Home » ਖ਼ੁਦ ਨੂੰ ਇਮਾਨਦਾਰ ਕਹਿਣ ਵਾਲੇ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ, ਕਦੇ ਨਾ ਕਰੋ ਕਾਂਗਰਸ ‘ਤੇ ਭਰੋਸਾ : ਮੋਦੀ…
Home Page News India India News

ਖ਼ੁਦ ਨੂੰ ਇਮਾਨਦਾਰ ਕਹਿਣ ਵਾਲੇ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ, ਕਦੇ ਨਾ ਕਰੋ ਕਾਂਗਰਸ ‘ਤੇ ਭਰੋਸਾ : ਮੋਦੀ…

Spread the news

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖ਼ੁਦ ਨੂੰ ਇਮਾਨਦਾਰ ਕਹਿਣ ਵਾਲੇ ਹੀ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ ਹਨ। ਕਾਂਗਰਸ ’ਤੇ ਕਦੀ ਭਰੋਸਾ ਨਾ ਕਰਿਓ। ਆਜ਼ਾਦੀ ਤੋਂ ਬਾਅਦ ਦੇਸ਼ ਦਾ ਪਹਿਲਾ ਘੁਟਾਲਾ ਕਾਂਗਰਸ ਨੇ ਰੱਖਿਆ ਖੇਤਰ ’ਚ ਹੀ ਕੀਤਾ ਸੀ। ਕਾਂਗਰਸ ਨੇ ਆਪਣੇ ਕਾਰਜਕਾਲ ’ਚ ਖ਼ੂਬ ਦਲਾਲੀ ਖਾਧੀ ਹੈ। ਕਾਂਗਰਸ ਇਹ ਕਦੀ ਨਹੀਂ ਚਾਹੁੰਦੀ ਸੀ ਕਿ ਦੇਸ਼ ਰੱਖਿਆ ਸਾਜ਼ੋ-ਸਾਮਾਨ ’ਚ ਆਤਮ-ਨਿਰਭਰ ਬਣੇ। ਕਾਂਗਰਸ ਰੱਖਿਆ ਸੌਦਿਆਂ ’ਚ ਕਮਿਸ਼ਨ ਚਾਹੁੰਦੀ ਸੀ। ਹਥਿਆਰਾਂ ’ਚ ਦਲਾਲੀ ਖਾ ਕੇ ਕਾਂਗਰਸ ਨੇ ਕਿੰਨੀਆਂ ਹੀ ਜ਼ਿੰਦਗੀਆਂ ਨਾਲ ਖਿਲਵਾਡ਼ ਕੀਤਾ ਹੈ ਪਰ ਭਾਜਪਾ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਣ ਦੇਵੇਗੀ। ਰੱਖਿਆ ਸੌਦਿਆਂ ’ਚ ਦਲਾਲੀ ਦਾ ਨੁਕਸਾਨ ਦੇਵਭੂਮੀ ਹਿਮਾਚਲ ਦੀਆਂ ਵੀਰ ਮਾਤਾਵਾਂ ਨੂੰ ਝੱਲਣਾ ਪਿਆ ਜਿਨ੍ਹਾਂ ਨੇ ਆਪਣੇ ਪੁੱਤ ਮਾਤ-ਭੂਮੀ ਦੀ ਰੱਖਿਆ ਲਈ ਸਰਹੱਦ ’ਤੇ ਭੇਜੇ ਸਨ। ਸ਼ਨਿਚਰਵਾਰ ਨੂੰ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਤੇ ਸੋਲਨ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ। ਕਿਹਾ, ਕਾਂਗਰਸ ਲਟਕਾਓ ਤੇ ਭਟਕਾਓ ’ਚ ਲੱਗੀ ਹੈ। ਸੁਆਰਥੀ ਸਮੂਹਾਂ ਤੋਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖ਼ਤਰਾ ਹੈ। ਕਾਂਗਰਸ ਨੇ 50 ਸਾਲਾਂ ਤਕ ਸਿਰਫ਼ ਗ਼ਰੀਬੀ ਹਟਾਓ ਦਾ ਨਾਅਰਾ ਦਿੱਤਾ, ਕੀਤਾ ਕੁਝ ਨਹੀਂ। ਚੋਣਾਂ ਹੁੰਦੀਆਂ ਗਈਆਂ, ਕਾਂਗਰਸ ਸਰਕਾਰਾਂ ਬਣਦੀਆਂ ਰਹੀਆਂ ਪਰ ਗ਼ਰੀਬੀ ਦੂਰ ਨਹੀਂ ਹੋਈ। ਮੋਦੀ ਨੇ ਵਿਕਾਸ ਲਈ ਸਥਿਰ ਸਰਕਾਰ ਦੀ ਜ਼ਰੂਰਤ ਦੱਸੀ। ਚੋਣਾਂ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਹਿਮਾਚਲ ਦਾ ਇਹ ਪਹਿਲਾ ਦੌਰਾ ਹੈ। ਪੀਐੱਮ ਨੇ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਤੇ ਸੋਲਨ ’ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿਆਸੀ ਨਜ਼ਰੀਏ ਤੋਂ ਛੋਟੇ ਪਹਾਡ਼ੀ ਸੂਬੇ ਦੇ ਵਿਕਾਸ ਨੂੰ ਕਦੀ ਪਹਿਲ ਨਹੀਂ ਦਿੱਤੀ। ਇਸ ਨਾਲ ਹਿਮਾਚਲ ਲਗਾਤਾਰ ਪਿੱਛੇ ਹੁੰਦਾ ਗਿਆ। ਪੀਐੱਮ ਨੇ ਕਿਹਾ ਕਿ ਵਨ ਰੈਂਕ ਵਨ ਪੈਨਸ਼ਨ ਭਾਜਪਾ ਨੇ ਦਿੱਤੀ ਹੈ। ਕਾਂਗਰਸ ਹਰੇਕ ਚੋਣਾਂ ਦੌਰਾਨ ਇਸ ਬਾਰੇ ਵਾਅਦਾ ਕਰਦੀ ਸੀ। ਭਾਜਪਾ ਨੇ ਇਸ ਨੂੰ ਪੂਰਾ ਕਰ ਕੇ ਦਿਖਾਇਆ ਹੈ। 60 ਹਜ਼ਾਰ ਕਰੋਡ਼ ਰੁਪਏ ਸਾਬਕਾ ਫ਼ੌਜੀਆਂ ਨੂੰ ਮਿਲੇ। ਕਾਂਗਰਸ ਨੇ ਦੇਸ਼ ਦੀਆਂ ਵੀਰ ਮਾਤਾਵਾਂ ਤੇ ਜਵਾਨਾਂ ਨਾਲ ਝੂਠ ਬੋਲਿਆ ਹੈ। ਜੇਕਰ ਕਾਂਗਰਸ ਸਰਕਾਰ ਹੁੰਦੀ ਤਾਂ ਅੱਜ ਵੀ ਵਨ ਰੈਂਕ ਵਨ ਪੈਨਸ਼ਨ ਦੇ ਨਾਂ ’ਤੇ ਤੁਹਾਨੂੰ ਠੱਗਦੀ ਰਹਿੰਦੀ। ਸਥਾਨਕ ਬੋਲੀ ’ਚ ਭਾਸ਼ਣ ਦੀ ਸ਼ੁਰੂਆਤ ਕਰਨ ਤੋਂ ਬਾਅਦ ਮੋਦੀ ਨੇ ਕਿਹਾ ਕਿ ਹਿਮਾਚਲ ਦੀ ਪਛਾਣ ਕੌਮਾਂਤਰੀ ਪੱਧਰ ’ਤੇ ਬਣਾਉਣ ਲਈ ਅਸੀਂ ਕੰਮ ਕਰ ਰਹੇ ਹਾਂ। ਨਾਲਾਗਡ਼੍ਹ ’ਚ ਮੈਡੀਕਲ ਡਿਵਾਈਸ ਪਾਰਕ ਤੇ ਊਨਾ ’ਚ ਬਲਕ ਡਰੱਗ ਪਾਰਕ ਬਣਨ ਤੋਂ ਬਾਅਦ ਹਿਮਾਚਲ ਦੀ ਫਾਰਮੇਸੀ ਦੇ ਖੇਤਰ ’ਚ ਹਿੱਸੇਦਾਰੀ ਵਧਣ ਵਾਲੀ ਹੈ। ਇਸ ਨਾਲ ਵਿਦੇਸ਼ ’ਚ ਵੀ ਹਿਮਾਚਲ ਦੀ ਚਰਚਾ ਹੋਵੇਗੀ। ਲੋਕਾਂ ਦੀ ਭੀਡ਼ ਦੇਖ ਕੇ ਮੋਦੀ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਵਿਰੋਧੀਆਂ ਦੀ ਨੀਂਦ ਉਡਾ ਦਿੱਤੀ ਹੈ। ਕਾਂਗਰਸ ਦਲਦਲ ’ਚ ਫਸੀ ਹੋਈ ਤੇ ਧਡ਼ਿਆਂ ’ਚ ਵੰਡੀ ਪਾਰਟੀ ਹੈ। ਪੰਜ ਸਾਲਾਂ ਬਾਅਦ ਸਰਕਾਰ ਬਦਲਣ ਦੀ ਰਵਾਇਤ ਖ਼ਤਮ ਕਰਨ ਦੀ ਲੋਡ਼ ਹੈ। ਸਥਿਰ ਸਰਕਾਰ ਹੀ ਸੂਬੇ ’ਚ ਵਿਕਾਸ ਕਰਵਾ ਸਕਦੀ ਹੈ। ਤੁਸੀਂ ਸਰਕਾਰ ਤੋਂ ਜਵਾਬ ਮੰਗਣਾ ਚਾਹੁੰਦੇ ਹੋ ਤੇ ਸਰਕਾਰ ਦੀ ਜਵਾਬਦੇੇਹੀ ਚਾਹੁੰਦੇ ਹੋ ਤਾਂ ਇਕ ਮੌਕਾ ਹੋਰ ਦਿਓ। ਸਰਕਾਰ ਡਬਲ ਇੰਜਣ ਨਾਲ ਕੰਮ ਕਰੇਗੀ। ਮੋਦੀ ਨੇ ਕਿਹਾ ਕਿ ਭਾਜਪਾ ਨੇ ਰਾਮ ਮੰਦਰ ਬਣਾਉਣ ਦਾ ਸੰਕਲਪ ਪਾਲਮਪੁਰ ਤੋਂ ਹੀ ਲਿਆ ਸੀ। ਅੱਜ ਰਾਮ ਮੰਦਰ ਬਣ ਰਿਹਾ ਹੈ।