ਲੁਧਿਆਣਾ: ਸੰਧੂ ਨਗਰ ’ਚ ਸਥਿਤ ਜਿੰਮ ਮਾਲਕ ਹਨੀ ਮਲਹੋਤਰਾ ਨੇ ਸ਼ੱਕੀ ਹਾਲਾਤ ’ਚ ਖੁਦ ਨੂੰ ਗੋਲੀ ਮਾਰ ਲਈ ਸੀ। ਜਿਸ ਤੋਂ ਬਾਅਦ ਉਸ ਨੂੰ ਡੀ. ਐੱਮ. ਸੀ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਉਸ ਦੀ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ, ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ। ਪੁਲਿਸ ਵਲੋਂ ਇਸ ਮਾਮਲੇ ਸਬੰਧੀ 174 ਦੀ ਕਾਰਵਾਈ ਕੀਤੀ ਗਈ ਹੈ।ਉਧਰ, ਜਿਮ ਮਾਲਕ ਹਨੀ ਦੇ ਜਿਗਰੀ ਦੋਸਤ ਨੂੰ ਜਦੋਂ ਉਸ ਦੀ ਮੌਤ ਦੀ ਖ਼ਬਰ ਪਤਾ ਲੱਗੀ ਤਾਂ ਉਹ ਸਦਮੇ ’ਚ ਆ ਗਿਆ ਅਤੇ ਉਸ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਸਿਵਲ ਸਿਟੀ ’ਚ ਐੱਚ-21 ਨਾਂ ਨਾਲ ਜਿੰਮ ਹੈ। ਹਨੀ ਮਲਹੋਤਰਾ ਜਿੰਮ ਦਾ ਮਾਲਕ ਸੀ। ਐਤਵਾਰ ਦੇਰ ਰਾਤ ਨੂੰ ਉਹ ਜਿੰਮ ਵਿਚ ਸੀ। ਉਸ ਨੇ ਦੇਰ ਰਾਤ ਤੱਕ ਆਪਣੇ ਦੋਸਤਾਂ ਨਾਲ ਗੱਲਬਾਤ ਕੀਤੀ ਸੀ। ਜਦੋਂ ਉਸ ਦੇ ਦੋਸਤ ਜਿੰਮ ਤੋਂ ਚਲੇ ਗਏ ਤਾਂ ਪਿੱਛੋਂ ਹਨੀ ਜਿੰਮ ’ਚ ਇਕੱਲਾ ਰਹਿ ਗਿਆ ਸੀ। ਇਸ ਦੌਰਾਨ ਉਸ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲ਼ੀ ਮਾਰ ਲਈ ਸੀ। ਜਦੋਂ ਆਂਢ-ਗੁਆਂਢ ਨੂੰ ਇਸ ਘਟਨਾ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਉਸ ਦੇ ਪਰਿਵਾਰ ਨੂੰ ਦੱਸਿਆ ਅਤੇ ਹਨੀ ਨੂੰ ਗੱਡੀ ’ਚ ਡੀ. ਐੱਮ. ਸੀ. ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।