ਦਿੱਲੀ ਦੀ ਕੇਜਰੀਵਾਲ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਚੱਲ ਰਹੀ ਪੋਸਟਰ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਆਮ ਆਦਮੀ ਪਾਰਟੀ ਨੇ ਭਾਜਪਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਇੱਕ ਵਾਰ ਫਿਰ ਮੋਰਚਾ ਖੋਲ੍ਹ ਦਿੱਤਾ ਹੈ। ਕੇਜਰੀਵਾਲ ਸਰਕਾਰ ਹੁਣ ਇਨ੍ਹਾਂ ਪੋਸਟਰਾਂ ਰਾਹੀਂ ਵੱਡਾ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ 11 ਭਾਸ਼ਾਵਾਂ ਵਿੱਚ ਮੋਦੀ ਹਟਾਓ ਦੇਸ਼ ਬਚਾਓ ਦਾ ਪੋਸਟਰ ਜਾਰੀ ਕੀਤਾ ਹੈ। ਆਮ ਆਦਮੀ ਪਾਰਟੀ 30 ਮਾਰਚ ਨੂੰ ਦੇਸ਼ ਭਰ ਵਿੱਚ ਇਹ ਪੋਸਟਰ ਲਗਾਉਣ ਜਾ ਰਹੀ ਹੈ।
ਇਨ੍ਹਾਂ ਪੋਸਟਰਾਂ ਦੀ ਜਾਣਕਾਰੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਮੰਤਰੀ ਗੋਪਾਲ ਰਾਏ ਨੇ ਦਿੱਤੀ ਹੈ। ‘ਆਪ’ ਮੰਤਰੀ ਨੇ ਕਿਹਾ ਕਿ 30 ਮਾਰਚ ਨੂੰ ਪੂਰੇ ਦੇਸ਼ ‘ਚ ਮੋਦੀ ਹਟਾਓ ਦੇਸ਼ ਬਚਾਓ ਵਾਲੇ ਪੋਸਟਰ ਲਗਾਏ ਜਾਣਗੇ। ਇਹ ਪੋਸਟਰ 11 ਵੱਖ-ਵੱਖ ਭਾਸ਼ਾਵਾਂ ਵਿੱਚ ਜਾਰੀ ਕੀਤੇ ਗਏ ਹਨ। ਮੀਡੀਆ ‘ਚ ਚੱਲ ਰਹੀਆਂ ਖਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਪੋਸਟਰ ਉਰਦੂ, ਅੰਗਰੇਜ਼ੀ, ਪੰਜਾਬੀ, ਗੁਜਰਾਤੀ, ਤੇਲਗੂ, ਬੰਗਲਾ, ਮਰਾਠੀ, ਹਿੰਦੀ, ਅੰਗਰੇਜ਼ੀ ਸਮੇਤ ਹੋਰ ਭਾਸ਼ਾਵਾਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ।