Home » ਭਾਜਪਾ ਨੇ ‘AAP’ ਵਿਧਾਇਕਾਂ ਨੂੰ ਪਾਰਟੀ ਬਦਲਣ ਲਈ ਕੀਤੀ 20-20 ਕਰੋੜ ਦੀ ਪੇਸ਼ਕਸ਼: ਸੰਜੇ ਸਿੰਘ
Home Page News India India News

ਭਾਜਪਾ ਨੇ ‘AAP’ ਵਿਧਾਇਕਾਂ ਨੂੰ ਪਾਰਟੀ ਬਦਲਣ ਲਈ ਕੀਤੀ 20-20 ਕਰੋੜ ਦੀ ਪੇਸ਼ਕਸ਼: ਸੰਜੇ ਸਿੰਘ

Spread the news

ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਭਾਜਪਾ ਪਾਰਟੀ ਨੇ ਦਿੱਲੀ ’ਚ ਉਸ ਦੇ 4 ਵਿਧਾਇਕਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਬਦਲ ਕੇ ਭਾਜਪਾ ’ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ। ਅਜਿਹਾ ਨਾ ਕਰਨ ਦੀ ਸਥਿਤੀ ’ਚ ਉਨ੍ਹਾਂ ਨੂੰ ਝੂਠੇ ਕੇਸਾਂ, ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਸਾਹਮਣਾ ਕਰਨਾ ਪਵੇਗਾ। ‘ਆਪ’ ਦੇ ਕੌਮੀ ਬੁਲਾਰੇ ਅਤੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਵਿਧਾਇਕਾਂ- ਅਜੇ ਦੱਤ, ਸੰਜੀਵ ਝਾਅ, ਸੋਮਨਾਥ ਭਾਰਤੀ ਅਤੇ ਕੁਲਦੀਪ ਕੁਮਾਰ ਨਾਲ ਭਾਜਪਾ ਦੇ ਨੇਤਾਵਾਂ ਨੇ ਸੰਪਰਕ ਕੀਤਾ। ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 4 ਵਿਧਾਇਕਾਂ ਨੂੰ ਪੇਸ਼ਕਸ਼ ਕੀਤੀ ਹੈ ਕਿ ਜੇਕਰ ਉਹ ਭਾਜਪਾ ’ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ 20 ਕਰੋੜ ਰੁਪਏ ਦਿੱਤੇ ਜਾਣਗੇ ਅਤੇ ਜੇਕਰ ਉਹ ਆਪਣੇ ਨਾਲ ਹੋਰ ਵਿਧਾਇਕਾਂ ਨੂੰ ਲੈ ਕੇ ਆਉਂਦੇ ਹਨ ਤਾਂ ਉਨ੍ਹਾਂ ਨੂੰ 25 ਕਰੋੜ ਰੁਪਏ ਦਿੱਤੇ ਜਾਣਗੇ।   ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਵਿਧਾਇਕਾਂ ਨੂੰ ਭਾਜਪਾ ’ਚ ਲਿਆਉਣ ਅਤੇ ਦਿੱਲੀ ’ਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨੂੰ ਡਿਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਜੀ ਜਾਂਚ ਏਜੰਸੀਆਂ ਦੀ ਦੁਰਵਰਤੋਂ, ਆਪਣੇ ਲੋਕਾਂ ਨੂੰ ਭੇਜ ਕੇ ਉਨ੍ਹਾਂ (ਵਿਧਾਇਕਾਂ ਨੂੰ) ਪੈਸੇ ਦੀ ਪੇਸ਼ਕਸ਼ ਕਰਵਾ ਰਹੇ ਹਨ। ਪਾਰਟੀ  ਬਦਲਣ ’ਤੇ ਉਨ੍ਹਾਂ ਨੂੰ ਨਤੀਜੇ ਭੁਗਤਨ ਦੀ ਧਮਕੀ ਦੇ ਕੇ ‘ਆਪ’ ਵਿਧਾਇਕਾਂ ਨੂੰ ਪਾਰਟੀ ਨਾਲੋਂ ਤੋੜਨ ਅਤੇ ਦਿੱਲੀ ਸਰਕਾਰ ਨੂੰ ਡਿਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਿੰਘ ਨੇ ਕਿਹਾ ਕਿ ਮੋਦੀ ਜੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਬੰਦ ਕਰਨ ਅਤੇ ਮਹਿੰਗਾਈ ਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਦੇ ਹੱਲ ’ਤੇ ਧਿਆਨ ਕੇਂਦਰਿਤ ਕਰਨ ਨੂੰ ਕਿਹਾ।