AMRIT VELE DA HUKAMNAMA SRI DARBAR SAHIB, SRI AMRITSAR, ANG 545 20-09-2022
ਬਿਹਾਗੜਾ ਮਹਲਾ ੫ ॥ ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥ ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥ ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ ॥ ਦੇਹਿ ਨਾਮੁ ਅਪਨਾ ਜਪਉ ਸੁਆਮੀ ਹਰਿ ਦਰਸ ਪੇਖੇ ਜੀਜੀਐ ॥ ਸਮਰਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਮਿਲਹੁ ਪ੍ਰਾਨ ਪਿਆਰੇ ॥੧॥
ਸੰਤ ਜਨ ਜਿੰਦ ਦੇ ਆਸਰੇ ਪਰਮਾਤਮਾ ਨੂੰ (ਸਦਾ) ਭਾਲਦੇ ਫਿਰਦੇ ਹਨ, ਪਿਆਰੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਉਹਨਾਂ ਦਾ ਸਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸਰੀਰਕ ਬਲ ਘਟ ਜਾਂਦਾ ਹੈ। ਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਮਿਲ, ਦਇਆ ਕਰ ਕੇ ਮੈਨੂੰ ਆਪਣੇ ਲੜ ਲਾ ਲੈ। ਹੇ ਮੇਰੇ ਸੁਆਮੀ! ਮੈਨੂੰ ਆਪਣਾ ਨਾਮ ਦੇਹ, ਮੈਂ (ਤੇਰੇ ਨਾਮ ਨੂੰ ਸਦਾ) ਜਪਦਾ ਰਹਾਂ, ਤੇਰਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਸਦਾ ਅਟੱਲ ਰਹਿਣ ਵਾਲੇ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਨਾਨਕ ਬੇਨਤੀ ਕਰਦਾ ਹੈ ਕਿ ਹੇ ਜਿੰਦ ਤੋਂ ਪਿਆਰੇ, ਮੇਹਰ ਕਰ ਕੇ ਮੈਨੂੰ ਆ ਮਿਲ! ॥੧॥