Home » ਜੇਕਰ ਤੁਸੀਂ ਆਪਣਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਕਰੋ, ਜੇਕਰ ਲੜਾਈ ਚਾਹੁੰਦੇ ਹੋ ਤਾਂ ਕਾਂਗਰਸ ਨੂੰ ਵੋਟ ਦਿਓ: ਅਰਵਿੰਦ ਕੇਜਰੀਵਾਲ
Home Page News India India News

ਜੇਕਰ ਤੁਸੀਂ ਆਪਣਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਕਰੋ, ਜੇਕਰ ਲੜਾਈ ਚਾਹੁੰਦੇ ਹੋ ਤਾਂ ਕਾਂਗਰਸ ਨੂੰ ਵੋਟ ਦਿਓ: ਅਰਵਿੰਦ ਕੇਜਰੀਵਾਲ

Spread the news

ਆਮ ਆਦਮੀ ਪਾਰਟੀ (‘ਆਪ) ਨੇ ਜ਼ਿਮਨੀ ਚੋਣ ਦੇ ਆਪਣੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਵੀਰਵਾਰ ਨੂੰ ਜਲੰਧਰ ਵਿੱਚ ਵਿਸ਼ਾਲ ਰੈਲੀ ਕੀਤੀ। ਇਸ ਮੌਕੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ‘ਚ ‘ਆਪ’ ਉਮੀਦਵਾਰ ਦਾ ਪ੍ਰਚਾਰ ਕਰਨ ਪੁੱਜੇ।
ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਲਈ ‘ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਸਾਰੇ ਸਥਾਨਕ ਆਗੂਆਂ ਅਤੇ ਪਾਰਟੀ ਵਲੰਟੀਅਰਾਂ ਦੇ ਸਹਿਯੋਗ ਨਾਲ ਜੋ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਮਿਲ ਰਹੇ ਹਨ, ਉਹ ਇਸ ਚੋਣ ਵਿੱਚ ਵੱਡੀ ਜਿੱਤ ਦਰਜ ਕਰਨਗੇ। ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਚੰਨੀ ਦਾ ਅਪਮਾਨ ਕਰਦੇ ਸਨ ਅਤੇ ਹੁਣ ਉਨ੍ਹਾਂ ਦੇ ਨਾਂ ‘ਤੇ ਹੀ ਵੋਟਾਂ ਮੰਗ ਰਹੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ ਸਮੇਤ ਪੰਜਾਬ ਦੇ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ। ਤੁਸੀਂ ‘ਆਪ’ ਦੇ 92 ਵਿਧਾਇਕ ਚੁਣੇ, ਭਗਵੰਤ ਮਾਨ ਨੂੰ ਆਪਣਾ ਮੁੱਖ ਮੰਤਰੀ ਚੁਣਿਆ ਅਤੇ ਇਹ ਸਰਕਾਰ ਤੁਹਾਡੀਆਂ ਉਮੀਦਾਂ ‘ਤੇ ਖਰੀ ਉਤਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਸਿਰਫ਼ ਇੱਕ ਸਾਲ ਵਿੱਚ ਹੀ ਆਪਣੀਆਂ ਸਾਰੀਆਂ ਵੱਡੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਉਨ੍ਹਾਂ ਅੱਗੇ ਕਿਹਾ, ਕੁਝ ਲੋਕ ਕਹਿੰਦੇ ਹਨ ਕਿ ਸਾਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ, ਵਾਅਦੇ ਪਹਿਲੇ ਨਹੀਂ ਆਖ਼ਰੀ ਇੱਕ ਸਾਲ ਵਿੱਚ ਪੂਰੇ ਕੀਤੇ ਜਾਂਦੇ ਹਨ, ਮੈਂ ਕਹਿੰਦਾ ਹਾਂ, ਅਸੀਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਹਾਂ, ਅਸੀਂ ਇੱਥੇ ਲੋਕਾਂ ਦੀ ਸੇਵਾ ਕਰਨ ਲਈ ਆਏ ਹਾਂ।
ਜ਼ੀਰੋ ਬਿਜਲੀ ਬਿੱਲਾਂ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜਦੋਂ ਅਸੀਂ ਇਸ ਗਾਰੰਟੀ ਦਾ ਐਲਾਨ ਕੀਤਾ ਸੀ ਤਾਂ ਵਿਰੋਧੀ ਪਾਰਟੀਆਂ ਇਸ ਨੂੰ ਅਸੰਭਵ ਕਰਾਰ ਦਿੰਦੀਆਂ ਸਨ, ਪਰ ਅਸੀਂ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਆਪਣਾ ਵਾਅਦਾ ਪੂਰਾ ਕਰ ਦਿੱਤਾ ਅਤੇ ਹੁਣ ਪੰਜਾਬ ਦੇ 80 ਫੀਸਦੀ ਘਰਾਂ ਨੂੰ ਜ਼ੀਰੋ ਬਿਜਲੀ ਬਿੱਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ ਗਿਆ ਹੈ। ਜੋ ਪੈਸਾ ਰਵਾਇਤੀ ਪਾਰਟੀਆਂ ਦੇ ਭ੍ਰਿਸ਼ਟ ਨੇਤਾਵਾਂ ਦੀਆਂ ਜੇਬਾਂ ਵਿੱਚ ਜਾ ਰਿਹਾ ਸੀ, ਉਹ ਪੰਜਾਬ ਦੇ ਖਜ਼ਾਨੇ ਵਿੱਚ ਜਾ ਰਿਹਾ ਹੈ ਅਤੇ ਸਾਰੇ ਸਰਕਾਰੀ ਵਿਭਾਗਾਂ ਦਾ ਮਾਲੀਆ ਵਧਿਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ 38 ਮੁਹੱਲਾ ਕਲੀਨਿਕ ਚੱਲ ਰਹੇ ਹਨ ਅਤੇ ਜਲਦੀ ਹੀ ਚੋਣਾਂ ਤੋਂ ਬਾਅਦ ਹੋਰ ਵੀ ਖੋਲ੍ਹੇ ਜਾਣਗੇ। ਉਨ੍ਹਾਂ ਜਲੰਧਰ ਵਿੱਚ ਪੀਜੀਆਈ ਚੰਡੀਗੜ੍ਹ ਦੇ ਪੱਧਰ ਦਾ ਇੱਕ ਵੱਡਾ ਹਸਪਤਾਲ ਬਣਾਉਣ ਦਾ ਵਾਅਦਾ ਕੀਤਾ, ਤਾਂ ਜੋ ਲੋਕ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਇਲਾਜ ਕਰਵਾ ਸਕਣ। ਉਨ੍ਹਾਂ ਮਾਨ ਸਰਕਾਰ ਵੱਲੋਂ 28 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਅਤੇ 25 ਹਜ਼ਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਗਲੇ ਚਾਰ ਸਾਲਾਂ ਵਿੱਚ ਨੌਜਵਾਨਾਂ ਨੂੰ ਲੱਖਾਂ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਮਾਫੀਆ ਰਾਜ ਨੂੰ ਨੱਥ ਪਾਈਜਾ ਚੁੱਕੀ ਹੈ ਅਤੇ SC ਸਕਾਲਰਸ਼ਿਪ ਘੁਟਾਲੇ ਲਈ ਜ਼ਿੰਮੇਵਾਰ ਮੰਤਰੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਜਲੰਧਰ ਦੇ ਸਥਾਨਕ ਮਸਲਿਆਂ ਬਾਰੇ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਖਰਾਬ ਹੋਈਆਂ ਸੜਕਾਂ ਖਾਸ ਕਰਕੇ ਦੀਪ ਨਗਰ ਰੋਡ, ਆਦਮਪੁਰ ਮੁੱਖ ਸੜਕ ਅਤੇ ਜਲੰਧਰ ਪੱਛਮੀ ਸਮਾਰਟ ਸਿਟੀ ਰੋਡ ਨੂੰ ਜਲਦੀ ਹੀ ਦੁਬਾਰਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੀਲੇ ਕਾਰਡ ਧਾਰਕਾਂ ਨੂੰ ਪੇਸ਼ ਆ ਰਹੇ ਮਸਲਿਆਂ ਦਾ ਵੀ ਹੱਲ ਕਰੇਗੀ। ਕੇਜਰੀਵਾਲ ਨੇ ਜਲੰਧਰ ਦੇ ਲੋਕਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਪਿਛਲੇ 60 ਸਾਲਾਂ ਤੋਂ ਕਾਂਗਰਸ ਨੂੰ ਵੋਟਾਂ ਪਾਈਆਂ ਹਨ ਪਰ ਬਦਲੇ ‘ਚ ਕਾਂਗਰਸ ਨੇ ਉਨ੍ਹਾਂ ਲਈ ਕੀ ਕੀਤਾ…ਕੁਝ ਨਹੀਂ! ਇਸ ਲਈ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿਓ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਆਪਣਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ‘ਆਪ’ ਨੂੰ ਵੋਟ ਕਰੋ, ਜੇਕਰ ਲੜਾਈ ਚਾਹੀਦੀ ਹੈ ਤਾਂ ਕਾਂਗਰਸ ਅਤੇ ਭਾਜਪਾ ਨੂੰ ਵੋਟ ਦਿਓ।
ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਚੋਣਾਂ ‘ਚ ਸਰਕਾਰ ਬਦਲਣ ਜਾਂ ਬਣਾਉਣ ਦੀ ਨਹੀਂ ਸਗੋਂ ‘ਆਪ’ ਨੂੰ ਵੋਟ ਪਾਉਣ ਦਾ ਮਤਲਬ ਇਤਿਹਾਸ ਰਚਣਾ ਹੋਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਪੰਜਾਬ ਵਿੱਚ 92 ਵਿਧਾਇਕ ਚੁਣੇ ਹਨ, ਦਿੱਲੀ ਦੇ ਲੋਕਾਂ ਨੇ ‘ਆਪ’ ਦੇ 63 ਵਿਧਾਇਕ ਚੁਣੇ ਹਨ, ਸਾਡੇ ਕੋਲ 10 ਰਾਜ ਸਭਾ ਮੈਂਬਰ ਹਨ ਪਰ ਹੁਣ ਜਲੰਧਰ ਕੋਲ ਆਪਣਾ ਲੋਕ ਸਭਾ ਮੈਂਬਰ ਚੁਣਨ ਦਾ ਵੀ ਮੌਕਾ ਹੈ । ਉਨ੍ਹਾਂ ਕਿਹਾ, ਮੈਂ 2014-22 ਤੱਕ ਲੋਕਾਂ ਦੇ ਮੁੱਦੇ ਸੰਸਦ ਵਿੱਚ ਉਠਾਏ, ਫਿਰ ਤੁਸੀਂ ਮੈਨੂੰ ਆਪਣਾ ਮੁੱਖ ਮੰਤਰੀ ਚੁਣਿਆ। ਹੁਣ ਤੁਸੀਂ ਸਿਰਫ਼ ‘ਆਪ’ ਉਮੀਦਵਾਰ ਨੂੰ ਵੋਟ ਪਾਉਣੀ ਹੈ, ਮੈਂ ਸੁਸ਼ੀਲ ਰਿੰਕੂ ਨੂੰ ਸਿਖਾਵਾਂਗਾ ਕਿ ਲੋਕਾਂ ਦੇ ਮੁੱਦੇ ਕਿਵੇਂ ਉਠਾਉਣੇ ਹਨ ਅਤੇ ਪੰਜਾਬ ਦੇ ਕੰਮ ਉੱਥੇ ਕਿਵੇਂ ਕਰਵਾਉਣੇ ਹਨ।
