ਲਖੀਮਪੁਰ ਖੇੜੀ ਮਾਮਲੇ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਸੁਪਰੀਮ ਕੋਰਟ ਨੇ ਸ਼ਰਤਾਂ ਨਾਲ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਫਿਲਹਾਲ ਆਸ਼ੀਸ਼ ਨੂੰ 8 ਹਫਤਿਆਂ ਲਈ ਰਿਹਾਅ ਕੀਤਾ ਜਾ ਰਿਹਾ ਹੈ ਪਰ ਸ਼ਰਤਾਂ ਦੀ ਉਲੰਘਣਾ ਕਰਨ ‘ਤੇ ਜ਼ਮਾਨਤ ਰੱਦ ਹੋ ਸਕਦੀ ਹੈ। ਆਸ਼ੀਸ਼ ਆਪਣੀ ਰਿਹਾਈ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਨਹੀਂ ਰਹਿ ਸਕਦਾ ਹੈ ।
ਬੀਤੇ ਕਲ ਬਲਾਤਕਾਰ ਅਤੇ ਕਤਲ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਮੁੜ ਪੈਰੋਲ ਮਿਲੀ ਸੀ ਤੇ ਅਜ ਆਸ਼ਿਸ਼ ਨੂੰ । ਇਸ ਨਾਲ ਇਹ ਸਾਬਿਤ ਹੋ ਰਿਹਾ ਹੈ ਕਿ ਇਸ ਮੁੱਲਕ ਅੰਦਰ ਬਹੁ ਗਿਣਤੀ ਲਈ ਕਾਨੂੰਨ ਕੁਝ ਹੋਰ ਹਨ ਅਤੇ ਘੱਟ ਗਿਣਤੀ ਲਈ ਕੁਝ ਹੋਰ, ਕਿਉਂਕਿ ਸਿੱਖ ਬੰਦੀ ਸਿੰਘਾਂ ਨੂੰ ਬਣਦੀ ਸਜ਼ਾ ਤੋਂ ਵੀਂ ਵੱਧ ਜੇਲ੍ਹ ਕੱਟਣ ਤੇ ਬਾਵਜੂਦ ਜਮਾਨਤ ਤਾਂ ਦੂਰ ਪੈਰੋਲਾਂ ਵੀਂ ਨਹੀਂ ਦਿੱਤੀ ਜਾ ਰਹੀਆਂ ਹਨ ਤੇ ਦੂਜੇ ਪਾਸੇ ਸੰਗੀਨ ਜੁਰਮਾ ਦੇ ਦੋਸ਼ੀਆਂ ਦੀਆਂ ਪੈਰੋਲਾਂ, ਜਮਾਨਤਾਂ ਮਨਜ਼ੂਰ ਹੋ ਜਾਂਦੀ ਹੈ ।
ਜਿਕਰਯੋਗ ਹੈ ਕਿ ਆਸ਼ੀਸ਼ ਮਿਸ਼ਰਾ ਦੀ ਤਰਫੋਂ ਦਲੀਲ ਦਿੱਤੀ ਗਈ ਸੀ ਕਿ ਉਹ 1 ਸਾਲ ਤੋਂ ਵੱਧ ਸਮਾਂ ਜੇਲ ‘ਚ ਬਿਤਾ ਚੁੱਕਾ ਹੈ, ਜਦਕਿ ਇਸ ਘਟਨਾ ‘ਚ ਉਸ ਦੀ ਸ਼ਮੂਲੀਅਤ ਦਾ ਕੋਈ ਠੋਸ ਸਬੂਤ ਨਹੀਂ ਹੈ। ਸੁਪਰੀਮ ਕੋਰਟ ਨੂੰ ਭੇਜੀ ਰਿਪੋਰਟ ਵਿੱਚ ਲਖੀਮਪੁਰ ਖੇੜੀ ਦੀ ਹੇਠਲੀ ਅਦਾਲਤ ਦੇ ਜੱਜ ਨੇ ਦੱਸਿਆ ਸੀ ਕਿ ਇਸ ਕੇਸ ਦੇ ਨਿਪਟਾਰੇ ਵਿੱਚ 5 ਸਾਲ ਦਾ ਸਮਾਂ ਲੱਗ ਸਕਦਾ ਹੈ। ਇਸ ‘ਤੇ ਅਦਾਲਤ ਨੇ ਆਸ਼ੀਸ਼ ਨੂੰ ਜ਼ਮਾਨਤ ਦੇਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਸੁਣਵਾਈ ਪੂਰੀ ਹੋਣ ਤੱਕ ਕਿਸੇ ਨੂੰ ਵੀ ਜੇਲ ‘ਚ ਨਹੀਂ ਰੱਖਿਆ ਜਾ ਸਕਦਾ।
