Home » ਅਮਿਤ ਸ਼ਾਹ ਨੇ 2024 ਲੋਕ ਸਭਾ ਚੋਣਾਂ ਦਾ ਵਜਾਇਆ ਬਿਗਲ, ਕਿਹਾ- ਮੁੜ ਮੋਦੀ ਹੀ ਬਣਨਗੇ ਪ੍ਰਧਾਨ ਮੰਤਰੀ…
Home Page News India India News

ਅਮਿਤ ਸ਼ਾਹ ਨੇ 2024 ਲੋਕ ਸਭਾ ਚੋਣਾਂ ਦਾ ਵਜਾਇਆ ਬਿਗਲ, ਕਿਹਾ- ਮੁੜ ਮੋਦੀ ਹੀ ਬਣਨਗੇ ਪ੍ਰਧਾਨ ਮੰਤਰੀ…

Spread the news

ਭਾਜਪਾ ਦੇ ਸੱਤ ਮੋਰਚਿਆਂ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਬਿਹਾਰ ਦੀ ਧਰਤੀ ਤੋਂ 2024 ਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ। ਦੇਸ਼ ਭਰ ਤੋਂ ਆਏ 750 ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਾਫ਼ ਕਰ ਦਿੱਤਾ ਕਿ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣਨਗੇ ਤੇ ਭਾਜਪਾ ਮੌਜੂਦਾ ਨਾਲੋਂ ਜ਼ਿਆਦਾ ਸੀਟਾਂ ਜਿੱਤੇਗੀ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਦੇ ਕੌਮੀ ਮਹਾਮੰਤਰੀ ਤੇ ਪਾਰਟੀ ਦੇ ਹੈੱਡਕੁਆਰਟਰ ਦੇ ਇੰਚਾਰਜ ਅਰੁਣ ਸਿੰਘ ਨੇ ਬਿਹਾਰ ’ਚ ਜਨਤਾ ਦਲ (ਯੂ) ਤੇ ਭਾਜਪਾ ਦੇ ਸਬੰਧਾਂ ਨੂੰ ਸਪਸ਼ਟ ਕਰਦੇ ਹੋਏ ਕਿਹਾ ਕਿ ਭਾਜਪਾ ਨਿਤੀਸ਼ ਕੁਮਾਰ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਜਨਤਾ ਦਲ (ਯੂ) ਨਾਲ ਮਿਲ ਕੇ ਹੀ ਲੜੇਗੀ। ਅਰੁਣ ਸਿੰਘ ਨੇ ਮੋਰਚਿਆਂ ਦੇ ਕੌਮੀ ਅਹੁਦੇਦਾਰਾਂ ਨੂੰ ਅਮਿਤ ਸ਼ਾਹ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਦਿੱਤੇ ਗਏ ਟਾਸਕ ਸਬੰਧੀ ਜਾਣਕਾਰੀ ਵੀ ਦਿੱਤੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਬਿਹਾਰ ’ਚ ਐੱਨਡੀਏ ’ਚ ਆਪਸ ’ਚ ਬਹੁਤ ਪਿਆਰ ਤੇ ਏਕਤਾ ਹੈ। ਭਾਜਪਾ ਗਠਜੋੜ ਧਰਮ ਦੀ ਪਾਲਣਾ ਕਰਦੀ ਹੈ ਤੇ ਗਠਜੋੜ ਦੇ ਸਾਥੀਆਂ ਨੂੰ ਹਮੇਸ਼ਾ ਸਨਮਾਨ ਦਿੰਦੀ ਹੈ। ਗਠਜੋੜ ’ਚ ਆਪਸ ’ਚ ਕੋਈ ਖਿੱਚੋਤਾਣ ਨਹੀਂ ਹੈ। 2025 ਤਕ ਨਿਤੀਸ਼ ਕੁਮਾਰ ਹੀ ਬਿਹਾਰ ਦੇ ਮੁੱਖ ਮੰਤਰੀ ਰਹਿਣਗੇ। ਅਸੀਂ ਸਾਰੇ ਇਕੱਠੇ ਹਾਂ ਤੇ ਮਿਲ ਕੇ ਅਗਲੀਆਂ ਚੋਣਾਂ ਲੜਾਂਗੇ। ਅਰੁਣ ਸਿੰਘ ਨੇ ਦੱਸਿਆ ਕਿ ਅਮਿਤ ਸ਼ਾਹ ਨੇ ਨੌਜਵਾਨ, ਕਿਸਾਨ, ਮਹਿਲਾ, ਪੱਛੜਾ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਤੇ ਘੱਟ ਗਿਣਤੀ ਮੋਰਚੇ ਦੀ ਕੌਮੀ ਕਾਰਜਕਾਰਨੀ ਨੂੰ ਸੰਬੋਧਨ ਕੀਤਾ। ਦਰਅਸਲ ਬਿਹਾਰ ਦੀ ਸਿਆਸਤ ’ਚ ਹਫ਼ਤੇ ਤੋਂ ਭਾਜਪਾ ਦੇ ਮੋਰਚਿਆਂ ਦੀ ਸਾਂਝੀ ਕੌਮੀ ਕਾਰਜਕਾਰਨੀ ਦੀ ਬੈਠਕ ਤੇ ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਅਨੇਕਾਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਇਸ ਦੇ ਲਈ ਚਰਚਾ ਇਹ ਵੀ ਸੀ ਕਿ ਭਾਜਪਾ ਬਿਹਾਰ ਵਿਧਾਨ ਸਭਾ ਦੀਆਂ 200 ਸੀਟਾਂ ’ਤੇ ਤਿਆਰੀ ਕਰ ਰਹੀ ਹੈ। ਇਸੇ ਤਿਆਰੀ ਨੂੰ ਧਾਰ ਦੇਣ ਲਈ ਸਾਂਝੇ ਮੋਰਚੇ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਬਿਹਾਰ ’ਚ ਹੋ ਰਹੀ ਹੈ।