Home » ਗੁਰੂ ਕਾਸ਼ੀ ਯੂਨੀਵਰਸਿਟੀ ਦਾ ਕਪਿਲ ਪਰਮਾਰ ਪੁਰਤਗਾਲੀ ਮਿਗਉਲ ਵਿਅਰਾ ਨੂੰ ਚਿੱਤ ਕਰਕੇ ਬਣਿਆ ਵਿਸ਼ਵ ਦਾ ਨੰਬਰ 1 ਜੂਡੋਕਾ
Home Page News India India News India Sports Sports Sports World Sports

ਗੁਰੂ ਕਾਸ਼ੀ ਯੂਨੀਵਰਸਿਟੀ ਦਾ ਕਪਿਲ ਪਰਮਾਰ ਪੁਰਤਗਾਲੀ ਮਿਗਉਲ ਵਿਅਰਾ ਨੂੰ ਚਿੱਤ ਕਰਕੇ ਬਣਿਆ ਵਿਸ਼ਵ ਦਾ ਨੰਬਰ 1 ਜੂਡੋਕਾ

Spread the news

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਜੂਡੋਕਾ ਕਪਿਲ ਪਰਮਾਰ ਨੇ ਇਜੀਪਟ ਵਿਖੇ ਚੱਲ ਰਹੀ ਆਈ.ਬੀ. ਐੱਸ. ਏ ਪੈਰਾ ਜੂਡੋ ਗ੍ਰੈਂਡ ਪਰਿਕਸ ਜੇ ਵੱਨ ਚੈਂਪੀਅਨਸ਼ਿਪ 2023 ਦੇ 60 ਕਿਲੋ ਭਾਰ ਵਰਗ ਦੇ ਫਾਇਨਲ ਮੁਕਾਬਲੇ ਵਿੱਚ ਪੁਰਤਗਾਲ ਦੇ ਖਿਡਾਰੀ ਮਿਗਉਲ ਵਿਅਰਾ ਨੂੰ ਚਿੱਤ ਕਰਕੇ ਆਪਣੇ ਪੈਰਾ ਭਾਰ ਵਰਗ ਦਾ ਵਿਸ਼ਵ ਨੰਬਰ 1 ਖਿਡਾਰੀ ਬਣਿਆ। ਉਸਨੇ ਭਾਰਤ ਲਈ ਅਤੇ ਚੈਂਪੀਅਨਸ਼ਿਪ ਦਾ ਪਹਿਲਾ ਸੋਨ ਤਗਮਾ ਜਿੱਤਿਆ। ਖਿਡਾਰੀ ਦੀ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਪ੍ਰੋ.(ਡਾ.) ਐੱਸ.ਕੇ. ਬਾਵਾ, ਉਪ ਕੁਲਪਤੀ ਨੇ ਦੱਸਿਆ ਕਿ ਜੀ.ਕੇ.ਯੂ ਦੇ ਖਿਡਾਰੀਆਂ ਵੱਲੋਂ ਅੰਤਰ ਰਾਸ਼ਟਰੀ ਪੱਧਰ ਤੇ ਲਗਾਤਾਰ ਪ੍ਰਾਪਤ ਕੀਤੀਆਂ ਜਾ ਰਹੀਆਂ ਸਫਲਤਾਵਾਂ ਨੂੰ ਵੇਖ ਕੇ ਲਗਦਾ ਹੈ ਕਿ ਇਹ ਖਿਡਾਰੀ ਜਲਦੀ ਹੀ ਏਸ਼ੀਆਈ ਅਤੇ ਓਲੰਪਿਕ ਖੇਡਾਂ ਵਿੱਚ ਤਗਮੇ ਜਿੱਤ ਕੇ ਵਰਸਿਟੀ, ਇਲਾਕੇ ਅਤੇ ਭਾਰਤ ਦਾ ਨਾਂ ਰੌਸ਼ਨ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਕਪਿਲ ਪਰਮਾਰ ਪੈਰਾ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰੇਗਾ। ਉਨ੍ਹਾਂ ਵਰਸਿਟੀ ਪ੍ਰਬੰਧਕਾਂ ਵੱਲੋਂ ਡਾਇਰੈਕਟਰ ਸਪੋਰਟਸ, ਕੋਚ ਅਤੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਡਾ. ਰਾਜ ਕੁਮਾਰ ਸ਼ਰਮਾ, ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਦੁਨੀਆਂ ਭਰ ਦੇ 40 ਦੇਸ਼ਾਂ ਦੇ ਜੂਡੋਕਾ ਹਿੱਸਾ ਲੈ ਰਹੇ ਹਨ। ਉਨ੍ਹਾਂ ਪਰਮਾਰ ਦੀ ਇਸ ਪ੍ਰਾਪਤੀ ਦਾ ਸਿਹਰਾ ਵਰਸਿਟੀ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ, ਸੁਵਿਧਾਵਾਂ, ਕੋਚ ਸਾਹਿਬਾਨ ਦੀ ਕੋਚਿੰਗ, ਸਮਰਪਣ, ਖਿਡਾਰੀ ਦੀ ਮਿਹਨਤ ਅਤੇ ਲਗਾਤਾਰ ਅਭਿਆਸ ਸਿਰ ਬੰਨ੍ਹਿਆਂ। ਉਨ੍ਹਾਂ ਦੱਸਿਆ ਕਿ ਕਪਿਲ ਪਰਮਾਰ ਨੇ ਇਰਾਕੀ ਖਿਡਾਰੀ ਅਬਦੁਲ ਰਹਿਮਾਨ, ਚਾਇਨੀ ਜੂਡੋਕਾ ਸ਼ਿਵਨ ਜੂ ਅਤੇ ਉਰਗਵੇ ਖਿਡਾਰੀ ਹੈਨਰੀ ਬੋਰਗਸ ਨੂੰ ਹਰਾ ਕੇ ਇਹ ਪ੍ਰਾਪਤੀ ਹਾਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਰਸਿਟੀ ਦੇ ਖਿਡਾਰੀ ਲਗਾਤਾਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਵੱਖ-ਵੱਖ ਖੇਡਾਂ ਵਿੱਚ ਮੱਲਾਂ ਮਾਰ ਰਹੇ ਹਨ।