ਕੁਰਾਲੀ ਦੇ ਇੱਕ ਨੌਜਵਾਨ ਜੋ ਰੁਜ਼ਗਾਰ ਲਈ ਸ਼ਾਰਜਾਹ (ਦੁਬਈ) ਵਿਖੇ ਗਿਆ ਸੀ ਦੀ ਉਥੇ ਅਚਾਨਕ ਮੌਤ ਹੋ ਗਈ ਹੈ। ਮਿ੍ਤਕ ਨੌਜਵਾਨ ਦੀ ਲਾਸ਼ ਸ਼ਾਰਜਾਹ (ਦੁਬਈ) ਤੋਂ ਕੁਰਾਲੀ ਵਿਖੇ ਪਹੁੰਚੀ ਜਿੱਥੇ ਪਰਿਵਾਰ ਵੱਲੋਂ ਉਸ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਸ਼ਹਿਰ ਦੇ ਨਗਰ ਕੌਂਸਲ ਨੇੜੇ ਪੈਂਦੀ ਇਕ ਕਾਲੋਨੀ ਦੇ ਵਸਨੀਕ ਸੁਰੇਸ਼ ਧੀਮਾਨ(37) ਪੁੱਤਰ ਰਜਿੰਦਰਪਾਲ ਧੀਮਾਨ ਕਰੀਬ ਦੋ ਸਾਲ ਪਹਿਲਾਂ ਰੁਜ਼ਗਾਰ ਦੀ ਤਲਾਸ਼ ਲਈ ਦੁਬਈ ਗਿਆ ਸੀ। ਉੱਥੇ ਸੁਰੇਸ਼ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹਿਰ ਦੇ ਸਾਬਕਾ ਕੌਂਸਲਰ ਵਿਨੀਤ ਕੁਮਾਰ ਵੀਨੂੰ ਕਾਲੀਆ ਨੇ ਦੱਸਿਆ ਕਿ ਬੀਤੀ 2 ਫਰਵਰੀ ਨੂੰ ਟਰਾਲੇ ਦਾ ਚੱਕਰ ਲਗਾਉਣ ਉਪਰੰਤ ਸੁਰੇਸ਼ ਆਪਣੇ ਟਰਾਲੇ ਵਿਚ ਹੀ ਸੌਂ ਗਿਆ ਤੇ ਅਚਾਨਕ ਉਸ ਦੀ ਉਥੇ ਹੀ ਮੌਤ ਹੋ ਗਈ। ਵੀਨੂੰ ਕਾਲੀਆ ਨੇ ਦੱਸਿਆ ਕਿ ਸੁਰੇਸ਼ ਕੁਮਾਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮਿ੍ਤਕ ਆਪਣੇ ਪਿੱਛੇ ਦੋ ਬੱਚੇ ਛੱਡ ਗਿਆ ਹੈ। ਇਕ ਲੜਕਾ ਕਰੀਬ 7 ਸਾਲ ਅਤੇ ਇਕ ਢਾਈ ਸਾਲ ਦਾ ਹੈ।