ਮਾਨ ਨੇ ਕਿਹਾ ਕਿ ਪੰਜਾਬ ਵਿੱਚ ਇਮਾਨਦਾਰ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪ੍ਰਵਾਸੀ ਭਾਰਤੀਆਂ ਨੂੰ ‘ਆਪ’ ਸਰਕਾਰ ‘ਤੇ ਭਰੋਸਾ ਬੱਝਿਆ ਹੈ ਅਤੇ ਉਹ ਸੂਬੇ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਭ੍ਰਿਸ਼ਟ ਨੇਤਾਵਾਂ ਅਤੇ ਅਫਸਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਨ ਨੇ ‘ਆਪ’ ਸਰਕਾਰ ਦੀ ਪਿਛਲੇ ਇੱਕ ਸਾਲ ਦੀ ਕਾਰਗੁਜਾਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਬਿਜਲੀ ਮੁਫਤ ਕੀਤੀ, ਪੰਜਾਬ ਦੇ ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ, ਕਿਸਾਨਾਂ ਅਤੇ ਉਦਯੋਗ ਖੇਤਰ ਨੂੰ ਨਿਰਵਿਘਨ ਬਿਜਲੀ ਮਿਲੀ, ਸਬਸਿਡੀ ਦੇ PSPCL ਨੂੰ 20,200 ਕਰੋੜ ਅਦਾ ਕੀਤੇ ਜਾ ਚੁੱਕੇ ਹਨ, ਸਕੂਲਾਂ, ਹਸਪਤਾਲਾਂ ਦੀ ਹਾਲਤ ਸੁਧਾਰੀ, ਮੁਹੱਲਾ ਕਲੀਨਿਕ ਖੋਲ੍ਹੇ, ਰੇਤ ਮਾਫੀਆ ਖਤਮ ਕੀਤਾ ਅਤੇ ਨਾਲ ਹੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵੀ ਅਸੀਂ ਦੇ ਰਹੇ ਹਾਂ।
ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ ਮਾਨ ਨੇ ਕਿਹਾ ਕਿ ਇਨ੍ਹਾਂ ਨੇ ਕਰਦਾਤਾਵਾਂ ਦਾ ਪੈਸਾ ਗੈਂਗਸਟਰਾਂ ‘ਤੇ ਬਰਬਾਦ ਕੀਤਾ। ਯੂਪੀ ਦੇ ਇੱਕ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਰੋਪੜ ਦੀ ਜੇਲ੍ਹ ਵਿੱਚ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਸੀ ਅਤੇ ਉਸ ਵੇਲੇ ਦੀ ਕਾਂਗਰਸ ਸਰਕਾਰ ਵੱਲੋਂ ਅਦਾਲਤਾਂ ਵਿੱਚ ਉਸ ਦਾ ਬਚਾਅ ਕਰਨ ਲਈ ਮਹਿੰਗੇ ਵਕੀਲ ਰੱਖੇ ਗਏ ਸਨ। ਇਸ ਸਭ ‘ਤੇ ਪੰਜਾਬ ਦੇ ਲੋਕਾਂ ‘ਤੇ 55 ਲੱਖ ਰੁਪਏ ਦਾ ਖਰਚ ਆਇਆ ਅਤੇ ਹੁਣ ਅਸੀਂ ਇਸ ਸਾਰੇ ਪੈਸੇ ਨੂੰ ਮਨਜ਼ੂਰੀ ਦੇਣ ਵਾਲੇ ਮੰਤਰੀ ਤੋਂ ਵਸੂਲੀ ਕਰਨ ਦੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਵਿਧਾਨ ਸਭਾ ਸਦਨ ਵਿੱਚ ਕਾਂਗਰਸ ਦੀ ਫੁੱਟ ‘ਤੇ ਵੀ ਵਿਅੰਗ ਕੱਸਦਿਆਂ ਕਿਹਾ ਕਿ ਜਦੋਂ ਕਾਂਗਰਸੀ ਇਕੱਠੇ ਬੈਠਦੇ ਹਨ ਅਤੇ ਕੋਈ ਵੀ ਉਨ੍ਹਾਂ ਵਿਚਕਾਰੋਂ ਬਾਹਰ ਨਹੀਂ ਨਿਕਲਦ ਸਕਦਾ, ਅਤੇ ਇਹ ਤਾਂ ਪੰਜਾਬ ਵਿੱਚ ਵੱਡੀ ਖ਼ਬਰ ਬਣ ਸਕਦੀ ਹੈ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਬਾਰੇ ਮਾਨ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਹਨ।
