Home » ਰਾਜਸਥਾਨ ‘ਚ ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ, ਘਰ ‘ਚ ਲਟਕਦੀਆਂ ਮਿਲੀਆਂ ਪਤੀ-ਪਤਨੀ ਤੇ 4 ਪੁੱਤਰਾਂ ਦੀਆਂ ਲਾਸ਼ਾਂ…
Home Page News India India News

ਰਾਜਸਥਾਨ ‘ਚ ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ, ਘਰ ‘ਚ ਲਟਕਦੀਆਂ ਮਿਲੀਆਂ ਪਤੀ-ਪਤਨੀ ਤੇ 4 ਪੁੱਤਰਾਂ ਦੀਆਂ ਲਾਸ਼ਾਂ…

Spread the news

ਰਾਜਸਥਾਨ ਦੇ ਉਦੈਪੁਰ ਵਿੱਚ ਸੋਮਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥੋਂ ਦੇ ਇਕ ਪਿੰਡ ਵਿਚ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ। ਇਸ ਖਬਰ ਤੋਂ ਬਾਅਦ ਪੂਰੇ ਪਿੰਡ ‘ਚ ਹੜਕੰਪ ਮੱਚ ਗਿਆ। ਪਤੀ-ਪਤਨੀ ਤੇ ਉਨ੍ਹਾਂ ਦੇ ਚਾਰ ਪੁੱਤਰ ਆਪਣੇ ਹੀ ਘਰ ‘ਚ ਲਟਕਦੇ ਮਿਲੇ। ਮੌਕੇ ‘ਤੇ ਪਹੁੰਚੀ ਪੁਲਿਸ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਹ ਘਟਨਾ ਉਦੈਪੁਰ ਦੇ ਗੋਗੁੰਡਾ ਥਾਣਾ ਖੇਤਰ ਦੀ ਹੈ। ਜਾਣਕਾਰੀ ਮੁਤਾਬਕ ਝੜੋਲੀ ਪੰਚਾਇਤ ਦੇ ਗੋਲ ਨੇਦੀ ਪਿੰਡ ‘ਚ ਸੋਮਵਾਰ ਨੂੰ ਪ੍ਰਕਾਸ਼ ਪ੍ਰਜਾਪਤ (30) ਉਸ ਦੀ ਪਤਨੀ ਦੁਰਗਾ ਬਾਈ (27) ਤੇ ਚਾਰ ਮਾਸੂਮ ਬੇਟੇ ਆਪਣੇ ਅੱਧੇ ਪੱਕੇ ਤੇ ਅੱਧੇ ਕੱਚੇ ਘਰ ‘ਚ ਲਟਕਦੇ ਮਿਲੇ। ਇਨ੍ਹਾਂ ਚਾਰ ਪੁੱਤਰਾਂ ਵਿੱਚੋਂ ਵੱਡਾ ਪੁੱਤਰ 8 ਸਾਲ ਦਾ, ਦੂਜਾ ਪੁੱਤਰ 5 ਸਾਲ ਦਾ, ਤੀਜਾ ਪੁੱਤਰ 3 ਸਾਲ ਅਤੇ ਸਭ ਤੋਂ ਛੋਟਾ ਪੁੱਤਰ 2 ਸਾਲ ਦਾ ਹੈ। ਘਟਨਾ ਦਾ ਸਭ ਤੋਂ ਪਹਿਲਾਂ ਮ੍ਰਿਤਕ ਦੇ ਭਰਾ ਨੂੰ ਪਤਾ ਲੱਗਾ ਅਤੇ ਉਸ ਨੇ ਹੀ ਪੁਲਸ ਅਤੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪ੍ਰਕਾਸ਼ ਨੇ ਆਪਣੀ ਪਤਨੀ ਅਤੇ 4 ਪੁੱਤਰਾਂ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਸਵੇਰੇ ਜਦੋਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪਤਾ ਲੱਗਾ ਤਾਂ ਆਸ-ਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ। ਝਡੋਲੀ ਪੰਚਾਇਤ ਦੇ ਸਰਪੰਚ ਪਦਮਾਰਾਮ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਪੰਚਾਇਤ ਹੈੱਡਕੁਆਰਟਰ ਆਏ ਤਾਂ ਕੁਝ ਲੋਕਾਂ ਨੇ ਦੱਸਿਆ ਕਿ ਪਿੰਡ ਨੇਦੀ ਵਿੱਚ ਇੱਕੋ ਪਰਿਵਾਰ ਦੇ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਖ਼ਬਰ ਸੁਣ ਕੇ ਮੈਂ ਵੀ ਮੌਕੇ ‘ਤੇ ਪਹੁੰਚ ਗਿਆ ਹਾਂ। ਪਿੰਡ ਵਾਸੀਆਂ ਅਨੁਸਾਰ ਪ੍ਰਕਾਸ਼ ਕਮਾਉਣ ਲਈ ਬਾਹਰ ਜਾਂਦਾ ਸੀ। ਉਹ ਨਵਰਾਤਰੀ ‘ਤੇ ਘਰ ਪਰਤਿਆ ਸੀ, ਉਸ ਤੋਂ ਬਾਅਦ ਉਹ ਬਾਹਰ ਨਹੀਂ ਗਿਆ। ਪਰਿਵਾਰ ਵਿੱਚ ਝਗੜੇ ਦੀ ਕਿਸੇ ਨੂੰ ਕੋਈ ਖ਼ਬਰ ਨਹੀਂ ਹੈ। ਪੁਲਿਸ ਮੁਤਾਬਕ ਦੁਪਹਿਰ ਤਕ ਪੋਸਟਮਾਰਟਮ ਹੋਵੇਗਾ। ਇਸ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।