Home » ਇਟਲੀ ‘ਚ ਪੰਜਾਬੀ ਨੌਜਵਾਨ ਨੇ ਦਰੱਖਤ ਨਾਲ ਰੱਸਾ ਪਾ ਕੀਤੀ ਖੁਦਕੁਸ਼ੀ…
Home Page News India India News World World News

ਇਟਲੀ ‘ਚ ਪੰਜਾਬੀ ਨੌਜਵਾਨ ਨੇ ਦਰੱਖਤ ਨਾਲ ਰੱਸਾ ਪਾ ਕੀਤੀ ਖੁਦਕੁਸ਼ੀ…

Spread the news

ਇਟਲੀ ਦਾ ਲਾਸੀਓ ਸੂਬਾ ਜਿਸ ਜਿਲ੍ਹਾ ਲਾਤੀਨਾ ਵਿੱਚ ਭਾਰਤੀ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿਣ ਬਸੇਰਾ ਕਰਦਾ ਹੈ ਤੇ ਇਸ ਜਿ਼ਲ੍ਹੇ ਦੇ ਇਲਾਕੇ ਸਬਾਊਦੀਆ ਪੁਨਤੀਨੀਆਂ ਨੇੜੇ ਖੇਤੀਬਾੜੀ ਫਾਰਮ ਹਾਊਸ ਦੇ ਇੱਕ ਦਰੱਖਤ ਨਾਲ ਰੱਸੀ ਪਾ ਨੌਜਵਾਨ ਜਸਪ੍ਰੀਤ ਸਿੰਘ (30)ਨੇ ਆਤਮ ਹੱਤਿਆ ਕਰ ਲਈ ਜਿਸ ਦੀ ਖ਼ਬਰ ਮਿਲਦਿਆਂ ਹੀ ਇਟਾਲੀਅਨ ਪੁਲਸ ਲਾਸ਼ ਕਬਜੇ ਵਿੱਚ ਲੈ ਘਟਨਾ ਦੇ ਕਾਰਨ ਪਤਾ ਕਰਨ ਵਿੱਚ ਡੂੰਘਾਈ ਨਾਲ ਜਾਂਚ ਕਰਨ ਵਿੱਚ ਜੁੱਟ ਗਈ।ਸੂਤਰਾਂ ਅਨੁਸਾਰ ਜਸਪ੍ਰੀਤ ਸਿੰਘ ਮੋਗਾ ਜਿ਼ਲ੍ਹੇ ਨਾਲ ਸੰਬਧਤ ਸੀ ਤੇ ਉਸ ਨੂੰ ਇਟਲੀ ਆਏ 4-5 ਸਾਲ ਹੋ ਗਏ ਸਨ।ਕੁਝ ਸਮਾਂ ਪਹਿਲਾਂ ਹੀ ਉਸ ਦੇ ਪੇਪਰ ਬਣੇ ਸਨ ਤੇ ਦਸੰਬਰ ਵਿੱਚ ਵਿਆਹ ਕਰਵਾਉਣ ਲਈ ਭਾਰਤ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਪਤਾ ਨਹੀਂ ਕਿਹੜੇ ਵਕਤ ਦਾ ਮਾਰਿਆ ਮੌਤ ਨੂੰ ਗਲ ਲਾ ਦੁਨੀਆਂ ਤੋਂ ਹੀ ਚਲਾ ਗਿਆ।ਮ੍ਰਿਤਕ ਨੇ ਆਤਮ ਹੱਤਿਆ ਕਿਉਂ ਕੀਤੀ ਇਸ ਦਾ ਕੋਈ ਠੋਸ ਕਾਰਨ ਖਬਰ ਲਿਖੇ ਜਾਣ ਤੱਕ ਪਤਾ ਨਹੀਂ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਉਹ  ਪਿਛਲੇ ਦਿਨੀਂ ਜਿਸ ਘਰ ਵਿੱਚ ਰਹਿੰਦਾ ਸੀ ਉਸ ਤੋਂ ਵੀ ਉਸ ਨੂੰ ਜਵਾਬ ਮਿਲ ਗਿਆ ਸੀ ।