੇ ਵੀਰਵਾਰ ਨੂੰ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਚੋਣ ਮੰਡਲ ਦੇ 64 ਫ਼ੀਸਦੀ ਤੋਂ ਵੱਧ ਜਾਇਜ਼ ਵੋਟਾਂ ਹਾਸਲ ਕੀਤੀਆਂ ਤੇ ਭਾਰੀ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ। ਉਹ ਦੇਸ਼ ਦੀ 15ਵੀਂ ਰਾਸ਼ਟਰਪਤੀ ਹੋਣਗੇ।