Home » ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (16-09-2022)
Home Page News India Religion

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (16-09-2022)

Spread the news

Sachkhand Sri Harmandir Sahib Amritsar Vikhe Hoea Amrit Wele Da Mukhwak:16-09-22


ਸਲੋਕੁ ਮਃ ੩ ॥ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥ ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥ ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥ ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥ ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥ ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰਿ ਕਰੈ ਕਰਤਾਰੁ ॥੧॥ ਮਃ ੩ ॥ ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥ ਅੰਮ੍ਰਿਤੁ ਛੋਡਿ ਬਿਖੁ ਲਗੇ ਬਿਖੁ ਖਟਣਾ ਬਿਖੁ ਰਾਸਿ ॥ ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ ॥ ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ ॥ ਮਨਮੁਖ ਮੁਹਿ ਮੈਲੈ ਸਬਦੁ ਨ ਜਾਣਨੀ ਕਾਮ ਕਰੋਧਿ ਵਿਣਾਸੁ ॥ ਸਤਿਗੁਰ ਕਾ ਭਉ ਛੋਡਿਆ ਮਨਹਠਿ ਕੰਮੁ ਨ ਆਵੈ ਰਾਸਿ ॥ ਜਮ ਪੁਰਿ ਬਧੇ ਮਾਰੀਅਹਿ ਕੋ ਨ ਸੁਣੇ ਅਰਦਾਸਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਗੁਰਮੁਖਿ ਨਾਮਿ ਨਿਵਾਸੁ ॥੨॥ ਪਉੜੀ ॥ ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥ ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥ ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥ ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ ॥ ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥੩॥

ਅਰਥ: ਗੁਰੂ ਦੀ ਦੱਸੀ ਸੇਵਾ ਚਾਕਰੀ ਕਰਨੀ ਚੰਗੇ ਤੋਂ ਚੰਗੇ ਸੁਖ ਦਾ ਤੱਤ ਹੈ; (ਗੁਰੂ ਦੀ ਦੱਸੀ ਸੇਵਾ ਕੀਤਿਆਂ) ਜਗਤ ਵਿਚ ਆਦਰ ਮਿਲਦਾ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂਈ ਦਾ ਦਰਵਾਜ਼ਾ। (ਗੁਰ-ਸੇਵਾ ਦੀ ਇਹੀ) ਸੱਚੀ ਕਾਰ ਕਮਾਉਣ-ਜੋਗ ਹੈ, (ਇਸ ਨਾਲ) ਮਨੁੱਖ ਨੂੰ (ਪੜਦੇ ਕੱਜਣ ਲਈ) ਸੱਚਾ ਨਾਮ-ਰੂਪ ਪੁਸ਼ਾਕਾ ਮਿਲ ਜਾਂਦਾ ਹੈ, ਸੱਚੀ ਸੰਗਤ ਵਿਚ ਸੱਚੇ ਨਾਮ ਵਿਚ ਪਿਆਰ ਪੈਂਦਾ ਹੈ ਤੇ ਸੱਚੇ ਪ੍ਰਭੂ ਵਿਚ ਸਮਾਈ ਹੋ ਜਾਂਦੀ ਹੈ। (ਗੁਰੂ ਦੇ) ਸੱਚੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਮਨ ਵਿਚ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਮਨੁੱਖ ਸੁਰਖ਼ਰੂ ਹੋ ਜਾਂਦਾ ਹੈ। ਹੇ ਨਾਨਕ ਜੀ! ਸਤਿਗੁਰੂ ਦੀ ਦੱਸੀ ਹੋਈ ਕਾਰ ਉਹੀ ਮਨੁੱਖ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ ॥੧॥ (ਪ੍ਰਭੂ ਦੀ ਬੰਦਗੀ ਛੱਡ ਕੇ) ਹੋਰ ਬਿਗਾਨੀ ਕਾਰ ਕਰਨ ਵਾਲਿਆਂ ਦਾ ਜੀਊਣਾ ਤੇ ਵੱਸਣਾ ਫਿਟਕਾਰ-ਜੋਗ ਹੈ। ਐਸੇ ਮਨੁੱਖ ਅੰਮ੍ਰਿਤ ਛੱਡ ਕੇ (ਮਾਇਆ-ਰੂਪ) ਜ਼ਹਿਰ (ਇਕੱਠਾ ਕਰਨ) ਵਿਚ ਲੱਗੇ ਹੋਏ ਹਨ ਤੇ ਜ਼ਹਿਰ ਹੀ ਉਹਨਾਂ ਦੀ ਖੱਟੀ-ਕਮਾਈ ਤੇ ਪੂੰਜੀ ਹੈ। ਉਨ੍ਹਾਂ ਦੀ ਖ਼ੁਰਾਕ ਤੇ ਪੁਸ਼ਾਕ ਜ਼ਹਿਰ ਹੈ ਤੇ ਜ਼ਹਿਰ ਹਨ ਮੂੰਹ ਵਿਚ ਦੀਆਂ ਗਿਰਾਹੀਆਂ। ਅਜੇਹੇ ਬੰਦੇ ਜਗਤ ਵਿਚ ਨਿਰਾ ਦੁੱਖ ਹੀ ਭੋਗਦੇ ਹਨ ਤੇ ਮੋਇਆਂ ਭੀ ਉਹਨਾਂ ਦਾ ਵਾਸ ਨਰਕ ਵਿਚ ਹੀ ਹੁੰਦਾ ਹੈ। ਮੂੰਹੋਂ ਮੈਲੇ ਹੋਣ ਕਰਕੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦੇ ਅਤੇ ਕਾਮ, ਕ੍ਰੋਧ ਨਾਲ ਉਹਨਾਂ ਦੀ (ਆਤਮਕ) ਮੌਤ ਹੋ ਜਾਂਦੀ ਹੈ। ਸਤਿਗੁਰੂ ਦਾ ਅਦਬ ਛੱਡ ਦੇਣ ਕਰ ਕੇ, ਮਨ ਦੇ ਹਠ ਨਾਲ ਕੀਤਾ ਹੋਇਆ ਉਹਨਾਂ ਦਾ ਕੋਈ ਕੰਮ ਸਿਰੇ ਨਹੀਂ ਚੜ੍ਹਦਾ। (ਇਸ ਵਾਸਤੇ ਮਨਮੁਖ ਮਨੁੱਖ) ਜਮ-ਪੁਰੀ ਵਿਚ ਬੱਧੇ ਮਾਰ ਖਾਂਦੇ ਹਨ ਤੇ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ। ਹੇ ਨਾਨਕ ਜੀ! ਜੀਵ ਮੁੱਢ ਤੋਂ (ਕੀਤੇ ਕਰਮਾਂ-ਅਨੁਸਾਰ) ਲਿਖਿਆ ਲੇਖ ਕਮਾਉਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ॥੨॥ ਜਿਸ ਸਤਿਗੁਰੂ ਨੇ ਪ੍ਰਭੂ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਾਇਆ ਹੈ, ਉਸ ਸਾਧ-ਗੁਰੂ ਦੀ ਸੇਵਾ ਕਰੋ। ਜਿਸ ਗੁਰੂ ਨੇ ਜਗਤ ਦੇ ਮਾਲਕ ਤੇ ਨਾਥ ਦਾ ਨਾਮ (ਜੀਵਾਂ ਤੋਂ) ਜਪਾਇਆ ਹੈ, ਉਸ ਦੀ ਦਿਨ ਰਾਤ ਪੂਜਾ ਕਰੋ। ਜਿਸ ਗੁਰੂ ਨੇ ਪਰਮਾਤਮਾ (ਦੇ ਮਿਲਣ) ਦਾ ਰਾਹ ਦੱਸਿਆ ਹੈ, ਉਸ ਦਾ ਹਰ ਵੇਲੇ ਦਰਸ਼ਨ ਕਰੋ। ਜਿਸ ਸਤਿਗੁਰੂ ਨੇ (ਜੀਵਾਂ ਦੇ ਹਿਰਦੇ ਵਿਚੋਂ ਮਾਇਆ ਦੇ) ਮੋਹ ਦਾ ਹਨੇਰਾ ਦੂਰ ਕੀਤਾ ਹੈ, ਸਾਰੇ ਉਸ ਦੀ ਚਰਨੀਂ ਲੱਗੋ। ਜਿਸ ਗੁਰੂ ਨੇ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਲਭਾ ਦਿੱਤੇ ਹਨ, ਆਖੋ-ਉਹ ਗੁਰੂ ਧੰਨ ਹੈ, ਉਹ ਗੁਰੂ ਧੰਨ ਹੈ ॥੩॥