ਅਦਾਲਤ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਮਾਮਲੇ ‘ਤੇ 14 ਮਾਰਚ ਨੂੰ ਦੁਬਾਰਾ ਸੁਣਵਾਈ ਕਰੇਗੀ। ਉਸ ਦਿਨ ਅੱਜ ਦਿੱਤੇ ਹੁਕਮਾਂ ਦੀ ਸਮੀਖਿਆ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਤਲ ਦੇ ਦੋਸ਼ੀ 4 ਕਿਸਾਨਾਂ ਨੂੰ ਅੰਤਰਿਮ ਜ਼ਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਵੀ ਦਿੱਤਾ ਹੈ।
ਇਲਾਹਾਬਾਦ ਹਾਈ ਕੋਰਟ ਦੀ ਧਿਆਨਦੇਣ ਯੋਗ ਹੈ ਕਿ ਲਖਨਊ ਬੈਂਚ ਨੇ ਪਿਛਲੇ ਸਾਲ 26 ਜੁਲਾਈ ਨੂੰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਉਸ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ।
ਮਾਮਲੇ ਵਿੱਚ ਸ਼ਿਕਾਇਤਕਰਤਾ ਕਿਸਾਨਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਆਸ਼ੀਸ਼ ਨੂੰ ਜ਼ਮਾਨਤ ਦੇਣ ਦਾ ਸਖ਼ਤ ਵਿਰੋਧ ਕੀਤਾ ਸੀ । ਅਦਾਲਤ ਅੰਦਰ ਮਾਮਲੇ ਵਿਚ ਬਹਿਸ ਕਰਦਿਆਂ ਉਸ ਨੇ ਕਿਹਾ ਕਿ ਆਸ਼ੀਸ਼ ਦਾ ਪਰਿਵਾਰ ਬਹੁਤ ਪ੍ਰਭਾਵਸ਼ਾਲੀ ਹੈ, ਉਹ ਮੁਕੱਦਮੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਕਰਕੇ ਓਸ ਨੂੰ ਜਮਾਨਤ ਨਾ ਦਿੱਤੀ ਜਾਏ ।
3 ਅਕਤੂਬਰ 2021 ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਅੰਦੋਲਨਕਾਰੀ ਕਿਸਾਨਾਂ ਉੱਤੇ ਵਾਹਨ ਚੜ੍ਹਾਉਣ ਦੀ ਘਟਨਾ ਵਾਪਰੀ ਸੀ ਜਿਸ ਵਿਚ ਆਸ਼ਿਸ਼ ਮਿਸ਼ਰਾ ਵੀਂ ਬੈਠਾ ਹੋਇਆ ਦਸਿਆ ਗਿਆ ਸੀ । ਇਸ ਘਟਨਾ ਵਿੱਚ ਚਾਰ ਕਿਸਾਨ ਅਤੇ ਉਸ ਤੋਂ ਬਾਅਦ ਭੜਕੇ ਕਿਸਾਨਾਂ ਵੱਲੋਂ ਦੋਸ਼ੀਆਂ ਦੀ ਕੀਤੀ ਕੁੱਟਮਾਰ ਵਿੱਚ ਕੁੱਲ 8 ਲੋਕਾਂ ਦੀ ਜਾਨ ਚਲੀ ਗਈ ਸੀ । ਮਾਮਲੇ ਦਾ ਮੁੱਖ ਮੁਲਜ਼ਮ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਹੈ।