ਸਾਲ 2013 ਸੀ, ਜਦੋਂ ਪਰਵਿੰਦਰ ਕੌਰ ਘਰੇਲੂ ਝਗੜੇ ਤੋਂ ਬਾਅਦ ਆਪਣੇ Rouse Hill ਵਾਲੇ ਘਰ ਵਿੱਚੋਂ ਬਾਹਰ ਨਿਕਲ ਆਈ, ਖੁਦ ਦੇ ਉਤੇ ਪੈਟਰੋਲ ਪਾਇਆ ਅਤੇ ਅੱਗ ਲਗਾ ਲਈ। ਗੁਆਢੀਆਂ ਨੇ ਉਸਨੂੰ ਅੱਗ ਦੀਆਂ ਲਪਟਾਂ ਵਿੱਚ ਡਰਾਈਵ ਵੇਅ ‘ਤੇ ਭੱਜਦੀ ਹੋਈ ਵੇਖਿਆ। ਉਸਦਾ ਪਤੀ ਕੁਲਵਿੰਦਰ ਸਿੰਘ ਉਸ ਵਕਤ ਘਰ ਦੇ ਅੰਦਰ ਮੌਜੂਦ ਸੀ ਅਤੇ ਘਰ ਛੱਡ ਕੇ ਜਾਣ ਲਈ ਆਪਣਾ ਸਮਾਨ ਪੈਕ ਕਰ ਰਿਹਾ ਸੀ, ਜਦੋਂ ਉਸਨੂੰ ਬਾਹਰ ਚੀਖਾਂ ਸੁਣਾਈ ਦਿੱਤੀਆਂ। ਇਹ ਬਿਆਨ ਘਟਨਾ ਮਗਰੋਂ ਕੁਲਵਿੰਦਰ ਨੇ ਪੁਲਿਸ ਕੋਲ ਦਰਜ ਕਰਵਾਇਆ। ਹਾਦਸੇ ਵਿੱਚ 90 ਫੀਸਦ ਜਲ ਜਾਣ ਕਰਕੇ ਅਗਲੇ ਦਿਨ ਹਸਪਤਾਲ ਵਿੱਚ ਪਰਵਿੰਦਰ ਕੌਰ ਦੀ ਮੌਤ ਹੋ ਗਈ ਅਤੇ coroner ਨੇ ਸਾਲ 2017 ਵਿੱਚ ਉਸਦੇ ਪਤੀ ਕੁਲਵਿੰਦਰ ਸਿੰਘ ‘ਤੇ ਦੋਸ਼ ਆਇਦ ਕਰ ਲਏ, ਮੁਕੱਦਮਾ ਸ਼ੁਰੂ ਕੀਤਾ ਗਿਆ।
ਅਦਾਲਤ ਨੇ ਪਹਿਲਾ ਟਰਾਇਲ 2019 ਵਿੱਚ ਚਲਾਇਆ। ਮਾਮਲੇ ਵਿੱਚ ਸਬੂਤਾਂ ਦੀ ਘਾਟ ਪਾਈ ਗਈ ਜੋ ਕੁਲਵਿੰਦਰ ਸਿੰਘ ਨੂੰ ਦੋਸ਼ੀ ਸਾਬਤ ਕਰ ਸਕਣ। ਪੈਟਰੋਲ ਦੇ ਕੈਨ ਅਤੇ ਅੱਗ ਲਾਉਣ ਲਈ ਵਰਤੇ ਗਏ ਲਾਈਟਰ ‘ਤੇ ਵੀ ਸਿਰਫ਼ ਪਰਵਿੰਦਰ ਕੌਰ ਦੇ ਹੀ ਉਂਗਲੀਆਂ ਦੇ ਨਿਸ਼ਾਨ ਸਨ। ਅਦਾਲਤ ਕਿਸੇ ਫ਼ੈਸਲੇ ‘ਤੇ ਨਹੀਂ ਪਹੁੰਚ ਸਕੀ। ਦੂਸਰਾ ਟਰਾਇਲ 2021 ਵਿੱਚ ਚਲਾਇਆ ਗਿਆ। ਜਿਸ ਵਿਚ ਅਦਾਲਤ ਨੇ ਕੁਲਵਿੰਦਰ ਨੂੰ ਬੇਦੋਸ਼ਾ ਕਰਾਰ ਦਿੱਤਾ।
ਹੁਣ NSW ਸੁਪਰੀਮ ਕੋਰਟ ਜੱਜ Natalie Adams ਨੇ ‘ਸਟੇਟ’ ਨੂੰ ਕੁਲਵਿੰਦਰ ਸਿੰਘ ਦੀ ਦੋਵੇਂ ਟਰਾਇਲ ਦੀ ਫੀਸ ਭਰਣ ਦੇ ਆਦੇਸ਼ ਦਿੱਤੇ ਹਨ। ਅਦਾਰੇ ABC ਮੁਤਾਬਕ ਇਹ ਹਰਜਾਨਾ ਇੱਕ ਮਿਲੀਅਨ ਡਾਲਰ ਤੱਕ ਹੋ ਸਕਦਾ ਹੈ, ਜਿਸ ਬਾਰੇ ਹਾਲੇ ਅਦਾਲਤ ਨੇ ਫੈਸਲਾ ਲੈਣਾ ਹੈ।