ਕਈ ਤਰ੍ਹਾਂ ਦੀਆਂ ਆਰਥਿਕ ਤੰਗੀਆਂ ਨੂੰ ਪਿੰਡੇ ਹੰਢਾਉਂਦਾ ਮਰਹੂਮ ਜਸਪ੍ਰੀਤ ਸਿੰਘ  ਮਰਨ ਵੇਲੇ ਬਹੁਤ ਹੀ ਜਿ਼ਆਦਾ ਤੜਫਿਆ ਹੋਵੇਗਾ ਪਰ ਆਪਣੀ ਮੌਤ ਨਾਲ ਉਹ ਆਪਣੇ ਮਾਪਿਆਂ ਨੂੰ ਬੁੱਢੀ ਉਮਰੇ ਪਲ-ਪਲ ਮਰਨ ਲਈ ਜਿਊਂਦਾ ਛੱਡ ਗਿਆ ਹੈ।ਜਿ਼ਕਰਯੋਗ ਹੈ ਕਿ ਇਸ ਤੋ ਪਹਿਲਾਂ ਵੀ ਕਈ ਨੌਜਵਾਨਾਂ ਨੇ ਇਸ ਇਲਾਕੇ ਵਿੱਚ ਕੰਮਾਂਕਾਰਾਂ ਦੀਆਂ ਤੰਗੀਆਂ ਤਰੁੱਸ਼ੀਆਂ ਦੇ ਚੱਲਦਿਆਂ ਖੁਦਕਸ਼ੀ ਦਾ ਰਾਹ ਚੁੱਣਿਆ ਸੀ ਪਰ ਕੀ ਮਾਪਿਆਂ ਨੂੰ ਕਰਜ਼ੇ ਦੇ ਬੋਝ ਹੇਠ ਦੱਬ ਪ੍ਰਦੇਸ਼ ਆ ਰਹੇ ਉਹਨਾਂ ਨੌਜਵਾਨਾਂ ਦਾ ਇਹ ਫੈਸਲਾ ਦਰੁੱਸਤ ਹੈ ਜਿਹੜੇ ਕਿ ਆਉਂਦੇ ਤਾਂ ਇਟਲੀ ਘਰ ਦੀ ਗਰੀਬੀ ਦੂਰ ਕਰਨ ਹੈ ਤੇ ਬੁੱਢੇ ਮਾਪਿਆਂ ਦਾ ਸਹਾਰਾ ਬਣਨ ਹੈ ਪਰ ਇੱਥੋ ਦੇ ਹਾਲਤਾਂ ਤੋਂ ਤੰਗ ਆ ਜਿੰਦਗੀ ਦੀ ਜੰਗ ਲੜਨ ਨਾਲੋਂ ਬਿਹਤਰ ਮਰਨਾ ਸੌਖਾ ਸਮਝ ਦੇ ਹਨ।ਉਹਨਾਂ ਤਮਾਮ ਨੌਜਵਾਨਾਂ ਨੂੰ ਅਜਿਹੇ ਕਦਮ ਚੱਕਣ ਤੋਂ ਪਹਿਲਾਂ  ਆਪਣੇ ਮਜ਼ਬੂਰ ਤੇ ਲਾਚਾਰ ਮਾਪਿਆਂ ਬਾਰੇ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ ਕਿਉਂ ਕਿ ਜੇਕਰ ਖੁਦਕਸ਼ੀਆਂ ਨਾਲ ਮਰਨ ਵਾਲੇ ਨੌਜਵਾਨ ਆਪਣੇ ਮਾਪਿਆਂ ਪ੍ਰਤੀ ਰਤਾ ਵੀ ਚਿੰਤਤ ਹੋਣ ਤਾਂ ਉਹ ਅਜਿਹਾ ਫੈਸਲਾ ਕਿਸੇ ਵੀ ਤਰ੍ਹਾਂ ਦੇ ਮਾੜੇ ਹਾਲਤ ਵਿੱਚ ਨਹੀਂ ਕਰ ਸਕਦਾ।ਅਜਿਹੀਆਂ ਘਟਨਾਵਾਂ ਇਟਲੀ ਵਿੱਚ ਭਾਰਤੀ ਭਾਈਚਾਰੇ ਦਾ ਲੱਕ ਤੋੜਨ ਵਿੱਚ ਕੋਈ ਨਹੀਂ ਛੱਡ ਰਹੀਆਂ ਪਰ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਅਜਿਹੇ ਵਕਤ ਦੇ ਝੰਬੇ ਨੋਜਵਾਨਾਂ ਦੀ ਬਾਂਹ ਫੜ੍ਹਨ ਲਈ ਸੰਜੀਦਗੀ ਦਿਖਾਉਣੀ ਚਾਹੀਦਾ ਅਜਿਹਾ ਕਰਨ ਨਾਲ ਕਈ ਘਰਾਂ ਦੇ ਚਿਰਾਗ ਬੁੱਝਣੋ ਬਚ ਸਕਦੇ ਹਨ।