ਅਤੀਕ-ਅਸ਼ਰਫ ਕਤਲ ਕਾਂਡ ਦੇ ਤਿੰਨ ਦਿਨ ਬਾਅਦ ਬੁੱਧਵਾਰ ਨੂੰ ਪ੍ਰਯਾਗਰਾਜ ਦੇ ਸ਼ਾਹਗੰਜ ਥਾਣੇ ਦੇ ਪੰਜ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਵਿਭਾਗ ਨੇ ਐਸਆਈਟੀ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਜਿਨ੍ਹਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿੱਚ ਐਸ.ਓ ਅਸ਼ਵਨੀ ਕੁਮਾਰ ਸਿੰਘ ਤੋਂ ਇਲਾਵਾ ਦੋ ਸਬ-ਇੰਸਪੈਕਟਰ ਅਤੇ ਦੋ ਕਾਂਸਟੇਬਲ ਸ਼ਾਮਲ ਹਨ।
ਦੂਜੇ ਪਾਸੇ ਤਿੰਨੋਂ ਮੁਲਜ਼ਮ ਨਿਸ਼ਾਨੇਬਾਜ਼ ਲਵਲੇਸ਼, ਸੰਨੀ ਅਤੇ ਅਰੁਣ ਨੂੰ ਪ੍ਰਯਾਗਰਾਜ ਦੀ ਸੀਜੇਐਮ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਹਾਲਾਂਕਿ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ। ਸੀਜੇਐਮ ਕੋਰਟ ਨੰਬਰ 10 ਵਿੱਚ ਜੱਜ ਦਿਨੇਸ਼ ਕੁਮਾਰ ਗੌਤਮ ਨੇ ਰਿਮਾਂਡ ’ਤੇ ਦੇਣ ਦਾ ਹੁਕਮ ਸੁਣਾਇਆ।
ਪੁਲੀਸ ਲਾਈਨ ਵਿੱਚ ਡਿਪਟੀ ਕਮਿਸ਼ਨਰ ਕਰਾਈਮ ਸਤੀਸ਼ ਚੰਦਰ, ਏਸੀਪੀ ਸਤੇਂਦਰ ਤਿਵਾੜੀ ਅਤੇ ਇੰਸਪੈਕਟਰ ਓਮ ਪ੍ਰਕਾਸ਼ ਤਿੰਨਾਂ ਸ਼ੂਟਰਾਂ ਤੋਂ ਪੁੱਛਗਿੱਛ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਨ੍ਹਾਂ ਲਈ 100 ਸਵਾਲ ਤਿਆਰ ਕੀਤੇ ਹਨ। ਪੁਲੀਸ ਇਨ੍ਹਾਂ ਮੁਲਜ਼ਮਾਂ ਦੇ ਮੋਬਾਈਲਾਂ ਦੀ ਵੀ ਭਾਲ ਕਰ ਰਹੀ ਹੈ। ਮੋਬਾਈਲ ਦੀ ਜਾਂਚ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹ ਆਖਰੀ ਸਮੇਂ ਵਿੱਚ ਕਿਸ ਦੇ ਸੰਪਰਕ ਵਿੱਚ ਸਨ। ਦੂਜੇ ਪਾਸੇ ਬੁੱਧਵਾਰ ਨੂੰ ਪ੍ਰਯਾਗਰਾਜ ਪੁਲਸ ਨੇ ਅਤੀਕ ਗੈਂਗ ਦੇ ਸ਼ੂਟਰ ਅਸਦ ਕਾਲੀਆ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ 50 ਹਜ਼ਾਰ ਦਾ ਇਨਾਮ ਸੀ। ਅਸਦ ਕਾਲੀਆ ਅਤੀਕ ਗੈਂਗ ਦਾ ਫਾਈਨਾਂਸਰ ਦੱਸਿਆ ਜਾਂਦਾ ਹੈ। ਪੁਲਿਸ ਹੁਣ ਉਸ ਤੋਂ ਪੁੱਛਗਿੱਛ ਕਰ ਰਹੀ ਹੈ।