ਕਾਂਗਰਸ ਨੇ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (BBC) ਦੇ ਭਾਰਤੀ ਦਫਤਰਾਂ ‘ਤੇ ਆਮਦਨ ਟੈਕਸ ਵਿਭਾਗ ਦੇ “ਸਰਵੇਖਣ” ਨੂੰ ਲੈ ਕੇ ਕੇਂਦਰ ‘ਤੇ ਨਿਸ਼ਾਨਾ ਵਿੰਨ੍ਹਿਆ। ਕਾਂਗਰਸ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਭਰ ਵਿਚ ਭਾਰਤ ਮਜ਼ਾਕ ਬਣਾ ਰਹੇ ਹਨ, ਜਦੋਂ ਦੇਸ਼ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ। ਪਾਰਟੀ ਦੇ ਮੀਡੀਆ ਅਤੇ ਪ੍ਰਚਾਰ ਮੁਖੀ ਪਵਨ ਖੇੜਾ ਨੇ ਵੀ ਕਿਹਾ ਕਿ ਸਰਕਾਰ ਦੀ ‘ਸਟਾਰਟ ਅੱਪ ਇੰਡੀਆ’ ਦੀ ਗੱਲ ਠੀਕ ਹੈ ਪਰ ‘ਸ਼ਟ ਅੱਪ ਇੰਡੀਆ’ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ BCC ਦੇ ਭਾਰਤੀ ਦਫ਼ਤਰਾਂ ‘ਤੇ ਆਮਦਨ ਟੈਕਸ ਵਿਭਾਗ ਦੇ ‘ਸਰਵੇਖਣ’ ਦਾ ਹਵਾਲਾ ਦਿੰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਭਾਰਤ ਲੋਕਤੰਤਰ ਦੀ ਮਾਂ ਹੈ ਅਤੇ ਇਸ ਦੇਸ਼ ਦਾ ਪ੍ਰਧਾਨ ਮੰਤਰੀ ‘ਪਾਖੰਡ ਦਾ ਪਿਤਾ’ ਕਿਉਂ ਬਣਿਆ ਹੋਇਆ ਹੈ?
ਇਸ ਸਰਕਾਰ ‘ਚ ਭਾਰਤ ਪ੍ਰੈੱਸ ਫਰੀਡਮ ਇੰਡੈਕਸ ‘ਚ 150ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਖੇੜਾ ਨੇ ਪ੍ਰਧਾਨ ਮੰਤਰੀ ਦੀ ਇਕ ਪੁਰਾਣੀ ਟਿੱਪਣੀ ਦਾ ਵਿਅੰਗ ਕਰਦਿਆਂ ਕਿਹਾ ਕਿ 2014 ਤੋਂ ਪਹਿਲਾਂ ਇਸ BBC ਨੂੰ ਲੈ ਕੇ ਸਾਬ੍ਹ ਕਹਿੰਦੇ ਸਨ- ਅਸੀਂ ਤਾਂ ਭਰੋਸਾ ਹੀ ਬੀ. ਬੀ. ਸੀ. ‘ਤੇ ਕਰਦੇ ਹਾਂ। ਹੁਣ ਕੀ ਹੋਇਆ? ਖੇੜਾ ਨੇ ਵਿਅੰਗਮਈ ਢੰਗ ਨਾਲ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਤੀਤ ‘ਤੇ ਰੌਸ਼ਨੀ ਪਾਉਣ ਵਾਲੇ ਮੀਡੀਆ ਹਾਊਸ ਦਾ ਭਵਿੱਖ ਬਰਬਾਦ ਕਰ ਦਿੱਤਾ ਜਾਂਦਾ ਹੈ। ਕਾਂਗਰਸ ਆਗੂ ਨੇ ਇਹ ਵੀ ਕਿਹਾ ਕਿ ਹੁਣ ਸਰਕਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਸ਼ਾਖਾਵਾਂ ਵਾਂਗ ਵਿਦੇਸ਼ਾਂ ਵਿਚ ਈ. ਡੀ., ਸੀ. ਬੀ. ਆਈ. ਅਤੇ ਆਮਦਨ ਟੈਕਸ ਵਿਭਾਗ ਦੀਆਂ ਸ਼ਾਖਾਵਾਂ ਖੋਲ੍ਹਣੀਆਂ ਚਾਹੀਦੀਆਂ ਹਨ।