Home » ਦਿਗਵਿਜੇ ਸਿੰਘ ਨੇ ਕਾਂਗਰਸ ਪ੍ਰਧਾਨ ਦੀ ਚੋਣ ਲਈ ਲਿਆ ਫਾਰਮ…
Home Page News India India News

ਦਿਗਵਿਜੇ ਸਿੰਘ ਨੇ ਕਾਂਗਰਸ ਪ੍ਰਧਾਨ ਦੀ ਚੋਣ ਲਈ ਲਿਆ ਫਾਰਮ…

Spread the news

ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਦੌੜ ਵਿੱਚ ਹੁਣ ਦਿਗਵਿਜੇ ਸਿੰਘ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਦਿਗਵਿਜੇ ਸਿੰਘ ਵੀਰਵਾਰ ਨੂੰ ਕਾਂਗਰਸ ਹੈੱਡਕੁਆਰਟਰ ਪਹੁੰਚੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਨਾਮਜ਼ਦਗੀ ਫਾਰਮ ਭਰਨ ਆਇਆ ਹਾਂ।ਮੀਡੀਆ ਨਾਲ ਗੱਲਬਾਤ ਦੌਰਾਨ ਦਿਗਵਿਜੇ ਸਿੰਘ ਨੇ ਦਾਅਵਾ ਕੀਤਾ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨਾ ਉਨ੍ਹਾਂ ਦਾ ਫੈਸਲਾ ਸੀ। ਉਨ੍ਹਾਂ ਨੇ ਇਸ ਵਿਸ਼ੇ ‘ਤੇ ਗਾਂਧੀ ਪਰਿਵਾਰ ਨਾਲ ਕੋਈ ਗੱਲ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨੂੰ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਨੇ ਅਚਾਨਕ ਦਿੱਲੀ ਬੁਲਾਇਆ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੀ ਯਾਤਰਾ ‘ਚ ਰੁੱਝੇ ਦਿਗਵਿਜੇ ਬੁੱਧਵਾਰ ਦੇਰ ਰਾਤ ਕੇਰਲ ਤੋਂ ਦਿੱਲੀ ਪਹੁੰਚ ਗਏ ਹਨ। ਜਾਣਕਾਰੀ ਮੁਤਾਬਕ ਰਾਜਸਥਾਨ ‘ਚ ਚੱਲ ਰਹੀ ਸਿਆਸੀ ਖਿੱਚੋਤਾਣ ਕਾਰਨ ਪਾਰਟੀ ਲੀਡਰਸ਼ਿਪ ਅਤੇ ਖ਼ਾਸ ਕਰ ਕੇ ਗਾਂਧੀ ਪਰਿਵਾਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੋਂ ਨਾਰਾਜ਼ ਹੈ। ਇਸ ਲਈ ਗਹਿਲੋਤ ਦੀ ਥਾਂ ਦਿਗਵਿਜੇ ਸਿੰਘ ਨੂੰ ਪਾਰਟੀ ਪ੍ਰਧਾਨ ਦਾ ਉਮੀਦਵਾਰ ਬਣਾਇਆ ਜਾ ਰਿਹਾ ਹੈ। ਇੱਕ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਨੇਤਾ ਕਮਲਨਾਥ ਵੀ ਦਿੱਲੀ ਆਏ ਸਨ। ਕਮਲਨਾਥ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਵਿਚ ਉਨ੍ਹਾਂ ਦੇ ਨਾਂ ਨੂੰ ਲੈ ਕੇ ਵੀ ਅਟਕਲਾਂ ਲਾਈਆਂ ਜਾ ਰਹੀਆਂ ਸਨ। ਇਨ੍ਹਾਂ ਸਾਰੀਆਂ ਅਟਕਲਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਮਲਨਾਥ ਨੇ ਕਿਹਾ ਕਿ ਮੈਂ ਇਹ ਜ਼ਿੰਮੇਵਾਰੀ ਨਹੀਂ ਲਵਾਂਗਾ, ਕਿਉਂਕਿ ਇਸ ਨਾਲ ਮੇਰਾ ਧਿਆਨ ਮੱਧ ਪ੍ਰਦੇਸ਼ ਤੋਂ ਹਟ ਜਾਵੇਗਾ। ਮੈਂ ਮੱਧ ਪ੍ਰਦੇਸ਼ ਤੋਂ ਆਪਣਾ ਧਿਆਨ ਨਹੀਂ ਹਟਾਉਣਾ ਚਾਹੁੰਦਾ। ਜ਼ਿਕਰਯੋਗ ਹੈ ਕਿ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪ੍ਰਕਿਰਿਆ ਦਾਖ਼ਲ ਕਰਨ ਦੀ ਆਖ਼ਰੀ ਮਿਤੀ 30 ਸਤੰਬਰ ਹੈ। ਕਾਂਗਰਸ ਪਾਰਟੀ ਦੀ ਤਰਫ਼ੋਂ ਕੇਂਦਰੀ ਚੋਣ ਕਮੇਟੀ ਦੇ ਪ੍ਰਧਾਨ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਸ਼ਸ਼ੀ ਥਰੂਰ ਅਤੇ ਪਵਨ ਬਾਂਸਲ ਨੇ ਹੁਣ ਤੱਕ ਨਾਮਜ਼ਦਗੀ ਫਾਰਮ ਭਰੇ ਹਨ। ਸ਼ਸ਼ੀ ਥਰੂਰ 30 ਸਤੰਬਰ ਨੂੰ ਨਾਮਜ਼ਦਗੀ ਦਾਖਲ ਕਰਨਗੇ।