ਮਾਨ ਨੇ ਕਿਹਾ ਕਿ ਇਹ ਜਿੱਤ ਸੂਬੇ ਦੀ ‘ਆਪ’ ਸਰਕਾਰ ਨੂੰ ਉਤਸ਼ਾਹਿਤ ਕਰੇਗੀ ਅਤੇ ਅਸੀਂ ਪੰਜਾਬ ਨੂੰ ਮੁੜ ‘ਰੰਗਲਾ’ ਬਣਾਉਣ ਲਈ ਹੋਰ ਮਿਹਨਤ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਜਿੱਤ ਸਾਰੇ ਵਿਰੋਧੀਆਂ ਨੂੰ ਇਹ ਵੀ ਸਾਬਤ ਕਰੇਗੀ ਕਿ ਪੰਜਾਬ ਦੇ ਲੋਕ ‘ਆਪ’ ਨੂੰ ਪ੍ਰਵਾਨ ਕਰਦੇ ਹਨ ਅਤੇ ਉਹ ਸਾਨੂੰ ਪਸੰਦ ਕਰਦੇ ਹਨ। ਮਾਨ ਨੇ ਕਿਹਾ ਕਿ ਉਹ ਜਲੰਧਰ ਦੇ ਕੂੜੇ ਦੇ ਪਹਾੜ, ਆਦਮਪੁਰ ਏਅਰਪੋਰਟ, ਟੁੱਟੀਆਂ ਸੜਕਾਂ ਆਦਿ ਤੋਂ ਜਾਣੂ ਹਨ ਅਤੇ ਜਲਦੀ ਹੀ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ। ਉਨ੍ਹਾਂ ਜਲੰਧਰ ਦੇ ਲੋਕਾਂ ਨੂੰ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਿਧਾਇਕ ਕਰਤਾਰਪੁਰ ਬਲਕਾਰ ਸਿੰਘ, ਵਿਧਾਇਕ ਜਲੰਧਰ ਪੱਛਮੀ ਸ਼ੀਤਲ ਅੰਗੁਰਾਲ, ਵਿਧਾਇਕਾ ਨਕੋਦਰ ਇੰਦਰਜੀਤ ਕੌਰ ਮਾਨ, ਵਿਧਾਇਕ ਰਮਨ ਅਰੋੜਾ, ਰਾਜਵਿੰਦਰ ਕੌਰ ਥਿਆੜਾ, ਮਹਿੰਦਰ ਭਗਤ, ਡਾ. ਦਿਨੇਸ਼ ਢੱਲ, ਪ੍ਰੇਮ ਕੁਮਾਰ, ਰਤਨ ਸਿੰਘ, ਜੀਤ ਲਾਲ ਭੱਟੀ, ਸੁਰਿੰਦਰ ਸਿੰਘ ਸੋਢੀ ਅਤੇ ਜਗਬੀਰ ਬਰਾੜ ਵੀ ਹਾਜ਼ਰ ਸਨ।
                ਇਸ ਮੌਕੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਪੰਜਾਬ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰਜੀਤ ਕੌਰ, ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਪੰਜਾਬ ਦੇ ਜਨਰਲ ਸਕੱਤਰ ਮਨਜੀਤ ਸਿੰਘ ਦਸੂਹਾ, ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਪੰਜਾਬ ਦੇ ਸੂਬਾਈ ਕੈਸ਼ੀਅਰ ਗੁਰਚਰਨ ਸਿੰਘ ਚੰਨੀ, ਹੁਸ਼ਿਆਰਪੁਰ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਜ਼ਿਲ੍ਹਾ ਪ੍ਰਧਾਨ ਸਤਵਿੰਦਰ ਪਾਲ ਸਿੰਘ ਡਟ, ਉੱਜਲ ਸਿੰਘ, ਅਰਜੁਨ ਸਿੰਘ ਸ਼ੇਰਗਿੱਲ ਆਦਿ ਹਾਜ਼ਰ ਸਨ।