ਐਪਲ ਦੇ ਸੀਈਓ ਟਿਮ ਕੁਕ ਨੇ ਕਿਹਾ ਹੈ ਕਿ ਭਾਰਤ ਅਦਭੁੱਤ ਤਰੀਕੇ ਨਾਲ ਰੋਮਾਂਚਕ ਬਾਜ਼ਾਰ ਹੈ ਤੇ ਕੰਪਨੀ ਇਸ ’ਤੇ ਧਿਆਨ ਦੇ ਰਹੀ ਹੈ। ਆਈਫੋਨ ਬਣਾਉਣ ਵਾਲੀ ਕੰਪਨੀ ਦੇ ਮੁਖੀ ਨੇ ਇਹ ਵੀ ਦੱਸਿਆ ਕਿ ਭਾਰਤ ’ਚ ਉਸਦੇ ਕਾਰੋਬਾਰ ਨੇ ਇਕ ਨਵਾਂ ਤਿਮਾਹੀ ਰਿਕਾਰਡ ਬਣਾਇਆ ਹੈ ਤੇ ਸਾਲਾਨਾ ਆਧਾਰ ’ਤੇ ਬੇਹੱਦ ਮਜ਼ਬੂਤ ਦੋ ਅੰਕਾਂ ਦਾ ਵਾਧਾ ਹੋਇਆ ਹੈ। ਕੰਪਨੀ ਨੇ ਪਿਛਲੇ ਮਹੀਨੇ ਮੁੰਬਈ ਤੇ ਦਿੱਲੀ ’ਚ ਪ੍ਰਚੂਨ ਸਟੋਰ ਖੋਲ੍ਹੇ ਹਨ। ਇਨ੍ਹਾਂ ਸਟੋਰਾਂ ਦਾ ਉਦਘਾਟਨ ਕਰਨ ਲਈ ਖੁਦ ਕੁਕ ਭਾਰਤ ਆਏ ਸਨ। ਕੁਕ ਨੇ ਤਿਮਾਹੀ ਨਤੀਜਿਆਂ ਦੇ ਐਲਾਨ ਦੌਰਾਨ ਕਿਹਾ ਕਿ ਦੋਵੇਂ ਸਟੋਰ ਇਕ ਸ਼ਾਨਦਾਰ ਸ਼ੁਰੂਆਤ ਲਈ ਤਿਆਰ ਹਨ। ਉਨ੍ਹਾਂ ਨੇ ਭਾਰਤੀ ਬਾਜ਼ਾਰ ’ਚ ਗਤੀਸ਼ੀਲਤਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸਦੀ ਜੀਵਤਤਾ ਅਦਭੁੱਤ ਹੈ। ਉਨ੍ਹਾਂ ਕਿਹਾ, ‘ਇਸ ’ਤੇ ਸਾਡਾ ਕਾਫੀ ਧਿਆਨ ਹੈ। ਮੈਂ ਕੁਝ ਦਿਨ ਪਹਿਲਾਂ ਉਥੇ ਸੀ। ਆਉਣ ਵਾਲੇ ਸਮੇਂ ’ਚ ਅਸੀਂ ਹੋਰ ਵੱਧ ਗਾਹਕਾਂ ਦੀ ਸੇਵਾ ਲਈ ਉਥੇ ਆਪਣੇ ਸੰਚਾਲਨ ਦਾ ਵਿਸਥਾਰ ਕਰਾਂਗੇ। ਕੁਕ ਨੇ ਕਿਹਾ ਕਿ ਐਪਲ ਦੇ ਭਾਰਤ ’ਚ ਕਈ ਭਾਈਵਾਲ ਹਨ ਤੇ ਉਹ ਕਾਰੋਬਾਰ ਦੀ ਤਰੱਕੀ ਨਾਲ ਕਾਫੀ ਖੁਸ਼ ਹਨ। ਉਨ੍ਹਾਂ ਕਿਹਾ, ‘ਕੁੱਲ ਮਿਲਾ ਕੇ ਮੈਂ ਉਥੇ ਬਰਾਂਡ ਲਈ ਜੋ ਉਤਸ਼ਾਹ ਦੇਖ ਰਿਹਾ ਹਾਂ, ਉਸ ਤੋਂ ਵੱਧ ਖੁਸ਼ੀ ਨਹੀਂ ਹੋ ਸਕਦੀ। ਮੱਧਮ ਵਰਗ ਦਾ ਆਕਾਰ ਵੱਧ ਰਿਹਾ ਹੈ ਤੇ ਮੈਨੂੰ ਅਸਲ ’ਚ ਲਗਦਾ ਹੈ ਕਿ ਭਾਰਤ ਇਕ ਅਹਿਮ ਮੋੜ ’ਤੇ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਅਸੀਂ ਉਥੇ ਹਾਜ਼ਰ ਹਾਂ। ਕੁਕ ਆਪਣੀ ਹਾਲ ਹੀ ਦੀ ਭਾਰਤ ਯਾਤਰਾ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੀ ਇਲੈਕਟ੍ਰਾਨਿਕਸ ਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਸੀ।
ਐਪਲ ਨੇ ਜਨਵਰੀ-ਮਾਰਚ ਤਿਮਾਹੀ ਦੌਰਾਨ 94.84 ਅਰਬ ਡਾਲਰ ਦਾ ਮਾਲੀਆ ਕਮਾਇਆ ਸੀ। ਇਕੱਲੇ ਕੰਪਨੀ ਨੇ 5.3 ਅਰਬ ਦੇ ਆਈਫੋਨ ਵੇਚੇ ਹਨ। ਆਈਫੋਨ ਸਰਵਿਸਿਜ਼ ਨਾਲ ਕੰਪਨੀ ਨੇ 20.9 ਅਰਬ ਡਾਲਰ ਦਾ ਮਾਲੀਆ ਕਮਾਇਆ। ਆਈਪੈਡ ਮਾਲੀਆ 6.67 ਅਰਬ ਡਾਲਰ, ਮੈਕ ਮਾਲੀਆ 7.17 ਅਰਬ ਡਾਲਰ ਤੇ ਦੂਜੇ ਉਤਪਾਦਾਂ ਦੀ ਵਿਕਰੀ ਨਾਲ 8.76 ਅਰਬ ਡਾਲਰ ਦਾ ਮਾਲੀਆ ਇਕੱਠਾ ਕੀਤਾ ਹੈ।